22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬਾਲ ਕਹਾਣੀ ਰਵੀਨ ਦੀ ਰੱਖੜੀ

ਬਾਲ ਕਹਾਣੀ ਰਵੀਨ ਦੀ ਰੱਖੜੀ

ਅਜੀਤ ਡੈਸਕ 22-08-2026

 

ਮੈਂ ਹਾਂ ਰਵੀਨ | ਛੇਵੀਂ ਕਲਾਸ ਵਿਚ ਪੜ੍ਹਦੀ ਹਾਂ | ਦੋ ਦਿਨ ਬਾਅਦ ਰੱਖੜੀ ਦਾ ਤਿਉਹਾਰ ਹੈ | ਪਰ ਮੈਂ ਉਦਾਸ ਹਾਂ | ਇਸ ਲਈ ਨਹੀਂ ਕਿ ਮੇਰਾ ਕੋਈ ਭਰਾ ਨਹੀਂ ਹੈ | ਮੇਰੀ ਇਕ ਭੈਣ ਹੈ | ਉਹ ਬਹੁਤ ਅੱਛੀ ਹੈ | ਅੱਛਾਈ ਵਿਚ ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ |
ਪਰ ਫਿਰ ਵੀ ਮੈਂ ਉਦਾਸ ਹਾਂ | ਮੇਰੇ ਮੰਮੀ ਮੇਰੀ ਉਦਾਸੀ ਦਾ ਕਾਰਨ ਪੁੱਛਦੇ ਹਨ-ਕੀ ਗੱਲ ਰਵੀਨ ! ਬੇਟਾ ਤੂੰ ਉਦਾਸ ਕਿਉਂ ਹੈਂ ? ਮੈਂ ਹੌਲੀ-ਹੌਲੀ ਜਵਾਬ ਦਿੰਦੀ ਹਾਂ-ਮੰਮੀ ! ਉਹ ਡੌਲੀ ਹੈ ਨਾ... ਰੱਖੜੀ ਵਾਲੇ ਦਿਨ ਮੇਰੇ ਕੋਲ ਆ ਕੇ ਬੜੇ ਸ਼ਰਾਰਤ ਭਰੇ ਲਹਿਜ਼ੇ ਨਾਲ ਮੈਨੂੰ ਪੁੱਛਦੀ ਹੈ-ਰਵੀਨ ਨੇ ਰੱਖੜੀ ਕਿਸ ਨੂੰ  ਬੰਨ੍ਹੀ ? ਦੋ ਸਾਲ ਤੋਂ ਡੌਲੀ ਐਦਾਂ ਹੀ ਕਰ ਰਹੀ ਹੈ |
ਲੈ ... ਇਹ ਗੱਲ ਹੈ ... ਤੂੰ ਕਿਹਾ ਕਰ-ਮੈਂ ਆਪਣੇ ਪਾਪਾ ਦੇ ਰੱਖੜੀ ਬੰਨ੍ਹਦੀ ਹਾਂ |
ਮੰਮੀ ਨੇ ਮੇਰੀ ਮੁਸ਼ਕਿਲ ਦਾ ਹੱਲ ਫਟਾ-ਫਟ ਦੱਸ ਦਿੱਤਾ | ਮੈਨੂੰ ਆਪਣੇ ਮੰਮੀ ਦਾ ਦਲੇਰੀ ਵਾਲਾ ਅੰਦਾਜ਼ ਬਹੁਤ ਅੱਛਾ ਲੱਗਿਆ |
ਮੈਂ ਰੱਖੜੀ ਵਾਲੇ ਦਿਨ ਡੌਲੀ ਨੂੰ  ਇਸੇ ਅੰਦਾਜ਼ ਵਿਚ ਜਵਾਬ ਦੇਵਾਂਗੀ-ਮੈਂ ਮਨ ਹੀ ਮਨ ਵਿਚ ਸੋਚ ਲਿਆ |
ਅੱਜ ਰੱਖੜੀ ਹੈ | ਸਾਰੇ ਬੱਚੇ ਬਹੁਤ ਖ਼ੁਸ਼ ਹਨ | ਅੱਜ ਸਕੂਲ ਲੇਟ ਲੱਗਿਆ ਹੈ | ਪੀਰੀਅਡ ਸ਼ੁਰੂ ਹੋਣ ਵਿਚ ਅਜੇ ਵਕਤ ਹੈ | ਮੈਂ ਆਪਣੀ ਕਲਾਸ ਦੇ ਬਾਹਰ ਖੜ੍ਹੀ ਹਾਂ |
ਅੱਜ ਜੇ ਡੌਲੀ ਸਕੂਲ ਨਾ ਆਈ... ਛੁੱਟੀ ਲੈ ਕੇ ਘਰ ਬੈਠ ਗਈ ਤਾਂ.... ਜੇ ਆ ਕੇ ਵੀ ਉਸ ਨੇ ਮੈਨੂੰ ਇਹ ਸਵਾਲ ਨਾ ਪੁੱਛਿਆ ਤਾਂ.... ਮੇਰਾ ਜਵਾਬ.... ਹਾਏ ਮੇਰਾ ਜਵਾਬ .... ਮੈਂ ਕਿੱਦਾਂ ਦੇਵਾਂਗੀ ? ਮੈਂ ਜਵਾਬ ਦੇਣ ਲਈ ਬਹੁਤ ਬੇਤਾਬ ਸੀ |
ਮੇਰੇ ਮਨ ਨੇ ਇਕਦਮ ਕਿਹਾ-ਆਏਗੀ.... ਜ਼ਰੂਰ ਆਏਗੀ... ਤੇਰੇ ਤੋਂ ਇਹ ਸਵਾਲ ਵੀ ਜ਼ਰੂਰ ਪੁੱਛੇਗੀ | ਉਸ ਦੀ ਇਹ ਫ਼ਿਤਰਤ ਹੈ | ਉਸ ਨੂੰ  ਐਦਾਂ ਕਰਕੇ ਮਜ਼ਾ ਬਹੁਤ ਆਉਂਦਾ ਹੈ |
ਐਨੇ ਨੂੰ  ਡੌਲੀ ਫੁਦਕਦੀ ਹੋਈ ਆਉਂਦੀ ਮੈਨੂੰ ਦੂਰੋਂ ਦਿਖਾਈ ਦਿੱਤੀ | ਮੈਂ ਜਾਣ-ਬੁੱਝ ਕੇ ਲਾਅਨ ਵੱਲ ਨੂੰ  ਦੇਖਣ ਲੱਗੀ ਜਿਵੇਂ ਮੈਂ ਉਸ ਨੂੰ  ਦੇਖਿਆ ਹੀ ਨਾ ਹੋਵੇ |
ਹੈਲੋ ਰਵੀਨ.... ਹੈਲੋ....ਬੜੇ ਮਿੱਠੇ ਅੰਦਾਜ਼ ਵਿਚ ਡੌਲੀ ਦੂਰੋਂ ਬੋਲਦੀ ਹੋਈ ਆਉਂਦੀ ਹੈ | ਉਹ ਅਕਸਰ ਐਦਾਂ ਹੀ ਕਰਦੀ ਹੁੰਦੀ ਹੈ | ਦੂਸਰੇ ਨੂੰ  ਤੰਗ ਕਰਨ ਵਿਚ ਬਹੁਤ ਨਿਪੁੰਨ ਹੈ |
ਹੈਲੋ ਡੌਲੀ-ਮੈਂ ਵੀ ਬੜੇ ਸਾਊ ਅੰਦਾਜ਼ ਵਿਚ ਡੌਲੀ ਨੂੰ  ਜਵਾਬ ਦਿੱਤਾ |
ਡੌਲੀ ਹੁਣ ਬੜੇ ਚਟਪਟੇ ਲਹਿਜ਼ੇ ਵਿਚ ਮੇਰੇ ਕੋਲ ਨੂੰ  ਹੋ ਕੇ ਬੋਲੀ-ਰਵੀਨ ਨੇ ਰੱਖੜੀ ਕਿਸ ਨੂੰ  ਬੰਨ੍ਹੀ ?
ਆਪਣੇ ਪਾਪਾ ਨੂੰ -ਮੈਂ ਰੋਅਬ ਨਾਲ ਜਵਾਬ ਦਿੱਤਾ | ਐਨੇ ਰੋਅਬ ਦੀ ਤਾਂ ਵੈਸੇ ਕੋਈ ਜ਼ਰੂਰਤ ਵੀ ਨਹੀਂ ਸੀ ਪਰ ਮੇਰੇ ਤੋਂ ਬੋਲਿਆ ਗਿਆ |
ਪਾਪਾ ਨੂੰ ?-ਡੌਲੀ ਇਕਦਮ ਬੋਲੀ |
ਹਾਂ.... ਆਪਣੇ ਪਾਪਾ ਨੂੰ  |
ਪਰ ਰੱਖੜੀ ਤਾਂ ਭਰਾ ਦੇ ਬੰਨ੍ਹੀ ਜਾਂਦੀ ਹੈ-ਡੌਲੀ ਨੇ ਫਿਰ ਸਵਾਲ ਕੀਤਾ |
ਮੈਂ ਆਪਣੇ ਪਾਪਾ ਦੇ ਰੱਖੜੀ ਬੰਨ੍ਹਦੀ ਹਾਂ-ਮੈਂ ਉਸੇ ਅੰਦਾਜ਼ ਵਿਚ ਆਪਣਾ ਜਵਾਬ ਦੁਹਰਾਇਆ  |
ਪਰ ਤੂੰ ਪਹਿਲਾਂ ਤਾਂ ਕਦੇ ਨਹੀਂ ਦੱਸਿਆ?-ਡੌਲੀ ਹੈਰਾਨੀ ਨਾਲ ਬੋਲੀ |
ਮੈਂ ਚੁੱਪ ਰਹੀ | ਅਸਲ ਵਿਚ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ | ਮੰਮੀ ਨੇ ਵੀ ਕੁਝ ਨਹੀਂ ਸੀ ਕਿਹਾ | ਡੌਲੀ ਹੁਣ ਚੁੱਪ-ਚਾਪ ਕਲਾਸ ਵਿਚ ਚਲੀ ਗਈ | ਲਗਦਾ ਸੀ ਉਸ ਨੂੰ  ਉਹ ਸਵਾਦ ਨਹੀਂ ਆਇਆ ਜਿਸ ਦੀ ਉਸ ਨੂੰ  ਉਮੀਦ ਸੀ | ਮੇਰਾ ਜਵਾਬ ਡੌਲੀ ਨੂੰ  ਨਾਗਵਾਰ ਗੁਜ਼ਰਿਆ |
ਸਕੂਲ ਤੋਂ ਘਰ ਆਉਂਦੇ ਵਕਤ ਮੈਂ ਆਪਣਾ ਸਾਈਕਲ ਰੋਕਿਆ | ਇਕ ਦੁਕਾਨ ਵਿਚ ਗਈ | ਦੁਕਾਨ ਵਿਚ ਇਕ ਤੋਂ ਇਕ ਵੱਧ ਸੁੰਦਰ ਰੱਖੜੀਆਂ ਸਜਾਈਆਂ ਹੋਈਆਂ ਸਨ | ਮੈਂ ਇਕ ਬੇਹੱਦ ਸੋਹਣੀ ਰੱਖੜੀ ਆਪਣੇ ਪਾਪਾ ਲਈ ਖਰੀਦੀ |
ਪਾਪਾ ਜਦੋਂ ਦਫ਼ਤਰ ਤੋਂ ਆਏ, ਮੈਂ ਉਨ੍ਹਾਂ ਨੂੰ  ਕਿਹਾ-ਪਾਪਾ... ਪਾਪਾ ਤਿਆਰ ਹੋ ਜਾਓ, ਮੈਂ ਤੁਹਾਡੇ ਰੱਖੜੀ ਬੰਨ੍ਹਣੀ ਹੈ |
ਹਾਂ ਜੀ....ਹਾਂ ਜੀ... ਜ਼ਰੂਰ-ਪਾਪਾ ਨੇ ਹੈਰਾਨ ਹੋ ਕੇ ਖ਼ੁਸ਼ੀ ਭਰੇ ਲਹਿਜ਼ੇ ਵਿਚ ਜਵਾਬ ਦਿੱਤਾ |
ਮੇਰੇ ਪਾਪਾ ਨੂੰ  ਵੀ ਰੱਖੜੀ ਬੰਨ੍ਹਵਾਉਣ ਦਾ ਕੋਈ ਤਜਰਬਾ ਨਹੀਂ ਸੀ, ਕਿਉਂਕਿ ਉਹਨਾਂ ਦੀ ਕੋਈ ਭੈਣ ਨਹੀਂ ਸੀ | ਉਹਨਾਂ ਨੇ ਪਹਿਲਾਂ ਕਦੇ ਕਿਸੇ ਤੋਂ ਰੱਖੜੀ ਨਹੀਂ ਸੀ ਬੰਨ੍ਹਵਾਈ |
ਕਹਿੰਦੇ ਹਨ ਸਹੀ ਵਕਤ ਆਉਣ 'ਤੇ ਹੀ ਕੋਈ ਕੰਮ ਬਣਦਾ ਹੁੰਦਾ ਹੈ | ਰੱਖੜੀ ਬੰਨ੍ਹਵਾਉਂਦੇ ਵਕਤ ਉਹਨਾਂ ਦੇ ਚਿਹਰੇ 'ਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ |
ਮੈਂ ਹੁਣ ਹਰ ਸਾਲ ਆਪਣੇ ਪਾਪਾ ਦੇ ਇਕ ਬੇਹੱਦ ਖ਼ੂਬਸੂਰਤ ਰੱਖੜੀ ਬੰਨ੍ਹਣੀ ਸ਼ੁਰੂ ਕੀਤੀ |
ਸਮਾਂ ਆਪਣੀ ਰਫ਼ਤਾਰ ਤੁਰਦਾ ਗਿਆ | ਦੱਸਵੀਂ ਕਲਾਸ ਤੱਕ ਡੌਲੀ ਦਾ ਹਰ ਰੱਖੜੀ ਉ ੱਤੇ ਸਵਾਲ ਪੁੱਛਣਾ ਜਾਰੀ ਰਿਹਾ ਪਰ ਮੇਰਾ ਜਵਾਬ ਮਧੁਰ ਹੋਰ ਮਧੁਰ ਹੁੰਦਾ ਗਿਆ | ਇਸ ਦਾ ਇਕ ਬਹੁਤ ਵੱਡਾ ਕਾਰਨ ਸੀ | ਮੈਂ ਜਦੋਂ ਵੀ ਆਪਣੇ ਪਾਪਾ ਦੇ ਰੱਖੜੀ ਬੰਨ੍ਹਦੀ ਤਾਂ ਮੈਨੂੰ ਮੇਰੇ ਪਾਪਾ ਦੀ ਕਲਾਈ ਵਿਚ ਬੇਸ਼ੁਮਾਰ ਗੁਣ -ਸਾਦਗੀ, ਦਲੇਰੀ, ਅਸੀਮ-ਪਿਆਰ, ਦਯਾ, ਸਹਿਣਸ਼ੀਲਤਾ, ਸੰਤੁਸ਼ਟੀ... ਨਜ਼ਰ ਆਉਂਦੇ | ਮੈਨੂੰ ਮੇਰੇ ਪਾਪਾ ਦੀ ਕਲਾਈ ਵਿਚ ਅਜਬ ਫ਼ਕੀਰੀ ਵੀ ਨਜ਼ਰ ਆਉਂਦੀ |
ਮੈਂ ਮਹਿਸੂਸ ਕੀਤਾ ਕਿ ਇਸ ਕਲਾਈ ਉ ੱਤੇ ਰੱਖੜੀ ਬੰਨ੍ਹਣੀ ਐਨੀ ਸੌਖੀ ਨਹੀਂ ਜਿੰਨੀ ਮੈਂ ਸਮਝ ਰੱਖੀ ਹੈ | ਹੁਣ ਮੈਂ ਆਪਣੇ ਪਾਪਾ ਦੀ ਕਲਾਈ ਉ ੱਤੇ ਬੜੇ ਨਾਜ਼ੁਕ ਤਰੀਕੇ ਨਾਲ ਰੱਖੜੀ ਬੰਨ੍ਹਦੀ | ਇਸ ਚਮਕਦੀ ਕਲਾਈ ਨੂੰ  ਹੱਥ ਵਿਚ ਫੜ ਕੇ ਈਸ਼ਵਰ ਦੀ ਅਰਾਧਨਾ ਕਰਦੀ | ਇਸ ਸਾਰੇ ਵਕਤ ਦੌਰਾਨ ਮੇਰੇ ਪਾਪਾ ਦੇ ਚਿਹਰੇ ਉ ੱਤੇ ਅਜਬ ਮੁਸਕਰਾਹਟ ਰਹਿੰਦੀ |
ਮੈਂ ਸੋਚਦੀ ਹਾਂ ਜੇ ਡੌਲੀ ਮੈਨੂੰ ਸਵਾਲ ਨਾ ਕਰਦੀ ਤਾਂ ਮੈਂ ਆਪਣੇ ਪਾਪਾ ਦੀ ਕਲਾਈ ਦੀ ਚਮਕ ਨੂੰ  ਦੇਖ ਹੀ ਨਾ ਸਕਦੀ, ਐਨਾ ਕਰੀਬ ਰਹਿ ਕੇ ਵੀ | ਜ਼ਿੰਦਗੀ ਇਕ ਤਕੜਾ ਰਹੱਸ ਹੈ |
ਰਹੱਸਮਈ ਬੰਦਿਆਂ ਦੀ ਸੰਗਤ ਜ਼ਿੰਦਗੀ ਦੇ ਗੁੱਝੇ ਭੇਦ ਸਮਝਣ ਵਿਚ ਮਦਦਗਾਰ ਸਾਬਤ ਹੁੰਦੀ ਹੈ | ਮੈਨੂੰ ਫ਼ਖ਼ਰ ਹੈ ਮੇਰੀ ਰੱਖੜੀ ਉ ੱਤੇ | ਮੈਨੂੰ ਫ਼ਖ਼ਰ ਹੈ ਆਪਣੇ ਪਾਪਾ ਉ ੱਤੇ | ਈਸ਼ਵਰ ਕਰੇ, ਮੇਰੇ ਪਾਪਾ ਦੀ ਕਲਾਈ ਦੀ ਚਮਕ ਸਾਰੀ ਕਾਇਨਾਤ ਵਿਚ ਫੈਲੇ |
ਮੁਝੇ ਹੀਰੇ ਜਵਾਹਰਾਤ ਸੇ ਮੁਹੱਬਤ ਨਹੀਂ
ਮੈਂ ਜਿਸ ਜਹਾਨ ਕਾ ਬਾਸ਼ਿੰਦਾ ਹੂੰ
ਮੁਝੇ ਜ਼ਰੂਰਤ ਹੈ ਇਸ ਕਲਾਈ ਕੀ
ਹਾਂ... ਮੈਨੇ ਦੇਖੀ ਹੈ ਚਮਕ ਇਸ ਕਲਾਈ ਕੀ
ਬੜੀ ਸ਼ਿੱਦਤ ਸੇ ਦੇਖੀ ਹੈ |
-ਅਸਿਸਟੈਂਟ ਪ੍ਰੋਫੈਸਰ, ਸਰਕਾਰੀ ਰਿਪੁਦਮਨ ਕਾਲਜ, ਨਾਭਾ |
ਮੋਬਾਈਲ : 97794-85859

ਪਿਛਲੀ ਖ਼ਬਰ ਹੁੰਦਾ ਸ਼ੁੱਧ ਹੈ, ਝੂਠ ਨਾ ਜਾਣੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਜਲੰਧਰ-ਨਕੋਦਰ ਮਾਰਗ ’ਤੇ ਧਰਨਾ ਦੇ ਕੇ ਠੱਪ ਰੱਖੀ ਆਵਾਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।