24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋ ਸਕਦੀ ਹੈ ਭਾਰਤ ਤੇ ਇਟਲੀ ਦੀ ਭਾਈਵਾਲੀ

ਅਜੀਤ ਡੈਸਕ 20-05-2026

ਭਾਰਤ ਤੇ ਇਟਲੀ ਦੇ ਸਬੰਧਾਂ ਦੇ ਇਕ ਫੈਸਲਾਕੁੰਨ ਦੌਰ ਵਿਚ ਪਹੁੰਚਣ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਇਹ ਸਬੰਧ ਆਜ਼ਾਦੀ ਤੇ ਲੋਕਤੰਤਰੀ ਕਦਰਾਂ-ਕੀਮਤਾਂ ਤੇ ਭਵਿੱਖ ਦੇ ਸਾਂਝੇ ਦ੍ਰਿਸ਼ਟੀਕੋਣ 'ਤੇ ਅਧਾਰਿਤ ਇਕ ਵਿਸ਼ੇਸ਼ ਰਣਨੀਤਕ ਭਾਈਵਾਲੀ ਵਿਚ ਬਦਲ ਚੁੱਕੇ ਹਨ। ਜਦੋਂ ਪੂਰੀ ਦੁਨੀਆ ਦੀ ਵਿਵਸਥਾ ਵੱਡੇ ਬਦਲਾਅ ਦੇ ਦੌਰ 'ਚੋਂ ਲੰਘ ਰਹੀ ਹੈ ਤਾਂ ਇਟਲੀ ਤੇ ਭਾਰਤ ਦੀ ਭਾਈਵਾਲੀ ਉੱਚ ਸਿਆਸੀ ਤੇ ਸੰਸਥਾਗਤ ਪੱਧਰ 'ਤੇ ਲਗਾਤਾਰ ਸੰਵਾਦ ਨਾਲ ਅੱਗੇ ਵਧ ਰਹੀ ਹੈ। ਇਨ੍ਹਾਂ ਸੰਬੰਧਾਂ ਵਿਚ ਦੋਹਾਂ ਦੇਸ਼ਾਂ ਦੀ ਆਰਥਿਕ ਤਾਕਤ, ਸਮਾਜਿਕ ਰਚਨਾਤਮਿਕਤਾ ਤੇ ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ ਸ਼ਾਮਿਲ ਹੈ। ਸਾਡਾ ਸਹਿਯੋਗ ਇਸ ਸਾਂਝੀ ਸਮਝ ਨੂੰ ਦਰਸਾਉਂਦਾ ਹੈ ਕਿ 21ਵੀਂ ਸਦੀ 'ਚ ਖ਼ੁਸ਼ਹਾਲੀ ਤੇ ਸੁਰੱਖਿਆ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਦੇਸ਼ ਕਿੰਨੀ ਸਮਰੱਥਾ ਨਾਲ ਨਵੀਨਕਾਰੀ ਨੂੰ ਅਪਣਾਉਂਦਿਆ ਊਰਜਾ ਬਦਲਾਅ ਦਾ ਪ੍ਰਬੰਧਨ ਕਰਕੇ ਆਪਣੀ ਰਣਨੀਤਕ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਦੇ ਹਨ। ਅਸੀਂ ਇਟਲੀ ਦੀ ਡਿਜ਼ਾਈਨ ਸਮਰੱਥਾ, ਸ਼ਾਨਦਾਰ ਨਿਰਮਾਣ ਹੁਨਰ ਤੇ ਵਿਸ਼ਵ ਪੱਧਰੀ ਸੁਪਰਕੰਪਿਊਟਰ ਤਕਨਾਲੋਜੀ ਜੋ ਇਸ ਨੂੰ ਇਕ ਉਦਯੋਗਿਕ ਮਹਾਂਸ਼ਕਤੀ ਬਣਾਉਂਦੀ ਹੈ- ਇਸ ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ, ਇੰਜੀਨੀਅਰਿੰਗ ਪ੍ਰਤਿਭਾ, ਵੱਡੇ ਪੈਮਾਨੇ ਦੀ ਸਮਰੱਥਾ, ਨਵੀਨਤਾ ਤੇ 100 ਤੋਂ ਵੱਧ ਯੂਨੀਕੋਰਨਾਂ ਤੇ 2 ਲੱਖ ਸਟਾਰਟ-ਅੱਪਸ ਵਾਲੇ ਉੱਦਮੀ ਈਕੋਸਿਸਟਮ ਨਾਲ ਜੋੜ ਕੇ ਇਕ ਸ਼ਕਤੀਸ਼ਾਲੀ ਤਾਲਮੇਲ ਬਣਾਉਣਾ ਚਾਹੁੰਦੇ ਹਾਂ। ਇਹ ਸਿਰਫ਼ ਦੋ ਅਰਥ-ਵਿਵਸਥਾਵਾਂ ਦਾ ਸਾਧਾਰਨ ਮੇਲ ਨਹੀਂ ਹੈ, ਸਗੋਂ ਅਜਿਹਾ ਸਾਂਝਾ ਮੁੱਲ ਨਿਰਮਾਣ ਹੈ ਜਿਸ ਵਿਚ ਦੋਹਾਂ ਦੇਸ਼ਾਂ ਦੀਆਂ ਉਦਯੋਗਿਕ ਤਾਕਤਾਂ ਇਕ-ਦੂਜੇ ਨੂੰ ਹੋਰ ਵੱਧ ਮਜ਼ਬੂਤ ਕਰਦੀਆਂ ਹਨ।
ਯੂਰਪੀਅਨ ਯੂਨੀਅਨ ਤੇ ਭਾਰਤ ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ) ਦੋਹਾਂ ਦਿਸ਼ਾਵਾਂ ਵਿਚ ਵਪਾਰ ਤੇ ਨਿਵੇਸ਼ ਵਧਾਉਣ ਦਾ ਰਸਤਾ ਖੋਲ੍ਹਦਾ ਹੈ। ਸਾਡਾ ਟੀਚਾ 2029 ਤੱਕ ਭਾਰਤ ਤੇ ਇਟਲੀ ਵਿਚਕਾਰ ਵਪਾਰ ਨੂੰ 20 ਅਰਬ ਯੂਰੋ ਤੋਂ ਅੱਗੇ ਲਿਜਾਣ ਦਾ ਹੈ। ਇਸ ਵਿਚ ਰੱਖਿਆ ਤੇ ਏਅਰੋਸਪੇਸ, ਸਵੱਛ ਤਕਨਾਲੋਜੀ, ਮਸ਼ੀਨਰੀ, ਆਟੋਮੋਬਾਈਲ ਪੁਰਜ਼ੇ, ਰਸਾਇਣ, ਦਵਾਈਆਂ, ਕੱਪੜਾ, ਖੇਤੀ-ਖੁਰਾਕ ਖੇਤਰ ਤੇ ਸੈਰ-ਸਪਾਟੇ ਸਮੇਤ ਕਈ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। 'ਮੇਡ ਇਨ ਇਟਲੀ' ਹਮੇਸ਼ਾ ਤੋਂ ਦੁਨੀਆ ਵਿਚ ਉੱਤਮਤਾ ਦਾ ਪ੍ਰਤੀਕ ਰਿਹਾ ਹੈ, ਅੱਜ ਇਸ ਦਾ ਤਾਲਮੇਲ 'ਮੇਕ ਇਨ ਇੰਡੀਆ' ਪਹਿਲਕਦਮੀ ਦੇ ਉੱਚ-ਗੁਣਵੱਤਾ ਵਾਲੇ ਟੀਚਿਆਂ ਨਾਲ ਦਿਖਾਈ ਦਿੰਦਾ ਹੈ। ਇਸੇ ਸੰਦਰਭ 'ਚ ਭਾਰਤ ਲਈ ਉਤਪਾਦਨ ਵਿਚ ਇਤਾਲਵੀ ਕੰਪਨੀਆਂ ਦੀ ਦਿਲਚਸਪੀ ਵਧੀ ਹੈ ਤੇ ਇਟਲੀ ਵਿਚ ਭਾਰਤੀ ਉਦਯੋਗਾਂ ਦੀ ਵਧ ਰਹੀ ਮੌਜੂਦਗੀ ਨਾਲ ਹੁਣ ਦੋਹਾਂ ਦੇਸ਼ਾਂ ਦੇ ਉਦਯੋਗਾਂ ਦੀ ਗਿਣਤੀ 1000 ਤੋਂ ਵਧ ਚੁੱਕੀ ਹੈ- ਜੋ ਸਾਡੀ ਸਪਲਾਈ ਚੇਨ ਦੇ ਏਕੀਕਰਨ ਨੂੰ ਹੋਰ ਮਜ਼ਬੂਤ ਕਰੇਗੀ। ਤਕਨੀਕੀ ਨਵੀਨਤਾ ਸਾਡੀ ਭਾਈਵਾਲੀ ਦਾ ਸਭ ਤੋਂ ਮਹੱਤਵਪੂਰਨ ਆਧਾਰ ਹੈ। ਆਉਣ ਵਾਲੇ ਦਹਾਕਿਆਂ ਵਿਚ ਦੁਨੀਆ ਇਕ ਵੱਡੇ ਤਕਨੀਕੀ ਬਦਲਾਅ ਦੇ ਦੌਰ 'ਚੋਂ ਗੁਜ਼ਰੇਗੀ, ਜਿਸ ਦੌਰਾਨ ਏ.ਆਈ., ਕੁਆਂਟਮ ਕੰਪਿਊਟਿੰਗ, ਉੱਨਤ ਨਿਰਮਾਣ, ਮਹੱਤਵਪੂਰਨ ਖਣਿਜ ਤੇ ਡਿਜੀਟਲ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿਚ ਤੇਜ਼ੀ ਨਾਲ ਤਰੱਕੀ ਹੋਵੇਗੀ। ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਨਵੀਨਤਾ ਈਕੋਸਿਸਟਮ ਤੇ ਕੁਸ਼ਲ ਪੇਸ਼ਾਵਰਾਂ ਦੀ ਵੱਡੀ ਗਿਣਤੀ ਅਤੇ ਇਟਲੀ ਦੀ ਉੱਨਤ ਉਦਯੋਗਿਕ ਸਮਰੱਥਾ ਇਨ੍ਹਾਂ ਖੇਤਰਾਂ ਵਿਚ ਦੋਹਾਂ ਦੇਸ਼ਾਂ ਦੇ ਸਹਿਯੋਗ ਨੂੰ ਸੁਭਾਵਿਕ ਅਤੇ ਰਣਨੀਤਕ ਬਣਾਉਂਦੀ ਹੈ। ਦੋਵੇਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਵਿਚਕਾਰ ਵਧ ਰਹੀ ਭਾਈਵਾਲੀ ਵੀ ਇਸ ਨੂੰ ਮਜ਼ਬੂਤੀ ਦੇਵੇਗੀ।
ਭਾਰਤ ਦਾ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀ.ਪੀ.ਆਈ.) ਪਹਿਲਾਂ ਹੀ ਦੁਨੀਆ ਦੇ ਕਈ ਦੇਸ਼ਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇਟਲੀ ਤੇ ਭਾਰਤ ਲੰਬੇ ਸਮੇਂ ਤੋਂ ਇਸ ਦਿਸ਼ਾ ਵਿਚ ਸਹਿਯੋਗ ਕਰ ਰਹੇ ਹਨ, ਕਿ ਏ.ਆਈ. ਦਾ ਵਿਕਾਸ ਜ਼ਿੰਮੇਵਾਰ ਤੇ ਮਨੁੱਖ-ਕੇਂਦਰਿਤ ਹੋਵੇ। ਭਾਰਤ ਤੇ ਇਟਲੀ ਏ.ਆਈ. ਨੂੰ ਗਲੋਬਲ ਸਾਊਥ ਦੇ ਦੇਸ਼ਾਂ ਲਈ ਸਮਾਵੇਸ਼ੀ ਵਿਕਾਸ ਦਾ ਇਕ ਸ਼ਕਤੀਸ਼ਾਲੀ ਲੋਕ-ਭਾਗੀਵਾਲੀ ਵਾਲੇ ਮੰਨਦੇ ਹਨ। ਡੀ.ਪੀ.ਆਈ. ਬਹੁ-ਭਾਸ਼ਾਈ ਤਕਨੀਕਾਂ ਰਾਹੀਂ ਏ.ਆਈ. ਸਮਾਜਿਕ ਤੇ ਡਿਜੀਟਲ ਪਾੜੇ ਨੂੰ ਘਟਾ ਸਕਦਾ ਹੈ। ਭਾਰਤ ਦੇ ਮਾਨਵ ਦ੍ਰਿਸ਼ਟੀਕੋਣ- ਭਾਵ ਤਕਨੀਕ ਦੇ ਕੇਂਦਰ ਵਿਚ ਮਨੁੱਖ ਨੂੰ ਰੱਖਣ ਦੀ ਸੋਚ ਅਤੇ ਇਟਲੀ ਦੀ ਮਨੁੱਖ-ਕੇਂਦਰਿਤ 'ਐਲਗੋਰ-ਐਥਿਕਸ' ਦੀ ਧਾਰਨਾ ਮਾਨਵਤਾਵਾਦੀ ਪਰੰਪਰਾ 'ਤੇ ਅਧਾਰਿਤ ਹੈ, ਸਾਡੀ ਭਾਈਵਾਲੀ ਦਾ ਉਦੇਸ਼ ਯਕੀਨੀ ਬਣਾਉਣਾ ਹੈ ਕਿ ਏ.ਆਈ. ਸਮਾਜਿਕ ਸਸ਼ਕਤੀਕਰਨ ਦਾ ਮਾਧਿਅਮ ਬਣੇ। ਸਾਡਾ ਦ੍ਰਿਸ਼ਟੀਕੋਣ ਭਾਰਤ ਦੀ ਵਿਸ਼ਾਲ ਡਿਜੀਟਲ ਸਮਰੱਥਾ ਨੂੰ ਇਟਲੀ ਦੀ ਨੈਤਿਕ ਤੇ ਉਦਯੋਗਿਕ ਮੁਹਾਰਤ ਨਾਲ ਜੋੜਦਾ ਹੈ, ਤਾਂ ਜੋ ਤਕਨੀਕ ਮਨੁੱਖਤਾ ਦੀ ਸੇਵਾ ਕਰ ਸਕੇ।
ਸੁਰੱਖਿਅਤ ਡਿਜੀਟਲ ਸਹਿਯੋਗ, ਸਮਰੱਥਾ ਨਿਰਮਾਣ ਅਤੇ ਮਜ਼ਬੂਤ ਸਾਈਬਰ ਢਾਂਚੇ ਨਾਲ ਸਬੰਧਤ ਸ੍ਰੇਸ਼ਠ ਕਾਰਜਪ੍ਰਣਾਲੀਆਂ ਨੂੰ ਸਾਂਝਾ ਕਰਕੇ ਅਸੀਂ ਇਕ ਅਜਿਹਾ ਖੁੱਲ੍ਹਾ ਭਰੋਸੇਮੰਦ ਤੇ ਬਰਾਬਰ ਡਿਜੀਟਲ ਵਾਤਾਵਰਨ ਬਣਾਉਣਾ ਚਾਹੁੰਦੇ ਹਾਂ, ਜਿਸ ਵਿਚ ਹਰ ਦੇਸ਼ ਏ.ਆਈ.ਦੀ ਵਰਤੋਂ ਕਰਕੇ ਉਸ ਤੋਂ ਫਾਇਦਾ ਲੈ ਸਕੇ। ਇਹੀ ਸੋਚ ਇਟਲੀ ਦੀ ਜੀ 7 ਪ੍ਰਧਾਨਗੀ ਤੇ 2026 ਵਿਚ ਨਵੀਂ ਦਿੱਲੀ ਵਿਚ ਹੋਣ ਵਾਲੇ ਏ.ਆਈ ਇੰਪੈਕਟ ਸਮਿਟ ਦੇ ਸਿੱਟਿਆਂ ਦਾ ਮੁੱਖ ਆਧਾਰ ਹੈ। ਭਾਰਤ ਦੀ ਪੁਲਾੜ ਖੋਜ ਤੇ ਸੈਟੇਲਾਈਟ ਤਕਨਾਲੋਜੀ ਵਿਚ ਸ਼ਾਨਦਾਰ ਤਰੱਕੀ ਅਤੇ ਇਟਲੀ ਦੀ ਏਰੋਸਪੇਸ ਇੰਜੀਨੀਅਰਿੰਗ ਵਿਚ ਉੱਤਮਤਾ, ਸਾਂਝੇ ਪ੍ਰੋਜੈਕਟਾਂ ਤੇ ਨਵੀਂ ਪੀੜ੍ਹੀ ਦੀਆਂ ਤਕਨੀਕਾਂ ਦੇ ਵਿਕਾਸ ਲਈ ਵੱਡੇ ਮੌਕੇ ਪ੍ਰਦਾਨ ਕਰੇਗੀ। ਕੌਮਾਂ ਦੀ ਖੁਸ਼ਹਾਲੀ ਲਈ ਸੁਰੱਖਿਆ ਤੇ ਸਥਿਰਤਾ ਬਹੁਤ ਜ਼ਰੂਰੀ ਹਨ। ਇਸੇ ਲਈ ਇਟਲੀ ਤੇ ਭਾਰਤ ਰੱਖਿਆ, ਸੁਰੱਖਿਆ ਤੇ ਰਣਨੀਤਕ ਤਕਨੀਕਾਂ ਵਰਗੇ ਖੇਤਰਾਂ ਵਿਚ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਜੋ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਅਪਰਾਧ ਤੇ ਮਨੁੱਖੀ ਤਸਕਰੀ ਖਿਲਾਫ਼ ਮਦਦ ਕਰੇਗਾ।
ਊਰਜਾ ਸਾਡੀ ਭਾਈਵਾਲੀ ਦਾ ਇਕ ਹੋਰ ਮਹੱਤਵਪੂਰਨ ਆਧਾਰ ਹੈ, ਜਿਸ ਲਈ ਨਵੀਨਤਾ, ਨਿਵੇਸ਼ ਤੇ ਸਹਿਯੋਗ ਦੀ ਲੋੜ ਹੈ। ਭਾਰਤ ਤੇ ਇਟਲੀ ਨਵਿਆਉਣਯੋਗ ਊਰਜਾ ਤੋਂ ਲੈ ਕੇ ਹਾਈਡ੍ਰੋਜਨ ਤਕਨਾਲੋਜੀ ਤੇ ਸਮਾਰਟ ਗ੍ਰਿਡ ਜਿਹੇ ਕਈ ਖੇਤਰਾਂ ਵਿਚ ਇਕੱਠੇ ਕੰਮ ਕਰ ਰਹੇ ਹਨ। ਭਾਰਤ ਦੀ ਗ੍ਰੀਨ ਹਾਈਡ੍ਰੋਜਨ ਨਿਰਯਾਤ ਦਾ ਗਲੋਬਲ ਕੇਂਦਰ ਬਣਨ ਦੀ ਪਹਿਲਕਦਮੀ ਬੇਅੰਤ ਸੰਭਾਵਨਾਵਾਂ ਰੱਖਦੀ ਹੈ। ਜੋ ਇਟਲੀ ਦੇ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਵਿਚ ਉੱਨਤ ਤਕਨਾਲੋਜੀ ਤੇ ਯੂਰਪ ਲਈ ਊਰਜਾ ਪ੍ਰਵੇਸ਼ ਦੁਆਰ ਵਜੋਂ ਰਣਨੀਤਕ ਭੂਮਿਕਾ ਨਿਭਾਅ ਸਕਦੀ ਹੈ।
ਭਾਰਤ ਤੇ ਇਟਲੀ ਦੋਵੇਂ ਆਲਮੀ ਅਰਥਚਾਰੇ ਦੇ ਦੋ ਮਹੱਤਵਪੂਰਨ ਖੇਤਰਾਂ ਇੰਡੋ-ਪੈਸੀਫਿਕ ਤੇ ਭੂਮੱਧ ਸਾਗਰ ਦੇ ਕੇਂਦਰ ਵਿਚ ਸਥਿਤ ਹਨ। ਦਰਅਸਲ ਅਸੀਂ ਇਕ ਨਵੇਂ 'ਇੰਡੋ-ਮੈਡੀਟੇਰੀਅਨ' ਖੇਤਰ ਦੇ ਉਭਾਰ ਨੂੰ ਦੇਖ ਰਹੇ ਹਾਂ, ਜੋ ਵਪਾਰ, ਤਕਨਾਲੋਜੀ, ਊਰਜਾ, ਡੇਟਾ ਤੇ ਵਿਚਾਰਾਂ ਦਾ ਇਕ ਮਹੱਤਵਪੂਰਨ ਗਲਿਆਰਾ ਬਣਾ ਕੇ ਹਿੰਦ ਮਹਾਂਸਾਗਰ ਨੂੰ ਯੂਰਪ ਨਾਲ ਜੋੜਦਾ ਹੈ। ਅਜਿਹੀ ਵਿਸ਼ੇਸ਼ ਰਣਨੀਤਕ ਭਾਈਵਾਲੀ ਜੋ ਦੋ ਮਹਾਂਦੀਪਾਂ ਨੂੰ ਜੋੜਦੀ ਹੈ ਅਤੇ ਨਵੇਂ ਆਲਮੀ ਹਾਲਾਤ ਨੂੰ ਆਕਾਰ ਦਿੰਦੀ ਹੈ। ਇਸ ਸੰਦਰਭ ਵਿਚ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (ਆਈ.ਐਮ.ਈ.ਸੀ.) ਇਕ ਅਜਿਹੀ ਦੂਰਦਰਸ਼ੀ ਯੋਜਨਾ ਹੈ, ਜਿਸ ਦਾ ਉਦੇਸ਼ ਆਧੁਨਿਕ ਆਵਾਜਾਈ ਤੇ ਬੁਨਿਆਦੀ ਢਾਂਚੇ, ਡਿਜੀਟਲ ਨੈੱਟਵਰਕ, ਊਰਜਾ ਪ੍ਰਣਾਲੀਆਂ ਤੇ ਮਜ਼ਬੂਤ ਸਪਲਾਈ ਚੇਨ ਰਾਹੀਂ ਸਾਡੇ ਖੇਤਰਾਂ ਨੂੰ ਜੋੜਨਾ ਹੈ। ਭਾਰਤ ਤੇ ਇਟਲੀ ਹੋਰ ਭਾਈਵਾਲ ਦੇਸ਼ਾਂ ਨਾਲ ਮਿਲ ਕੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿਚ ਬਦਲਣ ਲਈ ਵੀ ਵਚਨਬੱਧ ਹਨ।
ਅਸੀਂ ਆਪਣੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਦੋਹਾਂ ਦੇਸ਼ਾਂ ਦੇ ਡੂੰਘੇ ਤੇ ਲੰਬੇ ਸਭਿਆਚਾਰਕ ਸੰਬੰਧਾਂ ਦੇ ਆਧਾਰ 'ਤੇ ਕਰ ਸਕਦੇ ਹਾਂ। ਭਾਰਤੀ ਸੰਸਕ੍ਰਿਤੀ ਵਿਚ 'ਧਰਮ' ਦਾ ਵਿਚਾਰ ਉਸ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾ ਕੇ ਸਾਡੇ ਕੰਮਾਂ ਦਾ ਮਾਰਗਦਰਸ਼ਨ ਕਰਦਾ ਹੈ ਤਾਂ 'ਵਸੁਧੈਵ ਕੁਟੁੰਬਕਮ' ਭਾਵ 'ਪੂਰੀ ਦੁਨੀਆ ਇਕ ਪਰਿਵਾਰ ਹੈ' ਦਾ ਸਿਧਾਂਤ ਅੱਜ ਦੇ ਆਪਸ ਵਿਚ ਜੁੜੇ ਡਿਜੀਟਲ ਯੁੱਗ ਵਿਚ ਹੋਰ ਵੀ ਵੱਧ ਪ੍ਰਸੰਗਿਕ ਲਗਦਾ ਹੈ। ਇਹ ਕਦਰਾਂ-ਕੀਮਤਾਂ ਇਟਲੀ ਦੀ ਮਾਨਵਤਾਵਾਦੀ ਪਰੰਪਰਾ ਨਾਲ ਵੀ ਮੇਲ ਖਾਂਦੀਆਂ ਹਨ, ਜਿਸ ਦੀਆਂ ਜੜ੍ਹਾਂ ਪੁਨਰਜਾਗਰਣ ਕਾਲ ਵਿਚ ਹਨ। ਇਹ ਪਰੰਪਰਾ ਹਰ ਵਿਅਕਤੀ ਦੀ ਇੱਜ਼ਤ ਤੇ ਸੱਭਿਆਚਾਰ ਦੀ ਉਸ ਸ਼ਕਤੀ 'ਤੇ ਜ਼ੋਰ ਦਿੰਦੀ ਹੈ, ਜੋ ਸਮਾਜਾਂ ਅਤੇ ਲੋਕਾਂ ਨੂੰ ਇਕਜੁੱਟ ਕਰ ਸਕਦੀ ਹੈ। ਇਸ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਉਦੇਸ਼ ਲੋਕਾਂ ਨੂੰ ਕੇਂਦਰ ਵਿਚ ਰੱਖਦੇ ਹੋਏ ਭਾਰਤ-ਇਟਲੀ ਭਾਈਵਾਲੀ ਨੂੰ ਮਜ਼ਬੂਤ, ਆਧੁਨਿਕ ਤੇ ਭਵਿੱਖ-ਮੁਖੀ ਆਧਾਰ ਪ੍ਰਦਾਨ ਕਰਨਾ ਹੈ।

ਪਿਛਲੀ ਖ਼ਬਰ ਭਾਜਪਾ ਸਰਕਾਰ ਦੇ ਪਹਿਲੇ 6 ਮਹੀਨੇ ਹੋਣਗੇ ਮਹੱਤਵਪੂਰਨ ਅਗਲੀ ਖ਼ਬਰ ਸ਼ਲਾਘਾਯੋਗ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।