ਅੱਜ ਸਥਾਪਨਾ ਦਿਵਸ 'ਤੇ ਵਿਸ਼ੇਸ਼
ਭਾਰਤੀ ਸੰਵਿਧਾਨ ਦੀ ਧਾਰਾ 345 ਅਨੁਸਾਰ ਕਿਸੇ ਵੀ ਰਾਜ ਦਾ ਵਿਧਾਨ-ਮੰਡਲ, ਕਾਨੂੰਨ ਬਣਾ ਕੇ ਉਸ ਰਾਜ ਵਿਚ ਵਰਤੀ ਜਾਣ ਵਾਲੀ ਕਿਸੇ ਵੀ ਹਰਮਨ-ਪਿਆਰੀ ਭਾਸ਼ਾ ਨੂੰ ਰਾਜ-ਕਾਜ ਦੇ ਸਾਰੇ ਜਾਂ ਕੁਝ ਕੰਮਾਂ ਵਾਸਤੇ ਸਰਕਾਰੀ ਕਾਰ-ਵਿਹਾਰ ਦੀ ਭਾਸ਼ਾ ਕਰਾਰ ਦੇ ਸਕਦਾ ਹੈ। ਪੰਜਾਬ ਦੇ ਸਪੂਤਾਂ ਨੇ ਆਪਣੀ ਮਾਤ-ਭਾਸ਼ਾ ਦੀ ਹਿਫ਼ਾਜ਼ਤ ਤੇ ਇਸ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਬੇਮਿਸਾਲ ਘਾਲਣਾ ਘਾਲੀ ਹੈ। ਉਨ੍ਹਾਂ ਨੇ ਯੂਨਾਨੀਆਂ, ਅਰਬਾਂ, ਤੁਰਕਾਂ, ਸਿਥੀਅਨਾਂ, ਹੂਨਾਂ, ਮੁਗਲਾਂ ਤੇ ਗੋਰਿਆਂ ਦੇ ਭਾਸ਼ਾਈ ਹਮਲਿਆਂ ਤੋਂ ਆਪਣੀ ਪਛਾਣ ਨੂੰ ਬਚਾਉਂਦਿਆ ਕੁਰਬਾਨੀਆਂ ਦਿੱਤੀਆਂ ਅਤੇ ਦੁਨੀਆ ਨੂੰ ਦਰਸਾ ਦਿੱਤਾ ਕਿ ਪੰਜਾਬੀ ਕੌਮ ਦੀ ਭਾਸ਼ਾ ਤੇ ਸੱਭਿਆਚਾਰ ਦੀ ਲਟ-ਲਟ ਬਲਦੀ ਜੋਤ ਨੂੰ ਬੁਝਾਉਣਾ ਮੁਮਕਿਨ ਨਹੀਂ ਹੈ। ਆਪਣੀ ਮਾਂ-ਬੋਲੀ, ਭਾਸ਼ਾ, ਸਿੱਖਿਆ, ਸਾਹਿਤ ਤੇ ਸਾਂਸਕ੍ਰਿਤਕ ਪੂੰਜੀ ਨੂੰ ਬਚਾਉਣ ਦਾ ਇਕ ਖ਼ੂਬਸੂਰਤ ਉਪਰਾਲਾ 30 ਅਪ੍ਰੈਲ 1962 ਨੂੰ ਸਾਹਮਣੇ ਆਇਆ ਸੀ, ਜਦੋਂ 1961 ਦੇ ਪੰਜਾਬ ਐਕਟ ਨੰਬਰ 35 ਤਹਿਤ ਪਟਿਆਲਾ-ਰਾਜਪੁਰਾ ਰੋਡ 'ਤੇ ਪਟਿਆਲਾ ਸ਼ਹਿਰ ਤੋਂ 8 ਕਿਲੋਮੀਟਰ ਬਾਹਰਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕੀਤੀ ਗਈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿਤੈਸ਼ੀ ਤਤਕਾਲੀਨ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਇਹ ਯੂਨੀਵਰਸਿਟੀ ਪਟਿਆਲਾ ਵਿਖੇ ਹੀ ਸਥਾਪਿਤ ਕਰਨ ਦਾ ਸਮਰਥਨ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਪਧਾਰੇ ਸਨ। ਇਸ ਉਪਰੰਤ ਬਾਕਾਇਦਗੀ ਨਾਲ ਇਹ ਯੂਨੀਵਰਸਿਟੀ ਬਾਰਾਂਦਰੀ ਵਿਚਲੇ ਪੈਲੇਸ (ਰਾਜਿੰਦਰਾ ਕੋਠੀ) ਤੋਂ ਆਪਣਾ ਕਾਰਜ ਕਰਨ ਲੱਗੀ ਤੇ ਕਈ ਦੁਸ਼ਵਾਰੀਆਂ ਨੂੰ ਪਾਰ ਕੇ ਆਪਣੇ ਮੌਜੂਦਾ ਸਥਾਨ 'ਤੇ ਤਬਦੀਲ ਹੋ ਗਈ। ਇਸ ਯੂਨੀਵਰਸਿਟੀ ਦੇ ਬਣਨ ਨਾਲ ਪੰਜਾਬ ਦੇ ਪਛੜੇ ਹੋਏ ਮਲਵਈ ਜ਼ਿਲ੍ਹਿਆਂ ਦੇ ਸੈਂਕੜੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਤਮੰਨਾ ਪੂਰੀ ਹੋਈ।
ਮਾਤ-ਭਾਸ਼ਾ ਦੇ ਨਾਂਅ 'ਤੇ ਸਥਾਪਿਤ ਵਿਸ਼ਵ ਦੀ ਇਸ ਦੂਜੀ ਯੂਨੀਵਰਸਿਟੀ ਨੂੰ ਪੰਜਾਬ ਦਾ 'ਸ਼ਾਂਤੀ ਨਿਕੇਤਨ' ਕਿਹਾ ਜਾਂਦਾ ਸੀ, ਜਿਸ ਦੇ ਬਾਨੀ ਵਾਈਸ ਚਾਂਸਲਰ ਡਾ. ਭਾਈ ਜੋਧ ਸਿੰਘ ਦੀ ਸੁਚੱਜੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਨੂੰ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਬਣਾਇਆ ਗਿਆ ਜੋ 1970 ਦੌਰਾਨ ਪ੍ਰੀ-ਯੂਨੀਵਰਸਿਟੀ ਦੇ ਮੁਢਲੇ ਦਾਖਲੇ ਸਮੇਂ ਤੋਂ ਹੀ ਚਾਲੂ ਕੀਤਾ ਗਿਆ ਸੀ। ਇਸ ਯੂਨੀਵਰਸਿਟੀ ਵਿਚ ਸਾਲ 1973 ਤੱਕ ਬੀ.ਏ., ਬੀ.ਐੱਸ.ਸੀ, ਬੀ.ਐੱਡ, ਬੀ.ਪੀ.ਈ, ਇੰਜੀਨੀਅਰਿੰਗ, ਮੈਡੀਕਲ ਤੇ ਕਾਨੂੰਨ ਵਿਭਾਗ ਵਿਚ ਵੀ ਪੰਜਾਬੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦੀ ਤਜਵੀਜ਼ ਨੂੰ ਅਮਲੀ ਰੂਪ ਦਿੱਤਾ ਗਿਆ। ਯੂਨੀਵਰਸਿਟੀ 'ਚ ਵੱਖ-ਵੱਖ ਮਾਨਵਿਕੀ ਵਿਸ਼ਿਆਂ ਨਾਲ ਸੰਬੰਧਿਤ ਨਵੇਂ ਦਾਖ਼ਲੇ ਚਾਲੂ ਹੁੰਦੇ ਗਏ ਅਤੇ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ, ਅਧਿਆਪਨ, ਗ਼ੈਰ-ਅਧਿਆਪਨ ਤੇ ਖੋਜ ਅਮਲੇ 'ਚ ਇਜ਼ਾਫ਼ਾ ਹੁੰਦਾ ਗਿਆ। ਇੱਥੇ ਪ੍ਰਬੰਧਕੀ ਬਲਾਕਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ (ਮੁੱਖ) ਲਾਇਬ੍ਰੇਰੀ ਵਿਚ 5 ਲੱਖ ਪੁਸਤਕਾਂ, ਰਸਾਲੇ, ਜਰਨਲ, ਖੋਜ-ਪੱਤਰ, ਹੱਥ-ਲਿਖਤਾਂ ਤੇ ਪੁਰਾਣੀਆਂ ਅਖ਼ਬਾਰਾਂ ਦੀਆਂ ਜਿਲਦਾਂ ਮੌਜੂਦ ਹਨ। ਜਦਕਿ ਪ੍ਰਬੰਧਕੀ, ਆਰਟਸ ਤੇ ਸਾਇੰਸ ਬਲਾਕਾਂ ਦੀਆਂ ਇਮਾਰਤਾਂ ਨਾਲ ਗੋਲ ਮਾਰਕੀਟ, ਗੈਸਟ ਹਾਊਸ ਤੇ ਵਾਰਿਸ ਭਵਨ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਕਰਮਚਾਰੀਆਂ ਦੇ ਲਈ ਮਕਾਨ ਬਣਵਾਏ ਗਏ ਹਨ। ਪਿਛਲੇ ਕੁਝ ਸਮੇਂ ਤੋਂ ਇਸ ਯੂਨੀਵਰਸਿਟੀ ਨੂੰ ਕੋਈ ਰੈਗੂਲਰ ਵਾਈਸ ਚਾਂਸਲਰ ਨਹੀਂ ਸੀ ਮਿਲਿਆ, ਹੁਣ ਡਾ. ਜਗਦੀਪ ਸਿੰਘ ਵਲੋਂ 21 ਮਈ 2025 ਨੂੰ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਨਾਲ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਨਿਯਮਿਤ ਰੂਪ ਵਿਚ ਸਾਹਮਣੇ ਆਉਣ ਲੱਗੀ ਹੈ।
ਇੱਥੇ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜੋ ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਤੇ ਕਰਜ਼ੇ ਹੇਠ ਹੋਣ ਕਾਰਨ ਆਪਣੇ ਅਧਿਆਪਨ, ਖੋਜ ਅਮਲੇ ਦੇ ਕਰਮਚਾਰੀਆਂ ਤੋਂ ਇਲਾਵਾ ਸੇਵਾਮੁਕਤ ਕਰਮਚਾਰੀਆਂ ਦੇ ਗ੍ਰੈਚੂਇਟੀ, ਮਹਿੰਗਾਈ ਭੱਤੇ ਆਦਿ ਦੇ ਬਕਾਇਆ ਤੱਕ ਦੀ ਵੀ ਸਮੇਂ ਸਿਰ ਅਦਾਇਗੀ ਨਹੀਂ ਕਰ ਪਾ ਰਹੀ ਹੈ। ਯੂਨੀਵਰਸਿਟੀ ਦੇ ਸਾਲ 2025-26 ਲਈ 732 ਕਰੋੜ ਰੁਪਏ ਦੇ ਬਜਟ ਵਿਚ 89 ਕਰੋੜ ਰੁਪਏ ਦਾ ਘਾਟਾ ਦਰਸਾਇਆ ਗਿਆ ਸੀ, ਸਾਲ 2026-27 ਦੇ ਸਾਲਾਨਾ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਵਿੱਤ ਕਮੇਟੀ ਵਲੋਂ 125 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ ਹੈ। ਯੂਨੀਵਰਸਿਟੀ ਨੂੰ 631 ਕਰੋੜ ਰੁਪਏ ਦੀ ਸਾਲਾਨਾ ਆਮਦਨ ਦੀ ਉਮੀਦ ਦੇ ਮੱਦੇਨਜ਼ਰ ਖ਼ਰਚਾ 756 ਕਰੋੜ ਰੁਪਏ ਤੱਕ ਪੁੱਜਣ ਦਾ ਅਨੁਮਾਨ ਹੈ। ਇਸ ਦੇ ਬਾਵਜੂਦ ਵਾਈਸ ਚਾਂਸਲਰ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ- ਪ੍ਰਸਾਰ ਹਿੱਤ ਬਜਟ ਵਿਚ ਵਾਧਾ ਕਰਦਿਆਂ ਇਸ ਨੂੰ 16 ਕਰੋੜ ਰੁਪਏ ਤੋਂ 20 ਕਰੋੜ ਸਾਲਾਨਾ ਕਰਨ ਦੀ ਸਾਰਥਿਕ ਪਹਿਲ ਕੀਤੀ ਗਈ ਹੈ। ਇੰਨੇ ਆਰਥਿਕ ਸੰਕਟਾਂ ਦੇ ਬਾਵਜੂਦ ਯੂਨੀਵਰਸਿਟੀ ਨਿਰੰਤਰ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪ੍ਰਾਂਤਕ ਪੱਧਰ ਦੀਆਂ ਕਾਨਫ਼ਰੰਸਾਂ, ਸੈਮੀਨਾਰ, ਵਰਕਸ਼ਾਪਾਂ, ਸਾਹਿਤਕ ਉਤਸਵ ਤੇ ਸੱਭਿਆਚਾਰਕ ਮੇਲੇ ਕਰਵਾ ਰਹੀ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਪਬਲੀਕੇਸ਼ਨ ਬਿਊਰੋ ਦੇ ਸਹਿਯੋਗ ਨਾਲ 30 ਮਾਰਚ ਤੋਂ 3 ਅਪ੍ਰੈਲ 2026 ਤੱਕ ਕਰਵਾਏ ਗਏ '12ਵੇਂ ਪੰਜ-ਰੋਜ਼ਾ ਸਾਹਿਤ ਉਤਸਵ' ਦੌਰਾਨ 25 ਤੋਂ ਵੱਧ ਵੱਖ-ਵੱਖ ਬੈਠਕਾਂ ਵਿਚ ਵਿਸ਼ਵ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪੰਜਾਬ, ਚੰਡੀਗੜ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ 111 ਪ੍ਰਕਾਸ਼ਕਾਂ ਤੇ ਪੁਸਤਕ ਵਿਕ੍ਰੇਤਾਵਾਂ ਨੇ ਇਕ ਕਰੋੜ ਰੁਪਏ ਤੋਂ ਵੱਧ ਦੀਆਂ ਪੁਸਤਕਾਂ ਦੀ ਵਿਕਰੀ ਕੀਤੀ।
ਮੌਜੂਦਾ ਸਰਕਾਰ ਨੂੰ ਫ਼ਰਾਖ਼ਦਿਲੀ ਨਾਲ ਇਸ ਯੂਨੀਵਰਸਿਟੀ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਪੌਣੇ 3 ਸੌ ਕਾਲਜਾਂ, ਰਿਜਨਲ ਸੈਂਟਰਾਂ ਤੇ ਕਾਂਸਟੀਚੁਐਂਟ ਕਾਲਜਾਂ ਨੂੰ ਕਲਾਵੇ ਵਿਚ ਲੈ ਕੇ ਬੈਠੀ ਇਹ ਯੂਨੀਵਰਸਿਟੀ ਕਰਜ਼ਾ ਮੁਕਤ ਹੋ ਸਕੇ ਅਤੇ ਇਸ ਦੇ ਨਾਲ ਯੂਨੀਵਰਸਿਟੀ ਮਾਕਾ ਟਰਾਫ਼ੀ ਦੀ ਨਿਰੰਤਰ ਜੇਤੂ ਬਣ ਕੇ ਵਿਦਵਾਨਾਂ-ਲਿਖਾਰੀਆਂ ਦੀਆਂ ਫੈਲੋਸ਼ਿਪਾਂ ਦਾ ਅਮਲ ਮੁੜ ਆਰੰਭ ਕਰਨ ਦੇ ਨਾਲ ਹੀ ਪੁਸਤਕ ਪ੍ਰਕਾਸ਼ਨ ਤੇ ਯੁਵਕ ਭਲਾਈ ਵਿਭਾਗ ਦੇ ਸੱਭਿਆਚਾਰਕ ਮਾਹੌਲ ਦੀ ਖ਼ੁਸ਼ਬੋਈ ਵੀ ਦੂਰ ਤੱਕ ਫੈਲਾ ਸਕੇ। ਅੱਜ ਯੂਨੀਵਰਸਿਟੀ ਨੂੰ ਆਪਣਾ 64ਵਾਂ ਸਥਾਪਨਾ ਦਿਵਸ ਮਨਾਉਂਦਿਆ ਉਮੀਦ ਹੈ ਕਿ ਉਹ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਤੇ ਸ਼ਾਨ ਨੂੰ ਬਰਕਰਾਰ ਰੱਖੇਗੀ।
-ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਜੇਤੂ ਤੇ ਸਾਬਕਾ ਅਸਿਸਟੈਂਟ ਰਜਿਸਟਰਾਰ
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ 147 002
ਮੋਬਾਈਲ : 98144-23703