02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਰਸਕਿਨ ਬਾਂਡ ਵਿਚ ਅਜਿਹਾ ਕੀ ਹੈ? (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਅਜੀਤ ਡੈਸਕ 28-06-2026

ਭਾਵੇਂ ਰਸਕਿਨ ਕੋਲ ਇਕ ਦੋ ਮਿਲੀਅਨ ਦੇ ਕਰੀਬ ਅਮਰੀਕੀ ਡਾਲਰ ਜਾਇਦਾਦ ਹੈ, ਪਰੰਤੂ ਉਸ ਨੇ ਸਾਰੀ ਉਮਰ ਸਾਦਾ ਜੀਵਨ ਬਤੀਤ ਕੀਤਾ। ਇਹ ਪੈਸਾ ਉਸ ਨੇ ਆਪਣੀਆਂ ਲਿਖਤਾਂ ਤੋਂ ਕਮਾਇਆ। ਉਹ ਕਹਿੰਦਾ ਹੈ ਕਿ ਮੈਂ ਆਪਣਾ ਪੈਸਾ ਕਿਤਾਬਾਂ ਅਤੇ ਦੋਸਤਾਂ ਤੇ ਖਰਚ ਕਰਦਾ ਹਾਂ। ਮੇਰੇ ਕੋਲ ਪੱਥਰ ਅਤੇ ਇੱਟਾਂ ਲਈ ਪੈਸੇ ਨਹੀਂ ਹਨ।
ਉਸ ਨੇ ਸਾਰੀ ਉਮਰ ਸ਼ਾਦੀ ਨਹੀਂ ਕਰਵਾਈ। ਦਰਅਸਲ ਉਸ ਦੀ ਤਬੀਅਤ ਵਿਵਹਾਰਕ ਨਹੀਂ। ਉਹ ਫ਼ਿਲਮੀ ਸ਼ੈਲੀ ਵਾਲੀ, ਅਨੇਕਾਂ ਮੁਸ਼ਕਿਲਾਂ ਰੁਕਾਵਟਾਂ 'ਚੋਂ ਲੰਘ ਕੇ ਸ਼ਾਦੀ ਕਰਵਾਉਣੀ ਚਾਹੁੰਦਾ ਸੀ ਜਾਂ ਫਿਰ ਭਾਰਤੀ ਮਰਯਾਦਾ ਅਨੁਸਾਰ ਮਾਪਿਆਂ ਦੇ ਕਹੇ ਮੁਤਾਬਿਕ। ਫ਼ਿਲਮੀ ਸ਼ੈਲੀ ਵਾਲੀ ਸ਼ਾਦੀ ਦਾ ਸਬੱਬ ਨਾ ਬਣਿਆ ਅਤੇ ਉਹਦੇ ਲਈ ਬੋਲਣ ਵਾਲੇ, ਕੋਸ਼ਿਸ਼ ਕਰਨ ਵਾਲੇ ਮਾਪੇ ਮੌਜੂਦ ਨਹੀਂ ਸਨ। ਦੋ ਵਾਰ ਸ਼ਾਦੀ ਹੁੰਦੀ ਹੁੰਦੀ ਰਹਿ ਗਈ। ਰਿਸ਼ਤਾ ਟੁੱਟ ਗਿਆ। ਰਸਕਿਨ ਕਹਿੰਦਾ ਹੈ, 'ਸ਼ਾਇਦ ਮੈਂ ਚਿਹਰੇ ਮੁਹਰੇ ਪੱਖੋਂ ਕੋਈ ਬਹੁਤਾ ਆਕਰਸ਼ਕ ਵਿਅਕਤੀ ਨਹੀਂ, ਇਸ ਲਈ।'
ਕਿਉਂਕਿ ਜਦ ਉਹ 8 ਸਾਲ ਦਾ ਬੱਚਾ ਸੀ ਤਦ ਉਸ ਦੇ ਮਾਂ ਬਾਪ ਅਲੱਗ ਹੋ ਗਏ, ਇਸ ਕਾਰਨ ਉਸ ਦਾ ਬਚਪਨ ਬੇਹੱਦ ਉਦਰੇਵੇਂ ਵਿਚ ਬੀਤਿਆ। ਉਸ ਦੇ ਮਨ ਵਿਚ ਸ਼ਾਦੀ ਦੇ ਸੰਕਲਪ ਦਾ ਜੋ ਅਕਸ ਬਣਿਆ ਸੀ ਉਹ ਸਦਾ ਸਦਾ ਲਈ ਤਿੜਕ ਗਿਆ।
ਇਸ ਖਲਾਅ ਨੂੰ ਭਰਨ ਲਈ ਉਸ ਨੇ ਇਕ ਪਰਿਵਾਰ ਗੋਦ ਲੈ ਲਿਆ, ਜਿਹੜਾ ਉਸ ਦੀ ਦੇਖ ਭਾਲ ਕਰ ਰਿਹਾ ਹੈ।
ਜਵਾਨੀ ਵੇਲੇ ਰਸਕਿਨ ਹਸਪਤਾਲ ਦੀਆਂ ਨਰਸਾਂ ਵਿਚ ਬੜੀ ਦਿਲਚਸਪੀ ਲੈਂਦਾ ਸੀ। ਆਨੇ ਬਹਾਨੇ ਚੈੱਕਅਪ ਲਈ ਹਸਪਤਾਲ ਚਲਾ ਜਾਂਦਾ ਅਤੇ ਪੰਜ ਦਿਨਾਂ ਬਾਅਦ ਮੁੜਦਾ।
ਉਹ ਸਾਰੀ ਉਮਰ ਗੋਲਕੀਪਰ ਹੀ ਬਣਿਆ ਰਿਹਾ। ਬਚਾਉਂਦਾ ਹੋਇਆ, ਰੋਕਦਾ ਹੋਇਆ, ਮੁਹੱਈਆ ਕਰਦਾ ਹੋਇਆ। ਉਹ ਕਦੇ ਮੂਹਰਲੀਆਂ ਸਫ਼ਾਂ ਵਿਚ ਉਤਸ਼ਾਹ ਨਾਲ ਭਰਿਆ ਹੋਇਆ ਗੋਲ ਕਰਦਾ ਨਜ਼ਰ ਨਹੀਂ ਆਇਆ।
ਉਹ ਅਕਸਰ ਗੰਭੀਰ, ਚਿੰਤਨਸ਼ੀਲ ਮੁਦਰਾ ਵਿਚ ਬੈਠਾ, ਖੜ੍ਹਾ, ਤੁਰਦਾ ਨਜ਼ਰ ਆਉਂਦਾ ਹੈ ਉਸ ਨੂੰ ਬਲੈਕ ਐਂਡ ਵਾਈਟ ਫੋਟੋਗ੍ਰਾਫ਼ੀ ਦਾ ਬੜਾ ਸ਼ੌਕ ਹੈ।
ਉਹ ਕਹਿੰਦਾ ਹੈ ਪਾਣੀ ਵਰਗੇ ਬਣੋ। ਪਾਣੀ ਕਿਧਰੇ ਰੁਕਦਾ ਨਹੀਂ। ਭਾਵੇਂ ਚਾਲ ਧੀਮੀ ਹੀ ਹੋਵੇ, ਉਹ ਜ਼ਰੂਰ ਕਿਤੇ ਨਾ ਕਿਤੇ ਪਹੁੰਚਦਾ ਹੈ। ਆਪਣੇ ਕੰਮ ਵਿਚੋਂ ਖੁਸ਼ੀ ਲੱਭੋ ਅਤੇ ਇਧਰ-ਉਧਰ ਥੋੜ੍ਹੀ-ਥੋੜ੍ਹੀ ਰੌਸ਼ਨੀ ਬਿਖੇਰਦੇ ਰਹੋ।
ਪਿਆਰ, ਖੁਸ਼ੀ ਅਤੇ ਸ਼ਾਂਤੀ ਉਸ ਦੇ ਮਨ-ਭਾਉਂਦੇ ਸ਼ਬਦ ਹਨ।
ਇਕ ਵਾਰ ਉਹ ਦੇਹਰਾਦੂਨ ਜਾਣ ਲਈ ਸਾਂਝੀ ਕੈਬ ਵਿਚ ਬੈਠਾ ਸੀ। ਅਚਾਨਕ ਉਸ ਨੇ ਵੇਖਿਆ ਕਿ ਨਾਲ ਵਾਲਾ ਯਾਤਰੀ ਉਸ ਦੀ ਇਕ ਪੁਸਤਕ ਪੜ੍ਹ ਰਿਹਾ ਸੀ। ਗੱਲਬਾਤ ਸ਼ੁਰੂ ਕਰ ਲਈ ਉਸ ਨੇ ਕਿਹਾ, 'ਆਹ ! ਇਹ ਮੇਰੀਆਂ ਕਿਤਾਬਾਂ ਵਿਚੋਂ ਇਕ ਹੈ।'
'ਤੁਹਾਡਾ ਕੀ ਮਤਲਬ, ਤੁਹਾਡੀ ਕਿਤਾਬ?' ਯਾਤਰੀ ਚਿੱਲਾਇਆ, 'ਮੈਂ ਹੁਣੇ-ਹੁਣੇ ਇਹ ਮਸੂਰੀ ਤੋਂ ਕਿਤਾਬਾਂ ਦੀ ਦੁਕਾਨ ਤੋਂ ਖਰੀਦੀ ਹੈ।'
19 ਜਨਵਰੀ 1958 ਨੂੰ ਉਸ ਨੇ ਆਪਣੀ ਡਾਇਰੀ ਵਿਚ ਲਿਖਿਆ, 'ਜਿਹੜੀਆਂ ਚੀਜ਼ਾਂ, ਜਿਹੜੇ ਕੰਮ ਮੈਂ ਆਪਣੇ-ਆਪ, ਇਕੱਲਿਆਂ, ਬਿਨਾਂ ਕਿਸੇ ਦੀ ਸਲਾਹ, ਮਨਜ਼ੂਰੀ ਜਾਂ ਮਦਦ ਦੇ ਕੀਤੇ, ਉਹ ਮੈਂ ਬਿਹਤਰੀਨ ਢੰਗ ਨਾਲ ਕਰ ਸਕਿਆ।'
ਉਹ ਕਹਿੰਦਾ, 'ਜ਼ਿੰਦਗੀ ਗੁਲਾਬ ਦੇ ਫੁੱਲਾਂ ਦੀ ਸੇਜ ਨਹੀਂ। ਬਾਵਜੂਦ ਇਸਦੇ ਮੈਨੂੰ ਅਨੇਕ ਬੇਮੌਸਮੇ ਗੁਲਾਬ ਮਿਲਦੇ ਰਹੇ ਹਨ।'
ਉਸ ਨੇ ਜੀਵਨ ਵਿਚ ਜੋ ਕੁਝ ਗਵਾਇਆ ਉਸ ਦਾ ਹਿਸਾਬ ਨਹੀਂ, ਪਰ ਜੋ ਕੁਝ ਪ੍ਰਾਪਤ ਕੀਤਾ ਉਸ ਨਾਲ ਉਹ ਖੁਸ਼ ਤੇ ਸੰਤੁਸ਼ਟ ਹੈ।
ਨਵੇਂ ਲੇਖਕਾਂ ਨੂੰ ਸਲਾਹ ਦਿੰਦਾ ਹੋਇਆ ਉਹ ਕਹਿੰਦਾ ਹੈ, 'ਲਿਖਣਾ ਕੇਵਲ ਸ਼ਬਦਾਂ ਦੀ ਖੇਡ ਨਹੀਂ ਹੈ। ਕੀ ਤੁਸੀਂ ਨਿਗਰਾਨੀ ਕਰਨ ਵਾਲੇ ਹੋ? ਕੀ ਤੁਸੀਂ ਚਿੜੀ ਅਤੇ ਚਿੜੀਬਾਜ਼ ਵਿਚਲਾ ਅੰਤਰ ਦੱਸ ਸਕਦੇ ਹੋ? ਲਿਖਣ ਲਈ ਇਹ ਜ਼ਰੂਰੀ ਹੈ।'
'ਕੀ ਤੁਸੀਂ ਬਤੌਰ ਲੇਖਕ ਪਹਿਚਾਣ ਲਈ ਸਾਲਾਂ ਤੱਕ ਉਡੀਕ ਕਰ ਸਕਦੇ ਹੋ? ਹੋ ਸਕਦਾ ਹੈ ਉਮਰ ਭਰ। ਜੇਕਰ ਤੁਸੀਂ ਝਟਪਟ ਪਛਾਣ ਲੋਚਦੇ ਹੋ ਤਾਂ ਮਾਡਲ ਬਣੋ।'
ਰੈੱਡ ਸਮਿੱਥ ਦੇ ਹਵਾਲੇ ਨਾਲ ਰਸਕਿਨ ਬਾਂਡ ਲਿਖਦੇ ਹਨ, 'ਲਿਖਣਾ ਬੇਹੱਦ ਆਸਾਨ ਹੈ। ਤੁਸੀਂ ਕੇਵਲ ਏਨਾ ਕਰਨਾ ਹੈ ਕਿ ਟਾਈਪ ਰਾਈਟਰ ਦੇ ਸਾਹਮਣੇ ਬੈਠ ਜਾਣਾ ਹੈ। ਉਦੋਂ ਤੱਕ ਜਦ ਤੱਕ ਤੁਹਾਡੇ ਮੱਥੇ ਵਿਚੋਂ ਛੋਟਾ ਜਿਹਾ ਖੂਨ ਦਾ ਕਤਰਾ ਨਾ ਸਿਮ ਨਾ ਪਵੇ।
ਰਸਕਿਨ ਬਾਂਡ ਦਾ ਇਕ ਪ੍ਰਸੰਸਕ ਉਸ ਨੂੰ ਕਹਿੰਦਾ, 'ਮੈਂ ਤੁਹਾਡੇ ਵਾਂਗ ਇਕ ਲੇਖਕ ਬਣਨਾ ਚਾਹੁੰਦਾ ਹਾਂ, ਤਾਂ ਜੋ ਘਾਹ 'ਤੇ ਲੰਮਾ ਪਿਆ ਰਹਾਂ ਅਤੇ ਕੁਝ ਵੀ ਨਾ ਕਰਾਂ।'
ਉਸ ਨੂੰ ਨਹੀਂ ਸੀ ਪਤਾ ਕਿ ਘਾਹ 'ਤੇ ਲੰਮੇ ਪੈ ਕੇ ਕੋਈ 50 ਸਾਲ ਤੱਕ ਕੁਲਵਕਤੀ ਲੇਖਕ ਨਹੀਂ ਬਣਿਆ ਰਹਿ ਸਕਦਾ।
ਉਹਦੇ ਲਈ ਉੱਠਣਾ ਪੈਂਦਾ ਹੈ, ਕੱਪੜਿਆਂ ਤੋਂ ਘਾਹ ਦੇ ਤਿਣਕੇ ਝਾੜ ਕੇ, ਹੱਥ ਮੂੰਹ ਧੋ ਕੇ, ਲਿਖਣ ਲਈ ਮੇਜ਼ 'ਤੇ ਟਾਈਪ ਰਾਈਟਰ ਦੇ ਸਾਹਮਣੇ ਬੈਠਣਾ ਪੈਂਦਾ ਹੈ।
ਉਹ ਤਕਨੀਕ ਦੀ ਬਹੁਤ ਘੱਟ ਵਰਤੋਂ ਕਰਦਾ ਹੈ। ਕਾਗਜ਼, ਕਲਮ ਅਤੇ ਸ਼ਾਂਤ ਸਮਾਂ ਉਸ ਦੀ ਤਰਜੀਹ ਹੈ।
ਬਹੁਤ ਮਾਣ-ਸਨਮਾਨ ਮਿਲਣ ਦੇ ਬਾਵਜੂਦ ਉਹ ਨਿਮਰ ਅਤੇ ਮਿਲਣਸਾਰ ਤਬੀਅਤ ਦਾ ਮਾਲਕ ਹੈ। ਸਾਰੀ ਉਮਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਕਾਰਨ ਉਸ ਦੀਆਂ ਲਿਖਤਾਂ ਵਿਚ ਵੀ ਉਹ ਗਹਿਰਾਈ ਸਹਿਜ ਸੁਭਾਵਿਕ ਆ ਗਈ।
1992 ਵਿਚ ਰਸਕਿਨ ਬਾਂਡ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 1999 ਵਿਚ ਪਦਮ ਸ੍ਰੀ ਅਤੇ 2014 ਵਿਚ ਪਦਮ ਭੂਸ਼ਨ।
ਵਿਅਕਤੀ ਮਹੱਤਵਪੂਰਨ ਨਹੀਂ ਹੁੰਦਾ। ਉਸ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਜਸ਼ਨ ਯੋਗਦਾਨ ਦਾ ਮਨਾਇਆ ਜਾਂਦਾ ਹੈ।
ਆਓ, ਰਸਕਿਨ ਬਾਂਡ ਦੇ ਯੋਗਦਾਨ ਦਾ ਜਸ਼ਨ ਮਨਾਈਏ।
--
ਰਸਕਿਨ ਕਹਿੰਦਾ ਹੈ, 'ਮੇਰੀਆਂ ਕਿਤਾਬਾਂ ਸਭ ਤੋਂ ਵੱਧ ਵਿਕਣ ਵਾਲੀ ਸਮੱਗਰੀ ਨਹੀਂ ਹਨ।' ਨਿੱਕੀ ਕਹਾਣੀ ਉਸ ਦੀ ਪਸੰਦੀਦਾ ਸਾਹਿਤ ਵਿਧਾ ਹੈ। ਇਸ ਲਈ ਉਸ ਦੀਆਂ ਵਧੇਰੇ ਪੁਸਤਕਾਂ ਨਿੱਕੀ ਕਹਾਣੀ ਦੀਆਂ ਹਨ। ਉਸ ਨੇ ਨਾਵਲ ਅਤੇ ਨਿਬੰਧ ਵੀ ਲਿਖੇ ਹਨ। ਜਿਨ੍ਹਾਂ ਦੇ ਵਿਸ਼ੇ ਮੁੱਖ ਤੌਰ 'ਤੇ ਪ੍ਰਕਿਰਤੀ, ਪਹਾੜੀ ਜੀਵਨ, ਬਚਪਨ ਅਤੇ ਉਦਾਸੀ ਨਾਲ ਸੰਬੰਧਿਤ ਹਨ। ਉਸ ਨੇ ਬਹੁਤ ਸਾਰੀਆਂ ਪੁਸਤਕਾਂ ਬੱਚਿਆਂ ਲਈ ਲਿਖੀਆਂ ਹਨ। ਉਸ ਦੇ ਪ੍ਰਸਿੱਧ ਨਾਵਲ 'ਅਵਰ ਟ੍ਰੀਜ਼ ਸਟਿੱਲ ਗ੍ਰੋ ਇਨ ਦੇਹਰਾ' ਨੂੰ 1992 ਵਿਚ 'ਸਾਹਿਤ ਅਕਾਦਮੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦਾ ਸਭ ਤੋਂ ਬਿਹਤਰੀਨ ਅਤੇ ਲੋਕਪ੍ਰਿਆ ਲਘੂ-ਕਥਾਵਾਂ ਦਾ ਸੰਗ੍ਰਹਿ 'ਦਾ ਨਾਈਟ ਟ੍ਰੇਨ ਐਟ ਦੇਵਲੀ' ਹੈ। ਉਸ ਦੀਆਂ ਰਚਨਾਵਾਂ ਦਿਲ ਨੂੰ ਛੂਹ ਜਾਂਦੀਆਂ ਹਨ। ਰਸਕਿਨ ਬਾਂਡ ਬਾਲ-ਪਾਠਕਾਂ ਵਿਚ ਵੀ ਓਨਾ ਹੀ ਚਰਚਿਤ ਹੈ, ਕਿਉਂਕਿ ਉਸ ਨੇ 'ਅੰਕਲ ਕੇਨ' ਵਰਗੇ ਯਾਦਗਾਰ ਪਾਤਰਾਂ ਦਾ ਚਿੱਤਰਨ ਕੀਤਾ ਹੈ। ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਹਿੰਦੀ ਵਿਚ ਅਨੁਵਾਦ ਹੋ ਚੁੱਕੀਆਂ ਹਨ।
(ਸਮਾਪਤ)

ਪਿਛਲੀ ਖ਼ਬਰ ਗੁਣਾਂ ਦੀ ਗੁਥਲੀ : ਬਣਾਂ ਜਾਂ ਸੰਭਾਲੂ ਅਗਲੀ ਖ਼ਬਰ ਪੰਜਾਬ ਦੀ ਉੱਡਦੀ ਜਵਾਨੀ ਸੁਪਨਿਆਂ ਦੀ ਕੀਮਤ 'ਤੇ ਸੁੰਨੇ ਹੁੰਦੇ ਵਿਹੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।