02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਸ਼ੂ ਜੁਗਾਲੀ ਕਿਉਂ ਕਰਦੇ ਹਨ?

ਅਜੀਤ ਡੈਸਕ 25-07-2026

ਦੁਨੀਆ ਵਿਚ ਮਾਸਾਹਾਰੀ ਅਤੇ ਸ਼ਾਕਾਹਾਰੀ ਕਿਸਮ ਦੇ ਜੀਵ ਮੌਜੂਦ ਹਨ। ਸ਼ਾਕਾਹਾਰੀ ਜੀਵਾਂ ਨੂੰ ਮਾਸਾਹਾਰੀ ਜੀਵਾਂ ਤੋਂ ਬਚਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ ਅਤੇ ਇਹ ਜੱਦੋ-ਜਹਿਦ ਕਰੋੜਾਂ ਸਾਲਾਂ ਤੋਂ ਜਾਰੀ ਹੈ। ਮਾਸਾਹਾਰੀ ਜਾਨਵਰ ਇਨ੍ਹਾਂ ਦੇ ਸ਼ਿਕਾਰ ਦੀ ਤਾਕ ਵਿਚ ਹਮੇਸ਼ਾ ਰਹਿੰਦੇ ਹਨ। ਇਸ ਲਈ ਸ਼ਾਕਾਹਾਰੀ ਜੀਵ ਜਿਵੇਂ ਮੱਝਾਂ, ਗਾਂਵਾਂ, ਬੱਕਰੀ, ਭੇਡਾਂ, ਹਿਰਨ ਆਦਿ ਆਪਣਾ ਭੋਜਨ ਛੇਤੀ-ਛੇਤੀ ਕਰਕੇ ਲੁਕਵੀਆਂ ਥਾਵਾਂ 'ਤੇ ਬੈਠਦੇ ਹਨ ਅਤੇ ਆਪਣੇ ਖਾਧੇ ਹੋਏ ਭੋਜਨ ਨੂੰ ਪੇਟ ਵਿਚੋਂ ਮੂੰਹ ਵਿਚ ਵਾਪਸ ਲੈ ਕੇ ਆਉਂਦੇ ਹਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਚਿੱਥ ਕੇ ਖਾਂਦੇ ਸਨ। ਉਨ੍ਹਾਂ ਦੀ ਇਸ ਕਿਰਿਆ ਨੂੰ ਹੀ ਜੁਗਾਲੀ ਕਰਨਾ ਆਖਦੇ ਹਨ। ਇਸ ਪ੍ਰਕਿਰਿਆ ਨੂੰ ਕਰਨ ਲਈ ਇਨ੍ਹਾਂ ਜਾਨਵਰਾਂ ਦਾ ਪੇਟ ਚਾਰ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ। ਇਨ੍ਹਾਂ ਜਾਨਵਰਾਂ ਨੂੰ ਰੂਮੀਨੈਂਟ ਆਖਿਆ ਜਾਂਦਾ ਹੈ। ਪਹਿਲੇ ਪੇਟ ਵਿਚ ਕੁਝ ਰਸ ਖਾਧੇ ਭੋਜਨ ਵਿਚ ਮਿਲ ਜਾਂਦੇ ਹਨ, ਪੇਟ ਦੇ ਦੂਜੇ ਬਾਗ ਵਿਚ ਇਹ ਭੋਜਨ ਜੁਗਾਲੀ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਬਾਅਦ ਪਸ਼ੂ ਇਸ ਭੋਜਨ ਨੂੰ (ਜਿਸ ਨੂੰ ਬੋਲਸ ਆਖਿਆ ਜਾਂਦਾ ਹੈ) ਦੁਬਾਰਾ ਆਪਣੇ ਮੂੰਹ ਵਿਚ ਲਿਆ ਕੇ ਚਿੱਥਦੇ ਹਨ ਅਤੇ ਫਿਰ ਇਹ ਪੇਟ ਦੇ ਤੀਸਰੇ ਭਾਗ ਵਿਚ ਜਾਂਦਾ ਹੈ। ਇਸ ਤੋਂ ਬਾਅਦ ਪੇਟ ਦੇ ਚੌਥੇ ਭਾਗ ਵਿਚ ਦੀ ਹੁੰਦਾ ਹੋਇਆ ਇਹ ਅੰਤੜੀਆਂ ਵਿਚ ਪਹੁੰਚ ਜਾਂਦਾ ਹੈ ਅਤੇ ਪਾਚਣ ਦੀ ਕਿਰਿਆ ਪੂਰੀ ਹੋ ਜਾਂਦੀ ਹੈ।
ਹੱਡੀਆਂ ਦੇ ਜੋੜਾਂ ਨੂੰ ਚਟਕਾਉਣ ਤੇ ਆਵਾਜ਼ ਕਿਉਂ ਪੈਦਾ ਹੁੰਦੀ ਹੈ? : ਅਸੀਂ ਆਮ ਹੀ ਨੋਟ ਕੀਤਾ ਹੈ ਕਿ ਜਦੋਂ ਵੀ ਅਸੀਂ ਉਂਗਲੀਆਂ ਦੇ ਜੋੜ ਨੂੰ ਚਟਕਾਉਂਦੇ ਹਾਂ ਤਾਂ ਇਕ ਆਵਾਜ਼ ਜਿਹੀ ਪੈਦਾ ਹੁੰਦੀ ਹੈ। ਉਂਗਲੀਆਂ ਦੇ ਪੋਟੇ, ਗੋਡੇ, ਗਿੱਟੇ, ਪਿੱਠ ਅਤੇ ਗਰਦਨ ਅਜਿਹੇ ਜੋੜ ਹਨ, ਜਿਨ੍ਹਾਂ ਵਿਚੋਂ ਆਵਾਜ਼ਾਂ ਨਿਕਲਦੀਆਂ ਹਨ ਪਰ ਇਨ੍ਹਾਂ ਆਵਾਜ਼ਾਂ ਦੇ ਨਿਕਲਣ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ। ਉਂਗਲੀਆਂ ਦੇ ਚਟਕਾਉਣ 'ਤੇ ਪੈਦਾ ਹੋਈ ਆਵਾਜ਼ ਦਾ ਕਾਰਨ ਜੋੜਾਂ ਵਿਚ ਮੌਜੂਦ ਸਲੇਸ਼ ਤਰਲ ਯਾਨੀ ਕਿ ਸਾਈਨੋਵੀਅਲ ਫਲੂਡ ਹੁੰਦਾ ਹੈ ਜੋ ਕਿ ਜੋੜਾਂ ਵਿਚਕਾਰ ਚਿਕਨਾਈ ਦਾ ਕੰਮ ਕਰਦਾ ਹੈ। ਇਸ ਤਰਲ ਵਿਚ ਆਕਸੀਜਨ, ਨਾਈਟ੍ਰੋਜਨ ਅਤੇ ਕਾਰਬਨ ਡਾਈਆਕਸਾਈਡ ਗੈਸਾਂ ਹੁੰਦੀਆਂ ਹਨ। ਜਦੋਂ ਅਸੀਂ ਜੋੜਾਂ ਨੂੰ ਚਟਕਾਉਂਦੇ ਹਾਂ ਜਾਂ ਜੋੜ ਦੇ ਕੈਪਸੂਲ ਨੂੰ ਫੈਲਾਉਂਦੇ ਹਾਂ ਤਾਂ ਗੈਸ ਤੇਜ਼ੀ ਨਾਲ ਨਿਕਲਦੀ ਹੈ ਅਤੇ ਆਵਾਜ਼ ਪੈਦਾ ਕਰਦੀ ਹੈ। ਉਸੇ ਉਂਗਲੀ ਨੂੰ ਫਿਰ ਤੋਂ ਚਟਕਾਉਣ ਲਈ ਤੁਹਾਨੂੰ ਉਦੋਂ ਤੱਕ ਉਡੀਕ ਕਰਨੀ ਪਵੇਗੀ ਜਦੋਂ ਤੱਕ ਗੈਸਾਂ ਸਲੇਸ਼ ਤਰਲ ਵਿਚ ਵਾਪਸ ਨਹੀਂ ਆ ਜਾਂਦੀਆਂ। ਜੋੜਾਂ ਵਿਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਆ ਸਕਦੀਆਂ ਹਨ ਫਟਣ, ਟੁੱਟਣ, ਪਿਸਾਈ ਅਤੇ ਤੜਕਣ ਵਰਗੀਆਂ ਇਨ੍ਹਾਂ ਸਭ ਦਾ ਉੱਤਰ ਨਿਕਲਦੀਆਂ ਗੈਸਾਂ ਦੀ ਗਤੀਸ਼ੀਲਤਾ ਅਤੇ ਖੁਰਦਰੀਆਂ ਪਰਤਾਂ ਵਿਚ ਹੀ ਛੁਪਿਆ ਹੈ। ਗਠੀਆ ਦੇ ਜੋੜ ਅਥਰਾਈਟਿਕ ਜੁਆਇੰਟ ਦੀ ਚਿਕਨੀ ਅਪਾਸਥੀ ਨੂੰ ਹੋਏ ਨੁਕਸਾਨ ਅਤੇ ਜੋੜ ਦੀ ਸਤ੍ਹਾ ਤੇ ਖੁਰਦਰੇਪਨ ਕਾਰਨ ਆਵਾਜ਼ ਕਰਦੇ ਹਨ।
(ਲੈਕਚਰਾਰ ਕੈਮਿਸਟਰੀ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੱਗੋਬੂਆ (ਤਰਨ ਤਾਰਨ)

ਪਿਛਲੀ ਖ਼ਬਰ ਆਓ ਹੱਸੀਏ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।