ਲੱਗਦਾ ਰਾਹੁਲ ਗਾਂਧੀ ਮੁਕੱਦਮਿਆਂ ਦੇ ਆਦੀ ਹੋ ਗਏ ਹਨ। ਦੇਸ਼ ਵਿਚ ਸ਼ਾਇਦ ਹੀ ਕੋਈ ਅਜਿਹਾ ਸੂਬਾ ਹੋਵੇ ਜਿੱਥੇ ਉਸ ਵਿਰੁੱਧ ਕੋਈ ਕੇਸ ਦਰਜ ਨਾ ਹੋਇਆ ਹੋਵੇ। ਭਾਵੇਂ ਦਿੱਲੀ ਪੁਲਿਸ ਵਲੋਂ ਦਾਇਰ ਕੀਤਾ ਗਿਆ ਨਵਾਂ ਕੇਸ ਉਨ੍ਹਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਨਾ ਹੋਵੇ, ਪਰ ਸਰਕਾਰ ਨੂੰ ਉਮੀਦ ਹੈ ਕਿ ਇਸ ਮੁਕੱਦਮੇ ਰਾਹੀਂ ਰਾਹੁਲ ਗਾਂਧੀ 'ਤੇ ਦਬਾਅ ਵਧੇਗਾ ਅਤੇ ਇਹ ਦਬਾਅ ਹੋਰ ਲੋਕਾਂ 'ਤੇ ਵੀ ਬਣ ਸਕਦਾ ਹੈ। ਇਹ ਮਾਮਲਾ ਸਾਬਕਾ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਦੀ ਕਿਤਾਬ ਨੂੰ ਲੋਕ ਸਭਾ ਵਿਚ ਲਿਆਉਣ ਨਾਲ ਸਬੰਧਤ ਹੈ। ਹਾਲਾਂਕਿ ਜਦੋਂ ਦਿੱਲੀ ਪੁਲਿਸ ਜਾਂਚ ਕਰੇਗੀ ਕਿ ਰਾਹੁਲ ਗਾਂਧੀ ਨੂੰ ਇਹ ਕਿਤਾਬ ਕਿੱਥੋਂ ਮਿਲੀ ਤਾਂ ਇਸ ਦੇ ਨਾਲ ਹੀ ਕਈ ਹੋਰ ਚੀਜ਼ਾਂ ਦੀ ਵੀ ਜਾਂਚ ਹੋਵੇਗੀ। ਇਹ ਜਾਂਚ ਜਨਰਲ ਨਰਵਾਣੇ ਤੱਕ ਵੀ ਪਹੁੰਚੇਗੀ ਕਿਉਂਕਿ ਜੇਕਰ ਪ੍ਰਕਾਸ਼ਕ ਨੇ ਕਿਤਾਬ ਲੀਕ ਨਹੀਂ ਕੀਤੀ ਤਾਂ ਦੂਜਾ ਸਰੋਤ ਲੇਖਕ ਹੀ ਹੋ ਸਕਦਾ ਹੈ। ਸਰਕਾਰ ਦੇ ਸੰਸਦੀ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਉਹ ਇਸ ਮਾਮਲੇ ਨਾਲ ਕਾਂਗਰਸ ਤੇ ਵਿਰੋਧੀ ਧਿਰ 'ਤੇ ਦਬਾਅ ਬਣਾ ਸਕਣਗੇ। ਜਦਕਿ ਦੂਜੇ ਪਾਸੇ ਰਾਹੁਲ ਗਾਂਧੀ ਦੀ ਟੀਮ ਦਾ ਕਹਿਣਾ ਹੈ ਕਿ ਇਹ ਵਿਵਾਦ ਜਿੰਨਾ ਵਧੇਗਾ, ਓਨਾ ਹੀ ਇਹ ਸਰਕਾਰ ਨੂੰ ਨੁਕਸਾਨ ਪਹੁੰਚਾਏਗਾ ਕਿਉਂਕਿ ਲੋਕਾਂ ਦੇ ਮਨ 'ਚ ਸਵਾਲ ਉੱਠਣਗੇ ਕਿ ਸਰਕਾਰ ਇਕ ਸਾਬਕਾ ਫ਼ੌਜ ਮੁਖੀ ਦੀ ਕਿਤਾਬ ਦੀਆਂ ਗੱਲਾਂ ਨੂੰ ਕਿਉਂ ਬਾਹਰ ਆਉਣ ਤੋਂ ਰੋਕਣਾ ਚਾਹੁੰਦੀ ਹੈ। ਲੋਕਾਂ ਨੂੰ ਯਕੀਨ ਹੋ ਗਿਆ ਹੈ ਕਿ ਜਨਰਲ ਨਰਵਾਣੇ ਕੁਝ ਅਜਿਹਾ ਪ੍ਰਗਟ ਕਰਨਾ ਚਾਹੁੰਦੇ ਹਨ, ਜਿਸ ਨੂੰ ਸਰਕਾਰ ਲੁਕਾਉਣਾ ਚਾਹੁੰਦੀ ਹੈ। ਸਰਕਾਰ ਫ਼ੌਜ ਬਾਰੇ ਜੋ ਵੀ ਬਿਰਤਾਂਤ (ਨੈਰੇਟਿਵ) ਰਚਦੀ ਹੈ ਉਹ ਖਰਾਬ ਹੋਵੇਗਾ। ਇਸ ਲਈ ਇਹ ਮੁਕੱਦਮਾ ਇਕ ਦੋਧਾਰੀ ਤਲਵਾਰ ਹੈ, ਜੋ ਸਰਕਾਰ 'ਤੇ ਉਲਟਾ ਵੀ ਪੈ ਸਕਦਾ ਹੈ।
ਅਜੀਤ ਪਵਾਰ ਦੀ ਮੌਤ ਨਾਲ ਜੁੜੇ ਸਵਾਲ
ਸ਼ਰਦ ਪਵਾਰ ਦੇ ਪੋਤੇ ਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਰੋਹਿਤ ਪਵਾਰ ਨੇ ਆਪਣੇ ਚਾਚਾ ਅਜੀਤ ਪਵਾਰ ਦੀ ਮੌਤ ਪਿੱਛੇ ਸਾਜ਼ਿਸ਼ ਹੋਣ ਦੀ ਗੱਲ ਕਹੀ ਹੈੈ। ਰੋਹਿਤ ਪਵਾਰ ਨੇ ਇਕ ਪ੍ਰੈਸ ਕਾਨਫਰੰਸ ਵਿਚ ਪਾਵਰ ਪੁਆਇੰਟ ਪੇਸ਼ਕਾਰੀ ਦਿੰਦਿਆਂ ਦੋਸ਼ ਲਗਾਏ ਹਨ ਕਿ ਅਜੀਤ ਪਵਾਰ ਦੇ ਜਹਾਜ਼ ਹਾਦਸੇ ਪਿੱਛੇ ਇਕ ਵੱਡੀ ਸਾਜਿਸ਼ ਸੀ। ਰੋਹਿਤ ਪਵਾਰ ਜਦੋਂ ਦੋਸ਼ ਲਗਾ ਰਹੇ ਸਨ ਤਾਂ ਉਸੇ ਸਮੇਂ ਸੁਨੇਤਰਾ ਪਵਾਰ ਨੇ ਰਸਮੀ ਤੌਰ 'ਤੇ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ, ਪਰ ਅਜੇ ਤੱਕ ਸੁਨੇਤਰਾ ਜਾਂ ਉਨ੍ਹਾਂ ਦੇ ਦੋਵੇਂ ਪੁੱਤਰਾਂ ਦਾ ਅਜਿਹਾ ਕੋਈ ਬਿਆਨ ਨਹੀਂ ਆਇਆ ਹੈ। ਹੁਣ ਸਵਾਲ ਉੱਠਦਾ ਹੈ ਕਿ ਸ਼ਰਦ ਪਵਾਰ ਕੈਂਪ ਦੇ ਆਗੂ ਅਜਿਹੇ ਬਿਆਨ ਕਿਉਂ ਦੇ ਰਹੇ ਹਨ? ਜਦਕਿ ਖ਼ੁਦ ਸ਼ਰਦ ਪਵਾਰ ਪਹਿਲੇ ਦਿਨ ਤੋਂ ਕਿਸੇ ਵੀ ਸਾਜਿਸ਼ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਰੋਹਿਤ ਪਵਾਰ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਹਾਦਸਾਗ੍ਰਸਤ ਜਹਾਜ਼ ਦੋ ਦਿਨ ਪਹਿਲਾਂ ਸੂਰਤ ਕਿਉਂ ਗਿਆ ਸੀ? ਉਨ੍ਹਾਂ ਪਾਇਲਟ ਸੁਮਿਤ ਕਪੂਰ ਦੇ ਚਾਲ-ਚਲਣ 'ਤੇ ਸਵਾਲ ਉਠਾਉਂਦਿਆ ਕਿਹਾ ਕਿ ਉਹ ਸ਼ਰਾਬ ਪੀਣ ਦੀ ਲਤ ਕਾਰਨ ਕਈ ਵਾਰ ਵਿਵਾਦਾਂ ਵਿਚ ਰਿਹਾ ਹੈ। ਉਸ ਨੇ ਪਹਿਲਾਂ ਅਜੀਤ ਪਵਾਰ ਦੇ ਜਹਾਜ਼ ਨੂੰ ਲੈ ਕੇ ਬਾਰਾਮਤੀ ਨਹੀਂ ਜਾਣਾ ਸੀ, ਪਰ ਅਚਾਨਕ ਪਹਿਲਾਂ ਤੋਂ ਤੈਅ ਪਾਇਲਟ ਦੀ ਥਾਂ ਉਸ ਨੂੰ ਭੇਜ ਦਿੱਤਾ ਗਿਆ। ਰੋਹਿਤ ਦਾ ਦੋਸ਼ ਹੈ ਕਿ ਪਾਇਲਟ ਨੇ ਹਾਦਸੇ ਤੋਂ ਪਹਿਲਾਂ 'ਮੇ ਡੇ' ਅਲਰਟ ਕਿਉਂ ਨਹੀਂ ਕੀਤਾ। ਪਹਿਲੀ ਨਜ਼ਰ 'ਚ ਸਵਾਲ ਜਾਇਜ਼ ਜਾਪਦੇ ਹਨ, ਪਰ ਜੇਕਰ ਇਹ ਦੋਸ਼ ਅਜੀਤ ਪਵਾਰ ਦੀ ਪਤਨੀ ਜਾਂ ਪੁੱਤਰ ਲਗਾਉਂਦੇ ਤਾਂ ਇਨ੍ਹਾਂ ਦੀ ਗੰਭੀਰਤਾ ਹੋਰ ਵਧੇਰੇ ਹੁੰਦੀ।
ਹੋਟਲਾਂ 'ਚ ਏ.ਆਈ. ਕਾਨਫਰੰਸ ਲਈ ਭੀੜ
ਦਿੱਲੀ ਵਿਚ 16 ਤੋਂ 20 ਫਰਵਰੀ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) 'ਤੇ ਹੋ ਰਹੇ ਪਹਿਲੇ ਅੰਤਰਰਾਸ਼ਟਰੀ ਸੰਮੇਲਨ 'ਚ ਦੁਨੀਆ ਭਰ ਦੀਆਂ ਏ.ਆਈ. ਕੰਪਨੀਆਂ ਤੇ ਸਟਾਰਟਅੱਪ ਸ਼ਾਮਿਲ ਹੋਣ ਲਈ ਆ ਰਹੇ ਹਨ। ਏ.ਆਈ. ਖੋਜ ਸੰਗਠਨ ਓਪਨ ਏ.ਆਈ. ਦੇ ਸੈਮ ਆਲਟਮੈਨ ਅਨੁਸਾਰ ਇਸ ਸੰਮੇਲਨ ਵਿਚ ਸੈਂਕੜੇ ਸੀ.ਈ.ਓ. ਅਤੇ ਟੈਕਨੋਕਰੇਟਸ ਸ਼ਾਮਿਲ ਹੋਣਗੇ। ਇਸ ਸੰਮੇਲਨ ਬਾਰੇ ਭਾਰਤ ਦੀਆਂ ਤਿਆਰੀਆਂ 'ਤੇ ਚਰਚਾ ਕਰਨ ਦੀ ਬਜਾਏ ਮੁੱਖ ਧਿਆਨ ਹੋਟਲਾਂ ਲਈ ਮਾਰਾਮਾਰੀ ਹੈ। ਇਸ ਸੰਮੇਲਨ 'ਚ ਕਿੰਨੀਆਂ ਭਾਰਤੀ ਕੰਪਨੀਆਂ ਹਿੱਸਾ ਲੈਣਗੀਆਂ, ਇਸ ਦਾ ਭਾਰਤ ਵਿਚ ਏ.ਆਈ. ਈਕੋਸਿਸਟਮ 'ਤੇ ਕੀ ਪ੍ਰਭਾਵ ਪਵੇਗਾ, ਇਸ ਦੀ ਬਜਾਏ ਹੋਟਲਾਂ ਦੇ ਕਮਰੇ ਮਹਿੰਗੇ ਹੋਣ ਦੀਆਂ ਰਿਪੋਰਟਾਂ ਹਨ। ਦਿੱਲੀ ਦੇ ਸਾਰੇ ਪੰਜ-ਸਿਤਾਰਾ ਹੋਟਲ 16 ਤੋਂ 20 ਫਰਵਰੀ ਤੱਕ ਭਰੇ ਹੋਏ ਹਨ ਤੇ ਕੋਈ ਵੀ ਕਮਰਾ ਖਾਲੀ ਨਹੀਂ ਹੈ। ਖ਼ਬਰਾਂ ਅਨੁਸਾਰ ਜਿਸ ਕਮਰੇ ਦਾ ਕਿਰਾਇਆ ਪਹਿਲਾਂ 20,000 ਰੁਪਏ ਸੀ, ਹੁਣ 50,000 ਤੋਂ ਵੱਧ ਰੁਪਏ 'ਚ ਮਿਲ ਰਹੇ ਹਨ, ਜਦਕਿ 40,000 ਰੁਪਏ ਵਾਲੇ ਕਮਰੇ ਦਾ ਕਿਰਾਇਆ 1,50,000 ਤੋਂ ਵੀ ਵੱਧ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਦਿੱਲੀ ਵਿਚ ਇੰਨਾ ਵੱਡਾ ਸੰਮੇਲਨ ਹੋ ਰਿਹਾ ਹੈ ਤਾਂ ਕੀ ਸਰਕਾਰ ਨੂੰ ਹੋਟਲਾਂ 'ਚ ਕਿਰਾਇਆ ਕੀਮਤਾਂ ਵਿਚ ਵਾਧੇ ਨੂੰ ਕੰਟਰੋਲ ਨਹੀਂ ਕਰਨਾ ਚਾਹੀਦਾ? ਭਾਰਤ ਵਿਚ ਜਦੋਂ ਵੀ ਕੋਈ ਅੰਤਰਰਾਸ਼ਟਰੀ ਸੰਮੇਲਨ ਹੋਵੇ ਜਾਂ ਆਫ਼ਤ ਆ ਜਾਵੇ ਤਾਂ ਏਅਰਲਾਈਨਾਂ, ਹੋਟਲ ਤੇ ਕੈਬ ਸੇਵਾਵਾਂ ਵਾਲੇ ਬਹੁਤ ਜ਼ਿਆਦਾ ਕਿਰਾਏ ਵਸੂਲਣ ਲੱਗ ਜਾਂਦੇ ਹਨ।
ਭਾਜਪਾ ਸਿਰਫ਼ ਹਿੰਦੂ-ਮੁਸਲਿਮ ਮੁੱਦਿਆਂ ਦੇ ਸਹਾਰੇ
ਅਸਾਮ ਵਿਚ ਚੋਣਾਂ ਹੋਣ ਵਾਲੀਆਂ ਹਨ, ਜਿੱਥੇ ਹੋਰ ਸਾਰੇ ਮੁੱਦੇ 'ਗੌਣ' ਹੁੰਦੇ ਜਾ ਰਹੇ ਹਨ। ਇੱਥੇ ਭਾਜਪਾ ਪਿਛਲੇ 10 ਸਾਲਾਂ ਤੋਂ ਸੱਤਾ ਵਿਚ ਹੈ, ਪਰ ਪਾਰਟੀ 10 ਸਾਲਾਂ ਤੋਂ ਆਪਣੀ ਡਬਲ-ਇੰਜਣ ਸਰਕਾਰ ਦੇ ਪ੍ਰਦਰਸ਼ਨ ਨੂੰ ਉਜਾਗਰ ਕਰਨ ਦੀ ਬਜਾਏ ਸਿਰਫ਼ ਹਿੰਦੂ-ਮੁਸਲਿਮ ਮੁੱਦੇ 'ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਇਕ ਪ੍ਰਯੋਗ ਦੇ ਤੌਰ 'ਤੇ ਹਾਲ ਹੀ ਵਿਚ ਏ.ਆਈ. ਦੁਆਰਾ ਬਣਾਇਆ ਗਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਦੋ ਮੁਸਲਿਮ ਦਿੱਖ ਵਾਲੇ ਆਦਮੀਆਂ ਨੂੰ ਬੰਦੂਕ ਦਾ ਨਿਸ਼ਾਨਾ ਬਣਾਉਂਦੇ ਦੇਖਿਆ ਗਿਆ ਸੀ। ਉਕਤ ਵੀਡੀਓ ਹੁਣ ਹਟਾ ਦਿੱਤੀ ਗਈ ਹੈ ਗਿਆ ਸੀ। ਇਸ ਵੀਡੀਓ 'ਚ ਹਿੰਦੂ-ਮੁਸਲਿਮ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦਿਆਂ 'ਘੁਸਪੈਠੀਏ' ਤੇ 'ਮੀਆਂ ਮੁਸਲਿਮ' ਸ਼ਬਦ ਵਰਤੇ ਗਏ ਸਨ। ਇਸ ਤੋਂ ਪਹਿਲਾਂ ਸਰਮਾ ਨੇ 2024 ਦੀਆਂ ਝਾਰਖੰਡ ਚੋਣਾਂ ਵਿਚ ਵੀ ਇਸੇ ਤਰ੍ਹਾਂ ਦਾ ਜ਼ਹਿਰੀਲਾ ਪ੍ਰਚਾਰ ਕੀਤਾ ਸੀ, ਪਰ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਸੀ। ਹੁਣ,ਇਹ ਦੇਖਣਾ ਬਾਕੀ ਹੈ ਕਿ ਉਹ ਅਸਾਮ 'ਚ ਇਸ ਮੁੱਦੇ ਨੂੰ ਕਿਵੇਂ ਵਰਤਦੇ ਹਨ।
ਸਾਰੇ ਚਾਹੁੰਦੇ ਸਨ ਕਿ ਪਾਕਿਸਤਾਨ ਮੈਚ ਖੇਡੇ
ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ, ਇਹ ਗੱਲ ਭਾਰਤ ਸਰਕਾਰ ਦੇ ਉੱਚ ਨੇਤਾ ਅਕਸਰ ਪਾਕਿਸਤਾਨ ਦੇ ਸੰਦਰਭ 'ਚ ਕਹਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਦੀਆਂ ਗੱਲਾਂ ਭਾਰਤੀ ਕ੍ਰਿਕਟ ਪ੍ਰਸ਼ਾਸਕ ਤੇ ਪ੍ਰਸਾਰਕ ਵੀ ਕਹਿੰਦੇ ਹਨ ਕਿ ਅੱਤਵਾਦ ਤੇ ਕ੍ਰਿਕਟ ਇਕੱਠੇ ਨਹੀਂ ਚੱਲ ਸਕਦੇ। ਪਰ ਜਦੋਂ ਕਾਰੋਬਾਰ ਦੀ ਗੱਲ ਆਉਂਦੀ ਹੈ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ। ਇਸ ਵਾਰ 10 ਦਿਨਾਂ ਦੇ ਡਰਾਮੇ ਤੋਂ ਬਾਅਦ ਪਾਕਿਸਤਾਨ 15 ਫਰਵਰੀ ਨੂੰ ਕੋਲੰਬੋ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਭਾਰਤ ਨਾਲ ਖੇਡਣ ਲਈ ਸਹਿਮਤ ਹੋ ਗਿਆ। ਇਹ ਵੀ ਇਕ ਸ਼ਾਨਦਾਰ ਸੰਯੋਗ ਹੈ ਕਿ ਹਰ ਆਈ.ਸੀ.ਸੀ. ਟੂਰਨਾਮੈਂਟ ਵਿਚ ਭਾਰਤ ਤੇ ਪਾਕਿਸਤਾਨ ਨੂੰ ਇਕੋ ਗਰੁੱਪ ਵਿਚ ਰੱਖਿਆ ਜਾਂਦਾ ਤਾਂ ਜੋ ਦੋਹਾਂ ਦੇਸ਼ਾਂ ਵਿਚਕਾਰ ਘੱਟੋ-ਘੱਟ ਇਕ ਮੈਚ ਜ਼ਰੂਰ ਹੋ ਸਕੇ। ਇਹ ਸਾਰਿਆਂ ਲਈ ਇਕ ਲਾਭਦਾਇਕ ਕਾਰੋਬਾਰ ਹੈ। ਹਾਲਾਂਕਿ ਭਾਰਤੀ ਮੀਡੀਆ ਅਜਿਹਾ ਮਾਹੌਲ ਬਣਾ ਰਿਹਾ ਹੈ ਕਿ ਪਾਕਿਸਤਾਨ ਝੁਕ ਗਿਆ ਹੈ। ਪਰ ਸਾਨੂੰ ਕੋਈ ਵੀ ਇਹ ਨਹੀਂ ਦੱਸ ਰਿਹਾ ਹੈ ਕਿ ਬੀ.ਸੀ.ਸੀ.ਆਈ. ਚਾਹੁੰਦਾ ਸੀ ਕਿ ਮੈਚ ਹੋਵੇ ਕਿਉਂਕਿ ਰਿਲਾਇੰਸ ਗਰੁੱਪ ਦੀ ਕੰਪਨੀ 'ਜੀਓ' ਕੋਲ ਇਸ ਟੂਰਨਾਮੈਂਟ ਦੇ ਪ੍ਰਸਾਰਨ ਅਧਿਕਾਰ ਸਨ। ਜੇਕਰ ਮੈਚ ਨਾ ਹੁੰਦਾ ਤਾਂ ਬੀ.ਸੀ.ਸੀ.ਆਈ. ਅਤੇ ਜੀਓ ਨੂੰ ਕਾਫ਼ੀ ਨੁਕਸਾਨ ਹੋਣਾ ਸੀ। ਜ਼ਿਕਰਯੋਗ ਪਾਕਿਸਤਾਨ ਨੇ ਬਾਈਕਾਟ ਦਾ ਐਲਾਨ ਕਰਨ ਦੀ ਹਿੰਮਤ ਦਿਖਾਈ, ਜਦਕਿ ਬਾਈਕਾਟ ਭਾਰਤ ਨੂੰ ਕਰਨਾ ਚਾਹੀਦਾ ਸੀ।
ਕੀ ਭਾਜਪਾ ਰਾਹੁਲ ਗਾਂਧੀ 'ਤੇ ਮੁਕੱਦਮਾ ਚਲਾਏਗੀ?
ਅਜੀਤ ਡੈਸਕ
16-02-2026