21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਸੁਰੱਖਿਅਤ ਹੋ ਰਹੇ ਖਾਧ ਪਦਾਰਥ

ਅਜੀਤ ਡੈਸਕ 16-02-2026

ਦੇਸ਼ ਵਿਚ ਖਾਧ ਪਦਾਰਥਾਂ 'ਚ ਹੋ ਰਹੀ ਵੱਡੇ ਪੱਧਰ 'ਤੇ ਮਿਲਾਵਟ ਨੇ ਹਰ ਦੇਸ਼ ਵਾਸੀ ਦੀ ਚਿੰਤਾ ਵਿਚ ਵਾਧਾ ਕੀਤਾ ਹੈ। ਖਾਧ ਪਦਾਰਥਾਂ ਦੀ ਅਸੁਰੱਖਿਆ ਨੂੰ ਲੈ ਕੇ ਹੋਏ ਇਕ ਸਰਵੇਖਣ ਅਨੁਸਾਰ ਵੱਖ-ਵੱਖ ਖ਼ੁਰਾਕੀ ਚੀਜ਼ਾਂ ਦੇ ਲਏ ਗਏ ਨਮੂਨਿਆਂ 'ਚੋਂ 18 ਫ਼ੀਸਦੀ ਪਹਿਲੀ ਪਰਖ ਵਿਚ ਹੀ ਫ਼ੇਲ੍ਹ ਹੋ ਗਏ। ਭਾਰਤ ਦੀ ਖ਼ੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਟੀ ਦੀ ਇਕ ਰਿਪੋਰਟ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ ਖਾਧ ਪਦਾਰਥਾਂ ਦੇ ਪੱਧਰ ਅਤੇ ਇਨ੍ਹਾਂ ਦੀ ਗੁਣਵੱਤਾ ਨੂੰ ਲੈ ਕੇ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਂਦੀ ਹੈ ਤੇ ਮਿਲਾਵਟ ਕਰਨ ਵਾਲੇ ਅਨਸਰਾਂ ਤੇ ਕੰਪਨੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸ ਰਿਪੋਰਟ ਅਨੁਸਾਰ ਭਾਵੇਂ ਖਾਣ-ਪੀਣ ਲਈ ਵਰਤੇ ਜਾਂਦੇ ਬਹੁਤੇ ਪਦਾਰਥਾਂ 'ਚ ਮਿਲਾਵਟ ਪਾਈ ਜਾਂਦੀ ਹੈ ਪਰ ਦੁੱਧ, ਖੋਆ, ਪਨੀਰ, ਮਸਾਲੇ ਤੇ ਦਾਲਾਂ 'ਚ ਕੀਤੀ ਜਾਂਦੀ ਮਿਲਾਵਟ ਸਿਹਤ ਲਈ ਬਹੁਤ ਨੁਕਸਾਨਦੇਹ ਸਿੱਧ ਹੁੰਦੀ ਹੈ। ਦੁੱਧ, ਦਹੀਂ ਤੇ ਪਨੀਰ 'ਚ ਮਿਲਾਏ ਜਾਂਦੇ ਕੈਮੀਕਲ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ, ਜਦਕਿ ਬੱਚਿਆਂ ਲਈ ਮਿਲਾਵਟੀ ਦੁੱਧ ਤੇ ਇਸ ਤੋਂ ਬਣੇ ਹੋਰ ਪਦਾਰਥ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਸਮੱਸਿਆ ਪੈਦਾ ਕਰਦੇ ਹਨ। ਮਿਲਾਵਟੀ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ, ਲੱਸੀ ਤੇ ਮੱਖਣ ਵਿਚ ਵੀ ਅਜਿਹੇ ਕੈਮੀਕਲ ਤੱਤ ਪੂਰੀ ਤਰ੍ਹਾਂ ਪਾਏ ਜਾਂਦੇ ਹਨ। ਇਨ੍ਹਾਂ ਮਿਲਾਵਟੀ ਪਦਾਰਥਾਂ ਤੋਂ ਤਾਂ ਹੁਣ ਚਾਕਲੇਟ ਤੇ ਪੀਣ ਵਾਲੇ ਪਦਾਰਥ (ਕੋਲਡ ਡਰਿੰਕ) ਵੀ ਸੁਰੱਖਿਅਤ ਨਹੀਂ ਰਹੇ।
ਖ਼ੁਰਾਕ ਸੁਰੱਖਿਆ ਦੀ ਇਸ ਰਿਪੋਰਟ ਅਨੁਸਾਰ ਮਿਲਾਵਟੀ ਤੇ ਘਟੀਆ ਪੱਧਰ ਦੇ ਖਾਧ ਪਦਾਰਥਾਂ ਦੀ ਇਹ ਸਮੱਸਿਆ ਦੇਸ਼ ਦੇ ਕਈ ਹੋਰ ਸੂਬਿਆਂ 'ਚ ਵੀ ਹੈ ਪਰ ਪੰਜਾਬ ਤੇ ਹਰਿਆਣਾ ਤੋਂ ਲਏ ਨਮੂਨਿਆਂ 'ਚੋਂ 18 ਤੋਂ 20 ਫ਼ੀਸਦੀ ਤੱਕ ਨਮੂਨੇ ਫ਼ੇਲ੍ਹ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜਿਨ੍ਹਾਂ ਖੇਤਰਾਂ 'ਚ ਮਿਲਾਵਟ ਦੀ ਸਮੱਸਿਆ ਵਧੇਰੇ ਹੈ, ਉਹ ਗੁਆਂਢੀ ਸੂਬਿਆਂ ਨਾਲ ਲਗਦੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲਗਦੇ ਖੇਤਰਾਂ ਗੁਆਂਢੀ ਸੂਬੇ ਰਾਜਸਥਾਨ, ਝਾਰਖੰਡ, ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਆਦਿ ਵਿਚ ਵੀ ਮਿਲਾਵਟੀ ਤੇ ਅਸੁਰੱਖਿਅਤ ਪਦਾਰਥ ਵੱਡੀ ਮਾਤਰਾ 'ਚ ਪਾਏ ਗਏ ਹਨ। ਹਰਿਆਣਾ 'ਚ ਤਾਂ ਸਾਲ 2024-25 ਦੌਰਾਨ ਖਾਧ ਪਦਾਰਥਾਂ ਦੇ 22 ਫ਼ੀਸਦੀ ਨਮੂਨੇ ਫ਼ੇਲ੍ਹ ਹੋਏ ਸਨ, ਜੋ 2,233 ਨਮੂਨਿਆਂ 'ਚ 500 ਤੋਂ ਵੱਧ ਪਦਾਰਥ ਮਨੁੱਖ ਦੇ ਖਾਣ ਯੋਗ ਨਹੀਂ ਸਨ। ਹਿਮਾਚਲ ਪ੍ਰਦੇਸ਼ 'ਚ ਵੀ 1,587 ਨਮੂਨਿਆਂ 'ਚੋਂ 293 ਫ਼ੇਲ੍ਹ ਹੋ ਗਏ ਸਨ। ਹਾਲਾਂਕਿ ਜੰਮੂ-ਕਸ਼ਮੀਰ ਥੋੜ੍ਹਾ ਸੁਰੱਖਿਅਤ ਰਿਹਾ ਪਰ ਹੁਣ ਉੱਥੇ ਵੀ ਖਾਧ ਪਦਾਰਥਾਂ 'ਚ ਮਿਲਾਵਟ ਪਾਏ ਜਾਣ ਦੀਆਂ ਖ਼ਬਰਾਂ ਆਈਆਂ ਹਨ।
ਇਸ ਰਿਪੋਰਟ ਦਾ ਇਕ ਤੱਥ ਬਹੁਤ ਅਹਿਮ ਹੈ ਕਿ ਮਿਲਾਵਟ ਪਹਿਲੇ ਸਮਿਆਂ ਤੇ ਪੁਰਾਣੀਆਂ ਸਰਕਾਰਾਂ ਦੇ ਦੌਰ 'ਚ ਵੀ ਹੁੰਦੀ ਰਹੀ ਹੈ ਪਰ ਪਿਛਲੇ 3-4 ਦਹਾਕਿਆਂ ਤੋਂ ਮਿਲਾਵਟ ਦੀ ਸਮੱਸਿਆ ਲਾਇਲਾਜ ਹੁੰਦੀ ਜਾ ਰਿਹਾ ਹੈ। ਮਿਲਾਵਟਖੋਰ ਅਨਸਰ ਥੋੜ੍ਹੇ ਜਿਹੇ ਵਧੇਰੇ ਲਾਭ ਤੇ ਲਾਲਚ ਕਾਰਨ ਦੁੱਧ, ਖੋਆ ਤੇ ਪਨੀਰ ਵਿਚ ਕੈਮੀਕਲ ਵਾਲੇ ਤੱਤ, ਕੱਪੜੇ ਧੋਣ ਵਾਲਾ ਕਾਸਟਿਕ ਸੋਡਾ ਤੇ ਗੰਦਾ ਪਾਣੀ ਤੱਕ ਮਿਲਾਉਣ ਲੱਗ ਪਏ ਹਨ। ਇਹ ਮਿਲਾਵਟ ਦੁੱਧ, ਪਨੀਰ ਤੇ ਮਠਿਆਈਆਂ ਆਦਿ 'ਚ ਕੀਤੀ ਹੋਣ ਕਰਕੇ ਇਸ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮਸਾਲਿਆਂ, ਦਾਲਾਂ ਤੇ ਚੌਲਾਂ ਵਿਚ ਵੀ ਵੱਡੇ ਪੱਧਰ ਮਿਲਾਵਟ ਪਾਈ ਜਾ ਰਹੀ ਹੈ। ਮਸਾਲਿਆਂ ਵਿਚ ਜਾਨਵਰਾਂ ਦੀ ਲਿੱਦ ਤੇ ਦਾਲਾਂ 'ਚ ਜੰਗਲੀ ਬੂਟਿਆਂ ਦੇ ਜ਼ਹਿਰੀਲੇ ਬੀਜ ਮਿਲਾਏ ਜਾਂਦੇ ਹਨ। ਸਬਜ਼ੀਆਂ ਤੇ ਦਵਾਈਆਂ ਵਿਚ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਕਾਲੀ ਮਿਰਚ ਅਤੇ ਲੂਣ ਵਰਗੇ ਆਮ ਵਰਤੋਂ ਵਿਚ ਆਉਣ ਵਾਲੇ ਪਦਾਰਥ ਵੀ ਮਿਲਾਵਟ ਤੋਂ ਸੁਰੱਖਿਅਤ ਨਹੀਂ ਰਹੇ। ਖੇਤੀ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ ਤੇ ਬੀਜਾਂ ਵਿਚ ਪਾਈ ਗਈ ਮਿਲਾਵਟ ਨੇ ਤਾਂ ਹਰ ਪੱਖੋਂ ਨੁਕਸਾਨਦੇਹ ਸਥਿਤੀ ਪੈਦਾ ਕਰ ਦਿੱਤੀ ਹੈ। ਖੇਤੀ ਉਪਜ ਤੋਂ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਵਿਚ ਵੀ ਤੈਅ ਸੀਮਾ ਤੋਂ ਵੱਧ ਨਦੀਨ ਨਾਸ਼ਕਾਂ ਤੇ ਕੀਟਨਾਸ਼ਕਾਂ ਦੇ ਅੰਸ਼ ਪਾਏ ਜਾਂਦੇ ਹਨ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਇਹ ਇਕ ਅਜਿਹੀ ਸਮੱਸਿਆ ਬਣ ਗਈ ਹੈ, ਜਿਸ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਕੋਈ ਵੀ ਅਜਿਹਾ ਖੇਤਰ ਦਿਖਾਈ ਨਹੀਂ ਦੇ ਰਿਹਾ, ਜਿੱਥੇ ਮਿਲਾਵਟ ਦੀ ਸਮੱਸਿਆ ਨਾ ਹੋਵੇ। ਬੇਸ਼ੱਕ ਸਰਕਾਰਾਂ ਤੇ ਪ੍ਰਸ਼ਾਸਨਿਕ ਤੰਤਰ ਇਸ ਸਮੱਸਿਆ 'ਤੇ ਨਕੇਲ ਕੱਸਣ ਲਈ ਹਮੇਸ਼ਾ ਸਰਗਰਮ ਰਹਿੰਦਾ ਹੈ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਅਸਮਾਜਿਕ ਕੰਮਾਂ ਨਾਲ ਸੰਬੰਧਿਤ ਲੋਕਾਂ ਦੇ ਹੱਥ ਕਾਨੂੰਨ ਤੋਂ ਵੀ ਲੰਬੇ ਹੋ ਗਏ ਹਨ। ਹਰ ਕਾਰਵਾਈ ਤੋਂ ਬਾਅਦ ਉਹ ਕੋਈ ਨਵਾਂ ਤੇ ਵੱਖਰਾ ਢੰਗ ਲੱਭ ਹੀ ਲੈਂਦੇ ਹਨ। ਅਸੀਂ ਸਮਝਦੇ ਹਾਂ ਕਿ ਇਸ ਪ੍ਰਕਾਰ ਦੇ ਕੰਮ ਕਰਨ ਵਾਲਿਆਂ 'ਤੇ ਕਾਨੂੰਨ ਪ੍ਰਕਿਰਿਆ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਵੀ ਬਹੁਤ ਜ਼ਰੂਰੀ ਹੈ। ਮਿਲਾਵਟਖੋਰੀ ਵਿਚ ਲੱਗੇ ਅਨਸਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੇ ਅਮਲ ਦੇ ਮਾੜੇ ਅਸਰ ਉਨ੍ਹਾਂ ਦੇ ਆਪਣੇ ਪਰਿਵਾਰਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਚਾਹੇ ਕੁਝ ਵੀ ਹੋਵੇ ਤੇ ਕਿਵੇਂ ਵੀ ਹੋਵੇ, ਮਿਲਾਵਟ ਦੇ ਇਸ ਧੰਦੇ 'ਤੇ ਰੋਕ ਲੱਗਣੀ ਬਹੁਤ ਜ਼ਰੂਰੀ ਹੈ।

ਪਿਛਲੀ ਖ਼ਬਰ ਕੀ ਭਾਜਪਾ ਰਾਹੁਲ ਗਾਂਧੀ 'ਤੇ ਮੁਕੱਦਮਾ ਚਲਾਏਗੀ? ਅਗਲੀ ਖ਼ਬਰ ਪਹਿਲੇ ਅਪਰਾਧੀ ਉਹ ਹੁੰਦੇ ਹਨ ਜੋ ਅਪਰਾਧ ਕਰਦੇ ਹਨ, ਦੂਜੇ ਅਪਰਾਧੀ ਉਹ ਜੋ ਅਪਰਾਧ ਹੋਣ ਦਿੰਦੇ ਹਨ। -ਫੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।