ਬਰਸੀ 'ਤੇ ਵਿਸ਼ੇਸ਼
ਭਾਈ ਸੰਤੋਖ ਸਿੰਘ ਧਰਦਿਓ 1913 'ਚ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਹੋਂਦ ਵਿਚ ਆਈ ਦੇਸ਼ ਭਗਤ ਭਾਰਤੀਆਂ ਦੀ ਇਨਕਲਾਬੀ ਜਥੇਬੰਦੀ 'ਇੰਡੀਅਨ ਐਸੋਸੀਏਸ਼ਨ ਆਫ ਦਾ ਪੈਸੇਫਿਕ ਕੋਸਟ' ਦਾ ਬਾਨੀ ਮੈਂਬਰ ਸੀ, ਜੋ ਬਾਅਦ 'ਚ ਹਿੰਦੀ ਐਸੋਸੀਏਸ਼ਨ ਅਤੇ ਫਿਰ ਗ਼ਦਰ ਪਾਰਟੀ ਦੇ ਨਾਂਅ ਨਾਲ ਜਗਤ ਪ੍ਰਸਿੱਧ ਹੋਈ। ਇਸ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਦੇ ਅਮਰੀਕਾ ਛੱਡਣ ਨਾਲ ਸੰਤੋਖ ਸਿੰਘ ਧਰਦਿਓ ਨੂੰ ਬਤੌਰ ਜਨਰਲ ਸਕੱਤਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਵਡੇਰੀ ਜ਼ਿੰਮੇਵਾਰੀ ਸੰਭਾਲਣੀ ਪਈ। ਭਾਈ ਸੰਤੋਖ ਸਿੰਘ ਦੇ ਪਿਤਾ ਸ. ਜਵਾਲਾ ਸਿੰਘ ਰੰਧਾਵਾ ਪਿੰਡ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ ਪਰ ਉਹ ਸਿੰਗਾਪੁਰ ਵਿਖੇ ਹਾਰਬਰ ਪੁਲਿਸ ਦੇ ਮੁਲਾਜ਼ਮ ਹੋਣ ਕਾਰਨ ਉੱਥੇ ਪਰਿਵਾਰ ਸਹਿਤ ਰਹਿੰਦੇ ਸਨ।
ਸਿੰਗਾਪੁਰ ਵਿਖੇ ਹੀ 1892 ਈ. ਨੂੰ ਭਾਈ ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਉੱਥੇ ਹੀ ਭਾਈ ਸਾਹਿਬ ਨੇ ਮੁਢਲੀ ਤਾਲੀਮ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਤੋਂ ਹਾਸਿਲ ਕੀਤੀ। ਤੀਖਣ ਬੁੱਧੀ ਵਾਲੇ ਭਾਈ ਸੰਤੋਖ ਸਿੰਘ ਨੇ ਬਚਪਨ 'ਚ ਹੀ ਅੰਗਰੇਜ਼ੀ ਜ਼ੁਬਾਨ ਬੋਲਣ-ਲਿਖਣ 'ਚ ਚੰਗੀ ਮੁਹਾਰਤ ਹਾਸਿਲ ਕਰ ਲਈ ਸੀ। ਸ. ਜਵਾਲਾ ਸਿੰਘ 1903 ਵਿਚ ਪੈਨਸ਼ਨ ਲੈ ਕੇ ਪਰਿਵਾਰ ਸਮੇਤ ਆਪਣੇ ਪਿੰਡ ਧਰਦਿਓ ਪਰਤ ਆਏ।
ਪਿੰਡ ਧਰਦਿਓ ਤੋਂ ਦੋ ਮੀਲ ਦੂਰੀ 'ਤੇ ਪੈਂਦੇ ਡੀ.ਬੀ. ਪ੍ਰਾਇਮਰੀ ਸਕੂਲ ਮਹਿਤਾ-ਨੰਗਲ ਤੋਂ ਭਾਈ ਸੰਤੋਖ ਸਿੰਘ ਨੇ ਮੁਢਲੀ ਪੜ੍ਹਾਈ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਹੋਸਟਲ ਵਿਚ ਰਹਿ ਕੇ ਮੈਟ੍ਰਿਕ ਕੀਤੀ।
ਮਾਸਟਰ ਤਾਰਾ ਸਿੰਘ ਦੇ ਛੋਟੇ ਭਰਾ ਨਿਰੰਜਣ ਸਿੰਘ ਜੋ ਬਾਅਦ ਵਿਚ ਪ੍ਰਿੰਸੀਪਲ ਤੇ ਕੌਮੀ ਵਰਕਰ ਵੀ ਬਣੇ, ਏਥੇ ਭਾਈ ਸਾਹਿਬ ਦੇ ਜਮਾਤੀ ਸਨ ਤੇ ਦੱਸਿਆ ਕਰਦੇ ਸਨ ਕਿ ਸੰਤੋਖ ਸਿੰਘ ਦੀ ਪ੍ਰਭਾਵਸ਼ਾਲੀ ਅੰਗਰੇਜ਼ੀ ਕਾਰਨ ਸਕੂਲ ਵਿਚ ਉਸ ਦਾ ਨਾਂਅ 'ਮਿਸਟਰ ਡਿਕਸ਼ਨਰੀ ਸਿੰਘ' ਪੈ ਗਿਆ ਸੀ। 1912 ਵਿਚ ਭਾਈ ਸੰਤੋਖ ਸਿੰਘ ਉਚੇਰੀ ਪੜ੍ਹਾਈ ਲਈ ਇੰਗਲੈਂਡ ਗਏ ਪਰ ਉਸ ਤੋਂ ਜਲਦੀ ਬਾਅਦ ਉਹ ਕੈਨੇਡਾ ਪਹੁੰਚ ਗਏ। ਇੱਥੇ ਉਹ ਅਕਸਰ ਹੀ ਆਪਣੇ ਅਨਪੜ੍ਹ ਦੇਸ਼ ਵਾਸੀ ਆਰਾ ਮਿੱਲਾਂ ਦੇ ਵਰਕਰਾਂ ਦੀਆਂ ਸਮੱਸਿਆਵਾਂ ਗੋਰੇ ਮਿੱਲ ਮਾਲਕਾਂ ਕੋਲ ਅਤੇ ਅਦਾਲਤਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਂਦੇ ਸਨ, ਜਿਸ ਕਾਰਨ ਭਾਰਤੀ ਕਾਮਿਆਂ ਨੇ ਸਹਿਜੇ ਹੀ ਉਨ੍ਹਾਂ ਨੂੰ ਆਪਣਾ ਆਗੂ ਮੰਨ ਲਿਆ ਸੀ। ਜਦ ਕੈਨੇਡਾ ਤੋਂ ਭਾਈ ਸੰਤੋਖ ਸਿੰਘ ਅਮਰੀਕਾ ਆ ਗਏ ਤਾਂ ਜਲਦੀ ਹੀ ਉਨ੍ਹਾਂ ਨੇ ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਬਾਬਾ ਵਿਸਾਖਾ ਸਿੰਘ ਦਦੇਹਰ ਨਾਲ ਮਿਲ ਕੇ ਗ਼ਦਰ ਪਾਰਟੀ ਤੇ ਗ਼ਦਰ ਪਰਚੇ ਦੀ ਜ਼ਿੰਮੇਵਾਰੀ ਸਾਂਭ ਲਈ। ਸਾਮਰਾਜੀ ਸ਼ਕਤੀਆਂ ਵਿਰੁੱਧ ਸਪੱਸ਼ਟ ਪੈਂਤੜੇ, ਆਜ਼ਾਦੀ ਪ੍ਰਾਪਤੀ ਲਈ ਸੁਹਿਰਦ ਤੜਪ ਤੇ ਲੋਕ ਭਲਾਈ ਦੀ ਪ੍ਰਬਲ ਭਾਵਨਾ ਵਾਲਾ ਇਹ ਦੇਸ਼ ਭਗਤ ਜਿੱਥੇ ਬਰਤਾਨਵੀ ਖ਼ੂਫ਼ੀਆ ਏਜੰਸੀਆਂ ਲਈ ਮਧਰੇ ਕੱਦ, ਤਿੱਖੇ ਨਕਸ਼ਾਂ ਤੇ ਤਿੱਖੀ ਬਰੀਕ ਆਵਾਜ਼ ਵਾਲਾ ਚਤੁਰ ਤੇ ਖ਼ਤਰਨਾਕ ਵਿਅਕਤੀ ਸੀ, ਉੱਥੇ ਆਪਣੇ ਸਾਥੀ ਦੇਸ਼ ਭਗਤਾਂ ਦੀ ਨਜ਼ਰ ਵਿਚ ਉਹ ਕਮਾਲ ਦੀ ਸੂਝ-ਸਿਆਣਪ ਦਾ ਮਾਲਕ, ਇਮਾਨਦਾਰ ਤੇ ਪੇਚੀਦਾ ਮਸਲਿਆਂ ਬਾਰੇ ਤੁਰੰਤ ਅਤੇ ਦਰੁਸਤ ਫ਼ੈਸਲੇ ਲੈ ਸਕਣ ਵਾਲਾ ਮਹਾਨ ਬੁੱਧੀਮਾਨ ਆਗੂ ਸੀ। ਹਿੰਦੋਸਤਾਨ ਵਿਚ ਗ਼ਦਰ ਕਰਨ ਦੇ ਮਕਸਦ ਨਾਲ ਪਾਰਟੀ ਨੇ ਭਾਈ ਸਾਹਿਬ ਨੂੰ ਸਿੰਗਾਪੁਰ, ਸਿਆਮ, ਮਲਾਇਆ ਤੇ ਬਰਮਾ ਦੀਆਂ ਪਾਰਟੀ ਦੀਆਂ ਸ਼ਾਖਾਵਾਂ ਦਾ ਚਾਰਜ ਸੌਂਪ ਦਿੱਤਾ।
ਸਤੰਬਰ 1914 ਦੇ ਕਰੀਬ ਉਹ ਸ਼ੰਘਈ ਪਹੁੰਚੇ। ਸਿਆਮ ਵਿਚ ਗ਼ਦਰ ਪਾਰਟੀ ਲਈ ਭਾਈ ਸਾਹਿਬ ਨੇ ਸੋਹਨ ਲਾਲ ਪਾਠਕ ਤੇ ਆਤਮਾ ਰਾਮ ਨਾਲ ਕੰਮ ਕੀਤਾ। ਇੱਥੇ ਸਰਕਾਰੀ ਚੌਕਸੀ ਵਿਚ ਬਹੁਤੇ ਇਨਕਲਾਬੀ ਫਸ ਗਏ ਪਰ ਭਾਈ ਸੰਤੋਖ ਸਿੰਘ ਕਿਸੇ ਤਰ੍ਹਾਂ ਅਮਰੀਕਾ ਵਾਪਸ ਪਰਤਣ ਵਿਚ ਸਫ਼ਲ ਹੋ ਗਏ। ਅਮਰੀਕਾ ਵਿਖੇ ਭਾਈ ਸਾਹਿਬ ਨੇ ਪਾਰਟੀ ਨਵੇਂ ਸਿਰਿਓਂ ਗਠਿਤ ਕਰਨੀ ਸ਼ੁਰੂ ਕੀਤੀ ਪਰ ਇਨ੍ਹਾਂ ਨੂੰ ਗ਼ਦਰ ਲਈ ਚਲੇ ਮੁਕੱਦਮੇ ਵਿਚ 21 ਮਹੀਨੇ ਲਈ ਜੇਲ੍ਹ ਜਾਣਾ ਪਿਆ।
ਰਿਹਾਈ ਪਿੱਛੋਂ ਭਾਈ ਸੰਤੋਖ ਸਿੰਘ ਨੇ ਆਪਣੇ ਸਾਥੀਆਂ ਨਾਲ ਪਾਰਟੀ ਦੇ ਹੈੱਡਕੁਆਰਟਰ ਯੁਗਾਂਤਰ ਆਸ਼ਰਮ (ਗ਼ਦਰ ਆਸ਼ਰਮ) ਵਿਚ ਰਹਿ ਕੇ ਪਾਰਟੀ ਨੂੰ ਮੁੜ ਜਥੇਬੰਦ ਕੀਤਾ। ਨਵੰਬਰ 1922 ਵਿਚ ਉਹ ਮਾਸਕੋ ਪਹੁੰਚੇ ਤੇ ਕਾਮਰੇਡ ਲੈਨਿਨ ਦੀ ਕਾਰਜਸ਼ੈਲੀ ਨੂੰ ਨੇੜਿਓਂ ਤੱਕਿਆ। ਇੱਥੇ ਉਨ੍ਹਾਂ ਨੇ ਕਮਿਊਨਿਸਟ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿਚ ਹਿੱਸਾ ਲਿਆ। ਰੂਸ ਤੋਂ ਉਹ ਭਾਈ ਰਤਨ ਸਿੰਘ (ਰਾਏਪੁਰ ਡੱਬਾ) ਨਾਲ ਭਾਰਤ ਵਿਚ ਪਰਚਾ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਵਾਪਸ ਪਰਤੇ। ਪਰ ਅਫ਼ਗਾਨਿਸਤਾਨ ਤੋਂ ਹਿੰਦੋਸਤਾਨ ਪ੍ਰਵੇਸ਼ ਕਰਦੇ ਸਮੇਂ ਹੀ ਬਰਤਾਨਵੀ ਪੁਲਿਸ ਦੇ ਹੱਥ ਆ ਗਏ। ਗ੍ਰਿਫ਼ਤਾਰੀ ਉਪਰੰਤ ਭਾਈ ਸਾਹਿਬ ਕਾਫ਼ੀ ਸਮਾਂ ਪਿੰਡ 'ਚ ਨਜ਼ਰਬੰਦ ਰਹੇ। ਉਪਰੰਤ ਉਨ੍ਹਾਂ ਨੇ ਭਾਗ ਸਿੰਘ ਕੈਨੇਡੀਅਨ ਤੇ ਬਾਬਾ ਕਰਮ ਸਿੰਘ ਚੀਮਾ ਦੀ ਮਦਦ ਨਾਲ ਫਰਵਰੀ 1926 ਵਿਚ ਅਗਾਂਹਵਧੂ ਪਰਚਾ 'ਕਿਰਤੀ' ਕੱਢਿਆ, ਜਿਸ ਨੇ ਅਗਾਂਹਵਧੂ ਪੰਜਾਬੀ ਪੱਤਰਕਾਰੀ ਨੂੰ ਪਹਿਲੀ ਵਾਰ ਇਕ ਵੱਡਾ ਮੰਚ ਮੁਹੱਈਆ ਕੀਤਾ।
ਜ਼ਿਆਦਾ ਮਿਹਨਤ, ਘੱਟ ਖ਼ੁਰਾਕ ਤੇ ਪੁਲਿਸ ਦੇ ਅਣਮਨੁੱਖੀ ਵਿਹਾਰ ਕਾਰਨ ਉਹ ਟੀ.ਬੀ. ਦਾ ਸ਼ਿਕਾਰ ਹੋ ਗਏ ਤੇ ਅੰਤ 19 ਮਈ, 1927 ਨੂੰ ਉਹ ਕਿਰਤੀ ਦੇ ਦਫ਼ਤਰ ਅੰਮ੍ਰਿਤਸਰ ਵਿਖੇ ਸਦੀਵੀ ਵਿਛੋੜਾ ਦੇ ਗਏ। ਭਾਈ ਸਾਹਿਬ ਦੀ ਜੱਦੋ-ਜਹਿਦ ਭਰੀ ਜ਼ਿੰਦਗੀ, ਬਿਮਾਰੀ ਨਾਲ ਚੱਲੇ ਲੰਮੇ ਸੰਘਰਸ਼ ਕਾਰਨ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਦੀ ਮੌਤ ਨੂੰ ਤਿਲ-ਤਿਲ ਕਰਕੇ ਹੋਈ ਸ਼ਹਾਦਤ ਦਾ ਨਾਂਅ ਦਿੰਦਿਆਂ ਉਨ੍ਹਾਂ ਨੂੰ ਸ਼ਹੀਦ ਦਾ ਖ਼ਿਤਾਬ ਪ੍ਰਦਾਨ ਕੀਤਾ ਸੀ। ਅਸੀਂ ਅੱਜ ਇਸ ਮਹਾਨ ਗ਼ਦਰੀ ਆਗੂ ਤੇ ਚਿੰਤਕ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।
ਮੋਬਾਈਲ : 99150-05814