22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬਾਲ ਕਹਾਣੀ ਘੋਗੜ ਕਾਂ ਨੂੰ ਸਬਕ

ਬਾਲ ਕਹਾਣੀ ਘੋਗੜ ਕਾਂ ਨੂੰ ਸਬਕ

ਅਜੀਤ ਡੈਸਕ 22-08-2026
 
 
ਸਿਆਲ ਦੀ ਰੁੱਤ ਹੋਣ ਕਾਰਨ ਦਿਨ ਕਾਫੀ ਛੋਟੇ ਸਨ |   ਧੁੰਦ ਆਪਣੇ ਪੂਰੇ ਜ਼ੋਰਾਂ 'ਤੇ ਸੀ |  ਬਹੁਤੇ ਪੰਛੀ ਠੰਢ ਦੇ ਮਾਰੇ,  ਦੂਰ ਤੱਕ ਉਡਾਰੀ ਨਾ ਭਰਦੇ |  ਦਿਨ ਚੜ੍ਹੇ ਜਦੋਂ ਥੋੜ੍ਹਾ ਚਾਨਣ ਹੋ ਜਾਂਦਾ ਤਾਂ ਉਹ ਇਕ ਆਸ ਲੈ ਲਾਗੇ ਦੇ ਘਰਾਂ ਦੇ ਬਨੇਰਿਆਂ ਉੱਤੇ ਜਾ ਬੈਠਦੇ |  ਇਹਨਾਂ ਆਸ ਭਰੇ ਬਨੇਰਿਆਂ ਵਿਚੋਂ ਇਕ ਬਨੇਰਾ ਸੰਤੀ ਦੀ ਬੈਠਕ ਦਾ ਸੀ |  ਹਰ ਰੋਜ਼ ਸੰਤੀ,  ਬਿਨਾਂ ਨਾਗਾ,  ਦੋ ਕਟੋਰੇ ਚੋਗੇ ਦੇ ਭਰ ਆਪਣੀ ਬੈਠਕ ਦੀ ਛੱਤ ਉੱਤੇ ਧਰ ਜਾਂਦੀ |  ਇਹਨਾਂ ਦੋਵਾਂ ਕਟੋਰਿਆਂ ਵਿਚੋਂ ਇਕ ਕਟੋਰਾ ਵੱਡਾ ਸੀ ਤੇ ਦੂਜਾ ਛੋਟਾ |  ਵੱਡਾ ਕਟੋਰਾ ਵੱਡੇ ਪੰਛੀਆਂ ਲਈ ਸੀ ਤੇ ਛੋਟਾ,  ਚਿੜੀਆਂ ਜਿਹੇ ਛੋਟੇ ਪੰਛੀਆਂ ਲਈ |  ਹਰ ਰੋਜ਼ ਪੰਛੀ ਇਸੇ ਤਰਤੀਬ ਵਿਚ ਆਪੋ-ਆਪਣੀ ਚੋਗ ਚੁਗਦੇ ਸਨ | 
ਪਿਛਲੇ ਕੁਝ ਦਿਨਾਂ ਤੋਂ ਇਕ ਵੱਡਾ ਘੋਗੜ ਕਾਂ ਵੀ ਇਸ ਪਾਸੇ ਆਉਣ ਲੱਗਾ ਸੀ |  ਆਪਣੇ ਵੱਡੇ ਆਕਾਰ ਅਤੇ ਸ਼ਾਹ ਕਾਲੇ ਰੰਗ ਦਾ ਮਾਣ ਕਰਦਾ ਉਹ ਦੂਜੇ ਪੰਛੀਆਂ ਉੱਤੇ ਰੋਅਬ ਪਾਈ ਰੱਖਦਾ |  ਅੱਜ ਸਵੇਰੇ ਵੀ ਜਦੋਂ ਸੰਤੀ ਦੋਵੇਂ ਕਟੋਰੇ ਛੱਤ ਉੱਤੇ ਧਰ ਕੇ ਗਈ ਤਾਂ ਇਹ ਘੋਗੜ ਕਾਂ ਸਭ ਤੋਂ ਅੱਗੇ ਹੋ ਵੱਡੇ ਕਟੋਰੇ ਕੋਲ ਜਾ ਬੈਠਿਆ |  ਤੇਜ਼ੀ ਨਾਲ ਰੋਟੀ ਦੇ ਟੁਕੜੇ ਨਿਗਲ ਕੇ ਉਸ ਨੇ ਆਪਣੀ ਭੁੱਖ ਮਿਟਾਈ ਤੇ ਚੁੰਝ ਸੰਵਾਰਦਾ ਮੁੜ ਬਨੇਰੇ 'ਤੇ ਜਾ ਬੈਠਾ |  ਰੱਬ ਦਾ ਸ਼ੁਕਰ ਮਨਾਉਂਦੇ ਬਾਕੀ ਪੰਛੀ ਵੀ ਆਪੋ ਆਪਣੀ ਪੇਟ-ਪੂਜਾ ਕਰਨ ਲੱਗੇ | 
ਚਾਰ ਪੰਜ ਚਿੜੀਆਂ ਹਾਲੇ ਨਿੱਕੇ ਕਟੋਰੇ ਕੋਲ ਆ ਕੇ ਬੈਠੀਆਂ ਹੀ ਸਨ ਕਿ ਘੋਗੜ ਕਾਂ ਉਹਨਾਂ ਵੱਲ ਹੰਕਾਰ ਭਰੀਆਂ ਨਜ਼ਰਾਂ ਨਾਲ ਵੇਖਦਾ,  ਮਨੋ ਮਨੀ ਸੋਚਣ ਲੱਗਾ, 
'ਲੈ! ਆਹ ਪਿੱਦੀਆਂ ਜਿਹੀਆਂ ਵੀ ਆ ਗਈਆਂ |  ਕਿਤੇ ਸੰਤੀ ਇਹਨਾਂ ਨੂੰ ਕੋਈ ਵਧੀਆ ਚੀਜ਼ ਤਾਂ ਨਹੀਂ ਪਾ ਗਈ?'
 ਇਹ ਸੋਚ ਘੋਗੜ ਕਾਂ ਨੇ ਮਨ 'ਚ ਇਕ ਸ਼ਰਾਰਤ ਸੋਚੀ ਤੇ ਖੰਭ ਖਿਲਾਰਦਾ ਛੋਟੇ ਕਟੋਰੇ ਉੱਤੇ ਆਣ ਬੈਠਿਆ |  ਡਰ ਦੀਆਂ ਮਾਰੀਆਂ ਚਿੜੀਆਂ ਪਿਛਾਂਹ ਹਟ ਗਈਆਂ |  ਘੋਗੜ ਕਾਂ ਨੇ ਕਟੋਰੇ ਦੇ ਇਕ ਪਾਸੇ ਬੈਠ ਜਿਉਂ ਹੀ ਆਪਣਾ ਸਾਰਾ ਭਾਰ ਉਸ ਪਾਸੇ ਪਾਇਆ ਤਾਂ ਕਟੋਰਾ ਉਲਟ ਗਿਆ |  ਕਟੋਰੇ ਨੂੰ ਥਾਂਏਾ ਮੂਧਾ ਕਰ,  ਘੋਗੜ ਕਾਂ ਮਨੋ ਮਨੀ ਹੱਸਦਾ ਮੁੜ ਬਨੇਰੇ 'ਤੇ ਬੈਠ ਚਿੜੀਆਂ ਨੂੰ ਆਖਣ ਲੱਗਾ, 
'ਲਓ! ਖਾ ਲਓ ਹੁਣ,  ਸੰਤੀ ਦਾ ਤੋਸਾ | '
 ਚਿੜੀਆਂ ਆਪਣਾ ਚੋਗਾ ਕਟੋਰੇ ਹੇਠ ਦੱਬਿਆ ਵੇਖ ਉਦਾਸ ਹੋਣ ਲੱਗੀਆਂ |  ਬਾਕੀ ਚਿੜੀਆਂ ਤਾਂ ਚੁੱਪ ਰਹੀਆਂ ਪਰ ਇਕ ਹਿੰਮਤੀ ਚਿੜੀ ਤੋਂ ਰਿਹਾ ਨਾ ਗਿਆ |  ਹੌਸਲਾ ਕਰ ਉਹ ਕਾਂ ਨੂੰ ਆਖਣ ਲੱਗੀ,  'ਵੀਰਾ! ਜੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਤਾਂ ਬੁਰਾ ਕਿਉਂ ਸੋਚਦਾਂ? ਯਾਦ ਰੱਖੀਂ,  ਜਿਹੜਾ ਕਿਸੇ ਦਾ ਬੁਰਾ ਤੱਕਦਾ,  ਭਲਾ ਉਸ ਦਾ ਵੀ ਨਹੀਂ ਹੁੰਦਾ | ' ਚਿੜੀ ਦੇ ਇਹ ਕਹਿਣ ਦੀ ਦੇਰ ਸੀ ਕਿ ਕਾਂ ਗੁੱਸੇ ਨਾਲ ਭਰ ਉੱਠਿਆ,  'ਠਹਿਰ ਜ਼ਰਾ! ਦੱਸਦਾਂ ਤੈਨੂੰ ਹੁਣੇ, ਵੱਡੀ ਮੱਤਾਂ ਦੇਣ ਵਾਲੀ ਨੂੰ | ' ਇਹ ਆਖ ਘੋਗੜ ਕਾਂ ਉਸ ਚਿੜੀ ਵੱਲ ਝਪਟਿਆ |  ਉਸ ਦੇ ਨੇੜੇ ਪੁੱਜਣ ਤੋਂ ਪਹਿਲਾਂ ਹੀ ਉਹ ਚਿੜੀ ਫੁਰਤੀ ਵਰਤ ਕੇ ਬੈਠਕ ਦੇ ਪਿਛਵਾੜੇ ਖੜ੍ਹੀ ਬੇਰੀ ਦੇ ਪੱਤਿਆਂ 'ਚ ਜਾ ਲੁਕੀ |  ਗੁੱਸੇ 'ਚ ਅੰਨ੍ਹਾ ਹੋਇਆ ਕਾਂ,  ਉਸੇ ਤੇਜ਼ੀ ਨਾਲ ਬੇਰੀ ਦੇ ਪੱਤਿਆਂ ਅੰਦਰ ਘੁਸੜਨ ਲੱਗਾ ਤਾਂ ਬੇਰੀ ਦੇ ਤਿੱਖੇ ਕੰਡਿਆਂ ਵਿਚ ਜਾ ਫਸਿਆ |  ਜਿਉਂ-ਜਿਉਂ ਕਾਂ ਜ਼ੋਰ ਲਗਾਉਂਦਾ ਤਿਉਂ ਤਿਉਂ ਉਸ ਦੇ ਖੰਭ ਕੰਡਿਆਂ ਅੰਦਰ ਹੋਰ ਫਸਦੇ ਜਾ ਰਹੇ ਸਨ |  ਕੁਝ ਦੇਰ ਬਾਅਦ ਜਦੋਂ ਉਹ ਹਫ ਗਿਆ ਤਾਂ ਉਸ ਦੀ ਬੁਰੀ ਹਾਲਤ ਵੇਖ ਹਿੰਮਤੀ ਚਿੜੀ ਨੂੰ ਉਸ ਉਪਰ ਤਰਸ ਆਉਣ ਲੱਗਾ |  ਉਸ ਦੇ ਨੇੜੇ ਆ,  ਚਿੜੀ ਨੇ ਹਮਦਰਦੀ ਭਰੀ ਆਵਾਜ਼ 'ਚ ਉਸ ਨੂੰ ਸਮਝਾਇਆ,  'ਵੀਰਾ! ਜੇ ਇੰਜ ਹੀ ਅੰਨ੍ਹਾ ਜ਼ੋਰ  ਲਗਾਉਂਦਾ ਰਿਹਾ ਤਾਂ ਇਹ ਕੰਡੇ ਤੇਰਾ ਪਿੱਛਾ ਨਹੀਂ ਛੱਡਣਗੇ |  ਥੋੜ੍ਹਾ ਸਾਹ ਲੈ ਤੇ ਸੰਜਮ ਨਾਲ ਆਪਣਾ ਇਕ ਇਕ ਕਰਕੇ ਖੰਭ ਕੱਢਣ ਦੀ ਕੋਸ਼ਿਸ਼ ਕਰ | '
 ਚਿੜੀ ਤੋਂ ਇਹ ਸੁਣ ਘੋਗੜ ਕਾਂ ਨੇ ਇੰਜ ਹੀ ਕੀਤਾ |  ਹੁਣ ਉਹ ਕੰਡਿਆਂ ਦੀ ਗਿ੍ਫਤ ਤੋਂ ਬਾਹਰ ਸੀ |  ਚਿੜੀ ਦਾ ਧੰਨਵਾਦ ਕਰਦਿਆਂ ਉਹ ਉਸ ਤੋਂ ਮੁਆਫੀ ਮੰਗਣ ਲੱਗਾ,  'ਭੈਣੇ! ਮੈਨੂੰ ਮਾਫ਼ ਕਰਦੇ |  ਕਿਸੇ ਦਾ ਬੁਰਾ ਤੱਕਣ ਦਾ ਕੀ ਨਤੀਜਾ ਹੁੰਦਾ ਹੈ ਇਹ ਮੈਂ ਭਲੀ ਭਾਂਤ ਜਾਣ ਗਿਆ ਹਾਂ |'
  ਹਿੰਮਤੀ ਚਿੜੀ ਕੋਲੋਂ ਇਹ ਨਿੱਕਾ ਜਿਹਾ ਸਬਕ ਸਿੱਖ,  ਹੁਣ ਘੋਗੜ ਕਾਂ ਵੀ ਬਾਕੀ ਪੰਛੀਆਂ ਨਾਲ ਰਲ ਮਿਲ ਕੇ ਰਹਿਣ ਲੱਗਾ ਸੀ | 
-ਬਗੀਚੀ ਮੁਹੱਲਾ ,  ਮਾਹਿਲਪੁਰ,  
ਜ਼ਿਲ੍ਹਾ ਹੁਸ਼ਿਆਰਪੁਰ |  
ਮੋਬਾਈਲ : 98550-24495
ਪਿਛਲੀ ਖ਼ਬਰ ਚੰਡੀਗੜ੍ਹ ਦੇ ਖਿਡਾਰੀ ਲਕਸ਼ਯ ਨੇ ਉੱਤਰੀ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਦੀ ਕੀਤੀ ਨੁਮਾਇੰਦਗੀ ਅਗਲੀ ਖ਼ਬਰ ਵਾਰ–ਵਾਰ ਡਿੱਗ ਕੇ ਉੱਠਣ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।