21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਨਵਾਂ ਜ਼ਮਾਨਾ ਏ.ਆਈ. ਦਾ-(2)-ਇਹ ਵਰ੍ਹਾ ਦਿਖਾਏਗਾ ਅਨੇਕਾਂ ਨਵੇਂ ਚਮਤਕਾਰ

ਅਜੀਤ ਡੈਸਕ 16-02-2026

(ਕੱਲ੍ਹ ਤੋਂ ਅੱਗੇ)
ਕੁਆਂਟਮ ਕੰਪਿਊਟਰ-ਕੁਆਂਟਮ ਕੰਪਿਊਟਰਾਂ ਦੀ ਵਰਤੋਂ ਵਾਸਤਵਿਕ ਰੂਪ 'ਚ ਦਿਖਾਈ ਦੇਵੇਗੀ। ਆਈ.ਬੀ.ਐਮ. ਨੇ 2023 'ਚ 1000 ਕਿਊਬਿਟ ਦਾ ਟੀਚਾ ਤੈਅ ਕੀਤਾ ਸੀ। ਇਸ ਸਾਲ 1386 ਕਿਊਬਿਟ ਵਾਲੀ ਚਿਪ ਬਣਾਉਣ ਦੀ ਯੋਜਨਾ ਹੈ। ਇਸ ਖੇਤਰ ਦੀਆਂ ਖੋਜਾਂ ਨਵੀਆਂ ਦਵਾਈਆਂ ਦਾ ਫੁਰਤੀ ਨਾਲ ਵਿਕਾਸ ਕਰਨ ਲਈ ਪਾਏਦਾਰ ਕੰਮ ਕਰਨਗੀਆਂ। ਗੂਗਲ, ਓਪਨ ਏ.ਆਈ. ਅਤੇ ਕਿਊ ਵਰਗੀਆਂ ਕੰਪਨੀਆਂ ਇਸ ਦੌੜ 'ਚ ਸ਼ਾਮਿਲ ਹਨ। ਪੋਸਟ ਕੁਆਂਟਮ ਐਨਕ੍ਰਿਪਸ਼ਨ ਨਾਲ ਸਾਈਬਰ ਖ਼ਤਰਿਆਂ ਨੂੰ ਰੋਕਣ ਵਾਲੇ ਟੂਲ ਵੀ ਬਣਨਗੇ।
ਏ.ਆਰ. ਸਕਰੀਨਾਂ-ਅਗਲੇ ਸਾਲ ਵੱਡੀਆਂ ਤੇ ਕੀਮਤੀ ਸਕਰੀਨਾਂ ਬਿਨਾਂ ਛੋਹੇ ਕੰਮ ਕਰਨਗੀਆਂ। ਇਹ ਅੱਖਾਂ ਦੇ ਇਸ਼ਾਰਿਆਂ ਜਾਂ ਆਵਾਜ਼ ਨਾਲ ਚੱਲਣਗੀਆਂ। ਇਸ ਸਾਲ ਇਨ੍ਹਾਂ ਦਾ ਅਸਲ ਉਪਯੋਗ ਹੋਵੇਗਾ। ਐਪਲ ਦੇ ਵਿਜ਼ਨ-ਪ੍ਰੋ ਨੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਮੈਟਾ-ਜੇਨ-2 ($eta 7en- 2), ਐਕਸ-ਰੀਅਲ ਵਨ-ਪ੍ਰੋ ਅਤੇ ਸੈਮਸੰਗ ਦੇ ਏ.ਆਰ. (ਐਗੁਮੈਂਟਿਡ ਰੀਐਲਟੀ) ਗਲਾਸ ਏ.ਆਈ. ਨਾਲ ਜੁੜ ਕੇ ਹੈਰਾਨੀਜਨਕ ਕੰਮ ਕਰਨਗੇ। ਲਾਈਵ ਕੈਪਸ਼ਨ, ਨੇਵੀਗੇਸ਼ਨ ਤੇ ਅਨੁਵਾਦ ਕੀਤੇ ਟਾਈਟਲ ਵੀ ਤੁਹਾਡੀਆਂ ਅੱਖਾਂ ਸਾਹਮਣੇ ਤਰਦੇ ਹੋਏ ਦਿਸਣਗੇ। ਇਸ ਨਵੇਂ ਸਾਲ 'ਚ ਸਵਾਲ ਦਾ ਜਵਾਬ ਦੇਣ, ਦਿਸ਼ਾ ਵੇਖਣ ਜਾਂ ਗੂਗਲ ਮੈਪ ਵੇਖਣ ਲਈ ਸਾਨੂੰ ਫ਼ੋਨ ਕੱਢਣ ਦੀ ਲੋੜ ਨਹੀਂ ਪਵੇਗੀ। ਇਹ ਸਮਾਰਟ ਯੰਤਰ ਇਸ ਕਦਰ ਅੱਖਾਂ ਦੇ ਸੰਪਰਕ 'ਚ ਹੋਣਗੇ ਕਿ ਇਹ ਸਾਡੇ ਪੁੱਛਣ ਤੋਂ ਪਹਿਲਾਂ ਹੀ ਸਾਨੂੰ ਲੋੜੀਂਦੀ ਜਾਣਕਾਰੀ ਪੇਸ਼ ਕਰ ਦੇਣਗੇ।
ਸਿਹਤ ਸੰਭਾਲ ਤੇ ਏ.ਆਈ.-2024 'ਚ ਗੂਗਲ ਡੀਪ ਮਾਈਂਡ ਨੇ ਐਲਾਨ ਕੀਤਾ ਸੀ ਕਿ ਉਸ ਦਾ ਮਾਡਲ ਰੈਟੀਨਾ ਸਕੈਨ ਨਾਲ 21 ਪ੍ਰਕਾਰ ਦੀਆਂ ਬਿਮਾਰੀਆਂ ਦਾ ਪਤਾ ਲਾ ਸਕਦਾ ਹੈ। ਅਮਰੀਕਾ 'ਚ ਡਾਕਟਰ ਮਰੀਜ਼ ਦੇ ਦਿਲ ਦਾ ਦੌਰਾ ਪੈਣ ਤੋਂ ਘੰਟਿਆਂ ਪਹਿਲਾਂ ਜਾਣਕਾਰੀ ਲੈਣ ਲਈ ਏ.ਆਈ. ਦੀ ਵਰਤੋਂ ਕਰ ਰਹੇ ਹਨ। ਭਵਿੱਖ 'ਚ ਏ.ਆਈ. ਆਧਾਰਤ ਮੈਡੀਕਲ ਯੰਤਰ ਹੋਰ ਸਮਾਰਟ ਹੋ ਜਾਣਗੇ। ਇਹ ਸੀ.ਟੀ. ਸਕੈਨ, ਐਕਸਰੇ, ਐਮ.ਆਰ.ਆਈ. ਨੂੰ ਪੜ੍ਹਨ ਤੇ ਵਿਸ਼ਲੇਸ਼ਣ ਕਰਨ ਲਈ ਵਰਤੇ ਜਾਣਗੇ। ਪਥ-ਏ.ਆਈ. ਕੈਂਸਰ ਸੈੱਲਾਂ ਦਾ ਪਤਾ ਲਾਏਗੀ ਤੇ ਏ.ਆਈ. ਆਧਾਰਤ ਈ.ਸੀ.ਜੀ. ਦਿਲ ਦੀਆਂ ਬਿਮਾਰੀਆਂ ਦਾ ਅਗਾਊਂ ਪਤਾ ਕਰੇਗੀ। ਏ.ਆਈ. ਡਾਕਟਰਾਂ ਦੀ ਮਦਦ ਕਰਕੇ ਸਮਾਂ ਤੇ ਜਾਨਾਂ ਬਚਾਏਗੀ। ਏ.ਆਈ. ਰਾਹੀਂ ਰੋਗੀ ਦਾ ਏ.ਆਈ. ਮਾਡਲ ਬਣਾ ਕੇ ਉਸ 'ਤੇ ਨਿਰੀਖਣ ਕੀਤੇ ਜਾਣਗੇ ਤੇ ਫਿਰ ਢੁਕਵੀਂ ਦਵਾਈ ਸੈੱਟ ਕਰਕੇ ਹੀ ਮਰੀਜ਼ ਦਾ ਇਲਾਜ ਕੀਤਾ ਜਾਵੇਗਾ।
ਐੱਜ ਚਿਪਸ-ਐੱਜ ਕੰਪਿਊਟਰ, ਕੰਪਿਊਟਰ ਵਿਗਿਆਨ ਦੀ ਇਕ ਅਜਿਹੀ ਸ਼ਾਖਾ ਹੈ, ਜਿੱਥੇ ਡਾਟੇ ਨੂੰ ਕਲਾਊਡ ਜਾਂ ਇੰਟਰਨੈੱਟ ਦੀ ਥਾਂ 'ਤੇ ਸਥਾਨਕ ਮੈਮਰੀ ਵਿਚ ਪ੍ਰੋਸੈੱਸ ਕਰਨ ਦਾ ਅਧਿਐਨ ਕੀਤਾ ਜਾਂਦਾ ਹੈ। ਐੱਜ ਏ.ਆਈ. ਚਿਪ ਇਕ ਤਰ੍ਹਾਂ ਦਾ ਸਮਾਰਟ ਪ੍ਰੋਸੈੱਸਰ ਹੈ, ਜੋ ਏ.ਆਈ. ਤੇ ਮਸ਼ੀਨ ਲਰਨਿੰਗ ਦੇ ਕੰਮ ਕਲਾਊਡ 'ਤੇ ਕਰਨ ਦੀ ਬਜਾਏ ਸਥਾਨਕ (*oca&) ਮੈਮਰੀ 'ਚ ਕਰਦਾ ਹੈ। ਸੰਭਾਵਨਾ ਹੈ ਕਿ ਇਸ ਨਵੇਂ ਸਾਲ 'ਚ ਜਦੋਂ ਅਸੀਂ ਨਵਾਂ ਫ਼ੋਨ ਜਾਂ ਲੈਪਟਾਪ ਖ਼ਰੀਦਾਂਗੇ ਤਾਂ ਉਸ ਵਿਚ ਆਈ-ਚਿਪ (}-3h}p) ਪਹਿਲਾਂ ਹੀ ਹੋਵੇਗੀ। ਐੱਜ-ਏ.ਆਈ. ਰਾਹੀਂ ਰੀਅਲ ਟਾਈਮ ਸਮਾਰਟਪਨ ਆਵੇਗਾ। ਇਨ੍ਹਾਂ 'ਚ ਕਿਸੇ ਕਿਸਮ ਦੀ ਕਲਾਊਡ ਸੇਵਾ ਦੀ ਵਰਤੋਂ ਨਹੀਂ ਹੋਵੇਗੀ। ਐਪਲ ਦੇ ਏ-17 ਪ੍ਰੋ ਤੇ ਐਮ-4 ਚਿਪਸ ਪਹਿਲਾਂ ਹੀ ਅਜਿਹਾ ਕਰ ਰਹੇ ਹਨ। ਇਹ ਤੁਰੰਤ ਭਾਸ਼ਾ ਅਨੁਵਾਦ, ਤਸਵੀਰ ਸੰਪਾਦਨ ਤੇ ਅਵਤਾਰਾਂ ਦੀ ਪਛਾਣ ਕਰ ਸਕਦੇ ਹਨ। ਕੁਆਲਕਾਮ, ਸਨੈਪ ਡ੍ਰੈਗਨ, ਐਕਸ ਅਲੀਟ ਇਹੀ ਵਿਸ਼ੇਸ਼ਤਾ ਵਿੰਡੋਜ਼ ਲੈਪਟਾਪ ਵਿਚ ਲਿਆ ਰਹੇ ਹਨ। ਇੰਟੇਲ ਦੀਆਂ ਚਿਪਸ ਨਿਊਰਲ ਪ੍ਰੋਸੈਸਿੰਗ ਨਾਲ ਆਉਂਦੀਆਂ ਹਨ, ਜੋ ਬਿਜਲੀ ਦੀ ਘੱਟ ਤੋਂ ਘੱਟ ਖ਼ਪਤ ਨਾਲ ਕੰਮ ਕਰਦੀਆਂ ਹਨ। ਇਸ ਖੇਤਰ 'ਚ ਐਨਵੀਡੀਆ, ਕੁਆਲਕਾਮ, ਗੂਗਲ, ਮੀਡੀਆ ਟੈਕ, ਇੰਟਲ ਵਲੋਂ ਖੋਜਾਂ ਜਾਰੀ ਹਨ।
ਏ.ਆਈ. ਆਧਾਰਤ ਹੋਮ ਅਸਿਸਟੈਂਟ-ਸਮਾਰਟ ਸਪੀਕਰ ਪਹਿਲਾਂ ਸਿਰਫ਼ ਸੰਗੀਤ ਸੁਣਾਉਂਦੇ ਸਨ ਪਰ ਹੁਣ ਉਹ ਨਾਲ-ਨਾਲ ਚਲਦੇ-ਫਿਰਦੇ ਵੀ ਹਨ। ਐਮਾਜ਼ੋਨ ਦਾ ਐਸਟਰੋ, ਜਿਸ ਨੂੰ ਪਹਿਲੀ ਵਾਰ 2021 'ਚ ਘਰੇਲੂ ਰੋਬੋਟ ਦੇ ਰੂਪ 'ਚ ਪੇਸ਼ ਕੀਤਾ ਗਿਆ ਸੀ, ਅਗਲੇ ਸਾਲ ਹੋਰ ਸਮਾਰਟ ਹੋ ਜਾਵੇਗਾ। ਘਰਾਂ ਵਿਚ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਰੱਖਣ, ਸਮਾਨ ਦੀ ਢੋਆ-ਢੁਆਈ, ਖਾਣਾ ਬਣਾਉਣ ਤੇ ਨਿਗਰਾਨੀ ਰੱਖਣ ਲਈ ਇਨ੍ਹਾਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ। ਐਪਲ ਆਪਣੇ ਟੇਬਲ ਟਾਪ ਰੋਬੋਟ (ਜੇ-595) 'ਤੇ ਕੰਮ ਕਰ ਰਿਹਾ ਹੈ, ਜੋ ਘੁੰਮ ਸਕਦਾ ਤੇ ਵਰਤੋਂਕਾਰ ਨੂੰ ਟ੍ਰੈਕ ਕਰ ਸਕਦਾ ਹੈ। ਇਹ ਰੋਬੋਟ ਘਰ ਦੇ ਮਾਹੌਲ ਤੋਂ ਸਿੱਖ ਕੇ ਆਪਣੇ-ਆਪ ਲਾਈਟਾਂ, ਤਾਪਮਾਨ, ਊਰਜਾ ਦਾ ਕੰਟਰੋਲ ਕਰਕੇ ਬੱਚਤ ਕਰਨਗੇ। ਚੀਨ ਦੇ ਇਕ ਸ਼ੋਅਰੂਮ 'ਚ ਇਨਸਾਨ ਦੀ ਤਰ੍ਹਾਂ ਦਿਸਣ ਵਾਲੇ ਸਹਾਇਕ ਰੋਬੋਟ ਗਾਹਕਾਂ ਦੀ ਮਦਦ ਕਰ ਰਹੇ ਹਨ, ਜੋ ਵਾਇਸ ਕਮਾਂਡ ਰਾਹੀਂ ਕੰਮ ਕਰਦੇ ਹਨ। ਇਹ ਲੋੜ ਪੈਣ 'ਤੇ ਆਪਣੇ ਚਿਹਰੇ ਦੇ ਹਾਵ-ਭਾਵ ਵੀ ਬਦਲ ਸਕਦੇ ਹਨ।
ਵਪਾਰਕ ਰੋਬੋਟ-ਵਪਾਰ ਦੇ ਖੇਤਰ 'ਚ ਆਮ ਤੌਰ 'ਤੇ ਰੋਬੋਟਾਂ ਨੂੰ ਖ਼ਤਰੇ ਵਾਲੇ ਮਾਹੌਲ 'ਚ ਤਾਇਨਾਤ ਕੀਤਾ ਜਾਂਦਾ ਹੈ। ਟੈਸਲਾ ਦਾ ਓਪਟੀਮਸ ਰੋਬੋਟ ਪਹਿਲਾਂ ਤੋਂ ਹੀ ਕੱਪੜਿਆਂ ਦੀ ਤਹਿ ਲਾਉਣ ਤੇ ਚੀਜ਼ਾਂ ਨੂੰ ਛਾਂਟਣ ਵਰਗੇ ਬੁਨਿਆਦੀ ਕੰਮ ਕਰ ਰਿਹਾ ਹੈ। ਭਵਿੱਖ ਵਿਚ ਇਹ ਏਨੇ ਸਸਤੇ ਹੋ ਜਾਣਗੇ ਕਿ ਇਨ੍ਹਾਂ ਦੀ ਵਰਤੋਂ ਵੱਡੇ ਪੈਮਾਨੇ 'ਤੇ ਹੋਣ ਲੱਗੇਗੀ। ਇਸ ਸਾਲ ਤੋਂ ਕਈਆਂ ਦੀ ਕੀਮਤ ਇਕ ਛੋਟੀ ਕਾਰ ਤੋਂ ਵੀ ਘੱਟ ਹੋਣ ਦੀ ਉਮੀਦ ਹੈ। ਟੈਸਲਾ, ਯੂਬੀਟੈਕ, ਫਿਗਰ ਏ.ਆਈ. ਤੇ ਚੀਨੀ ਕੰਪਨੀ ਬੀ.ਵਾਈ.ਡੀ. ਨੇ 2026 'ਚ ਹਜ਼ਾਰਾਂ ਰੋਬੋਟ ਤਿਆਰ ਕਰਨ ਦਾ ਟੀਚਾ ਮਿਥਿਆ ਹੈ।
ਜਨਰੇਟਿਵ ਏ.ਆਈ.-ਇਸ ਸਾਲ 'ਚ ਤੁਸੀਂ ਜੋ ਵੀ ਪੜ੍ਹੋ, ਵੇਖੋ ਜਾਂ ਸੁਣੋਗੇ ਉਸ ਵਿਚ ਜ਼ਿਆਦਾਤਰ ਹਿੱਸਾ ਜਨਰੇਟਿਵ ਏ.ਆਈ. ਵਲੋਂ ਬਣਾਇਆ ਗਿਆ ਹੋਵੇਗਾ। ਓਪਨ-ਏ.ਆਈ. ਦਾ ਚੈਟ-ਜੀਪੀਟੀ ਤੇ ਗੂਗਲ ਦਾ ਜੈਮਿਨੀ ਲਗਾਤਾਰ ਵਿਕਸਿਤ ਹੋ ਰਹੇ ਹਨ। ਜਨਰੇਟਿਵ ਏ.ਆਈ. ਇਕ ਹੀ ਗੱਲਬਾਤ 'ਚ ਪਾਠ, ਤਸਵੀਰ, ਆਡੀਓ ਤੇ ਵੀਡੀਓ ਨੂੰ ਹੈਂਡਲ ਕਰਨ ਦੇ ਸਮਰੱਥ ਹੋਵੇਗੀ। ਅਡੋਬ ਦੇ ਫਾਇਰ-ਫਲਾਈ ਤੇ ਰਨਵੇ ਐਮ.ਐੱਲ. ਵੀਡੀਓ ਐਕਟਿੰਗ ਲਈ ਕੰਮ ਕਰ ਰਹੇ ਹਨ। 11 ਲੈਬਾਂ ਸਾਡੀ ਆਵਾਜ਼ ਨੂੰ ਕਲੋਨ ਕਰਨ ਤੇ ਸਪੀਚ ਜਨਰੇਟ ਕਰਨ ਦੀ ਸਹੂਲਤ ਦਿੰਦੀਆਂ ਹਨ।
ਬ੍ਰੇਨ ਕੰਪਿਊਟਰ ਇੰਟਰਫੇਸ (ਬੀ.ਸੀ.ਆਈ.)-ਇਹ ਤਕਨੀਕ ਮਨੁੱਖੀ ਦਿਮਾਗ 'ਚੋਂ ਨਿਕਲਣ ਵਾਲੇ ਨਿਊਰੋਨਸ ਨੂੰ ਫੜ ਕੇ ਉਸ ਨੂੰ ਕੰਪਿਊਟਰ ਦੀ ਸਿਫ਼ਰ (0) ਅਤੇ ਇਕ (1) ਭਾਸ਼ਾ 'ਚ ਬਦਲਦੀ ਹੈ। ਇਸ ਨਾਲ ਅਸੀਂ ਆਪਣੇ ਕੰਪਿਊਟਰ ਨੂੰ ਸਿੱਧਾ ਦਿਮਾਗ ਨਾਲ ਜੋੜ ਸਕਦੇ ਹਾਂ। ਅਧਰੰਗ ਨਾਲ ਪੀੜਤ ਲੋਕ ਇਸ ਰਾਹੀਂ ਆਪਣੇ ਵਿਚਾਰਾਂ ਜਾਂ ਸੋਚ ਕੇ ਕੰਪਿਊਟਰ ਜਾਂ ਆਪਣਾ ਸਮਾਰਟ ਟ੍ਰਾਈ ਸਾਈਕਲ ਚਲਾ ਸਕਦੇ ਹਨ। ਮਿਸਾਲ ਵਜੋਂ ਜੇ ਉਹ ਦਿਮਾਗ 'ਚ ਟੀ.ਵੀ. ਚਲਾਉਣ ਬਾਰੇ ਸੋਚਣ ਤਾਂ ਟੀ.ਵੀ. ਆਪਣੇ-ਆਪ ਚੱਲ ਪਵੇਗਾ। ਭਵਿੱਖ ਵਿਚ ਇਸ ਤਕਨੀਕ ਦੀ ਵਾਸਤਵਿਕ ਵਰਤੋਂ ਹੋਣੀ ਸ਼ੁਰੂ ਹੋ ਜਾਵੇਗੀ। 2024 'ਚ ਨਿਊਰੋਲਿੰਕ ਨੇ ਪੁਸ਼ਟੀ ਕੀਤੀ ਸੀ ਕਿ ਉਸ ਨੇ ਮਨੁੱਖ ਵਿਚ ਆਪਣੀ ਪਹਿਲੀ ਚਿਪ ਫਿੱਟ ਕਰ ਦਿੱਤੀ ਹੈ, ਜਿਸ ਨਾਲ ਉਹ ਸੋਚ ਕੇ ਕੰਪਿਊਟਰ ਨੂੰ ਕਾਬੂ ਕਰ ਸਕਦੇ ਹਨ। ਸਿੰਕਰੋਨ ਐਂਡ ਪ੍ਰੋਸੀਸ਼ਨ ਨਿਊਰੋ ਸਾਇੰਸ ਵਰਗੀਆਂ ਕੰਪਨੀਆਂ ਅਜਿਹੇ ਉਪਕਰਨ ਵਿਕਸਿਤ ਕਰ ਰਹੀਆਂ ਹਨ, ਜੋ ਅਪਾਹਜ ਵਿਅਕਤੀਆਂ ਲਈ ਲਾਭਦਾਇਕ ਹੋਣਗੇ।
ਸਪੱਸ਼ਟ ਹੈ ਕਿ ਇਸ ਨਵੇਂ ਵਰ੍ਹੇ ਵਿਚ ਏ.ਆਈ. ਹੈਰਾਨੀਜਨਕ ਕਾਰਨਾਮੇ ਕਰਨ ਜਾ ਰਹੀ ਹੈ। ਏ.ਆਈ. ਦੀ ਲੁਭਾਉਣੀ ਦੁਨੀਆ ਦੀ ਸੈਰ ਕਰਕੇ ਗਦਗਦ ਹੋਣ ਦੀ ਲੋੜ ਨਹੀਂ। ਕਾਰਪੋਰੇਟ ਘਰਾਣਿਆਂ ਵਲੋਂ ਮਨੁੱਖ 'ਤੇ ਅਜਿਹੀਆਂ ਤਕਨੀਕਾਂ ਧੱਕੇ ਨਾਲ ਥੋਪੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਕਿ ਹਾਲੇ ਲੋੜ ਨਹੀਂ। ਜਿਵੇਂ ਕੈਲਕੂਲੇਟਰ ਦੀ ਵਰਤੋਂ ਨਾਲ ਸਾਨੂੰ ਜੋੜ, ਘਟਾਓ ਤੇ ਪਹਾੜੇ ਭੁੱਲ ਗਏ, ਓਵੇਂ ਹੀ ਏ.ਆਈ. ਦੀ ਵਰਤੋਂ ਨਾਲ ਅਸੀਂ ਸੋਚਣਾ ਭੁੱਲ ਸਕਦੇ ਹਾਂ। ਅੱਜ ਛੋਟੀ-ਮੋਟੀ ਸਮੱਸਿਆ ਲਈ ਅਸੀਂ ਸਕਰੀਨ 'ਤੇ ਉਂਗਲਾਂ ਮਾਰਨ ਨੂੰ ਪਹਿਲ ਦੇਣ ਲੱਗ ਪਏ ਹਾਂ। ਇਕ ਦਹਾਕੇ ਬਾਅਦ ਪੈਦਾ ਹੋਣ ਵਾਲੀ ਪੀੜ੍ਹੀ ਨੂੰ ਸਾਨੂੰ ਦੱਸਣਾ ਪਵੇਗਾ ਕਿ ਪਹਿਲਾਂ ਲੋਕ ਕਿਤਾਬਾਂ ਤੋਂ ਪੜ੍ਹ ਕੇ ਗਿਆਨ ਲੈਂਦੇ ਹੁੰਦੇ ਸੀ। ਬਾਕੀ ਖੋਜਾਂ ਦੀ ਤਰ੍ਹਾਂ ਏ.ਆਈ. ਦੇ ਅਨੇਕਾਂ ਨਫ਼ੇ-ਨੁਕਸਾਨ ਹਨ। ਇਹ ਆਪਣੇ-ਆਪ ਤੋਂ ਬਾਖ਼ੂਬੀ ਸਿੱਖ ਕੇ ਵਿਕਸਿਤ ਹੋ ਸਕਦੀ ਹੈ। ਇਸੇ ਕਾਰਨ ਇਸ ਨੂੰ ਬਾਕੀ ਖੋਜਾਂ ਤੋਂ ਵੱਖ ਕਰਕੇ ਵੇਖਿਆ ਜਾ ਰਿਹਾ ਹੈ। ਇਹ ਨੌਕਰੀਆਂ ਖਾ ਵੀ ਰਹੀ ਹੈ ਤੇ ਨਵੀਂਆਂ ਵੀ ਪੈਦਾ ਕਰ ਰਹੀ ਹੈ। ਫਿਲਹਾਲ ਇਸ ਤੋਂ ਪਾਸਾ ਵੱਟਣ ਦੀ ਬਜਾਏ, ਇਸ ਵਿਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ। ਪੂਰੀ ਤਰ੍ਹਾਂ ਇਸ 'ਤੇ ਨਿਰਭਰ ਹੋਣ ਦੀ ਥਾਂ, ਇਸ ਨੂੰ ਜੇ ਅਸੀਂ ਸਿਰਫ਼ ਸਹਾਇਕ ਵਜੋਂ ਵਰਤੀਏ ਤਾਂ ਤਰੱਕੀ ਦੀਆਂ ਬੁਲੰਦੀਆਂ ਛੋਹ ਸਕਦੇ ਹਾਂ। (ਸਮਾਪਤ)

-ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈਮੇਲ : cpkamboj.com

 

ਪਿਛਲੀ ਖ਼ਬਰ 16-02-26 ਅਗਲੀ ਖ਼ਬਰ 1158 ਸਹਾਇਕ ਪ੍ਰੋਫ਼ੈਸਰਾਂ ਦੇ ਮਸਲੇ ਦਾ ਹੱਲ ਕਿਵੇਂ ਹੋਵੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।