ਭਾਰਤ ਵਰਗੇ ਵਿਸ਼ਾਲ ਅਤੇ ਗੁੰਝਲਦਾਰ ਦੇਸ਼ ਵਿਚ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਪਦ 'ਤੇ ਟਿਕੇ ਰਹਿਣਾ ਬੇਹੱਦ ਮੁਸ਼ਕਿਲ ਪਰ ਸ਼ਾਨਦਾਰ ਪ੍ਰਾਪਤੀ ਹੈ। ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਵਿਚ ਅਜਿਹੇ ਪਦ ਬੇਹੱਦ ਸੁਚੇਤ ਹੋਣ ਦੀ ਅਤੇ ਪ੍ਰਤੀਬੱਧਤਾ ਦੀ ਮੰਗ ਕਰਦੇ ਹਨ। ਪਿਛਲੇ 12 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕਰ ਵਿਖਾਇਆ ਹੈ। ਉਹ ਲੰਮੇ ਕਾਰਜਕਾਲ ਦੇ ਪੱਖ ਤੋਂ ਭਾਰਤ ਦੇ ਪਹਿਲੇ ਅਤੇ ਬੇਹੱਦ ਹਰਮਨ-ਪਿਆਰੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਤੋਂ ਅੱਗੇ ਨਿਕਲ ਗਏ ਹਨ। ਪੰਡਤ ਜੀ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਐਲਾਨ ਦਿੱਤੇ ਗਏ ਸਨ। ਸੰਵਿਧਾਨ ਬਣਾਉਣ ਵਾਲੀ ਸਭਾ ਦੇ ਆਪਣਾ ਕੰਮ ਮੁਕੰਮਲ ਕਰਨ ਤੋਂ ਬਾਅਦ ਉਹ 1952 ਤੱਕ ਪਹਿਲੀਆਂ ਚੋਣਾਂ ਹੋਣ ਤੱਕ ਪ੍ਰਧਾਨ ਮੰਤਰੀ ਰਹੇ ਅਤੇ ਉਸ ਤੋਂ ਬਾਅਦ 1964 ਤੱਕ ਲਗਾਤਾਰ ਇਸ ਪਦ 'ਤੇ ਬਣੇ ਰਹੇ।
ਸਾਲ 2014 ਤੱਕ ਲਾਲ ਬਹਾਦਰ ਸ਼ਾਸਤਰੀ, ਸ੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਕਈ ਹੋਰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ। ਇਨ੍ਹਾਂ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਕੌਮੀ ਲੋਕਤੰਤਰਿਕ ਗੱਠਜੋੜ ਦੀ ਸਾਂਝੀ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ। 10 ਸਾਲ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਦੇ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ। ਚਾਹੇ ਉਨ੍ਹਾਂ ਦੇ ਪਿੱਛੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੀ ਮੁੱਖ ਰੂਪ ਵਿਚ ਪ੍ਰਸ਼ਾਸਨਿਕ ਕੰਮ ਕਰਦੇ ਨਜ਼ਰ ਆਉਂਦੇ ਸਨ। ਸਾਲ 2014 ਵਿਚ ਚਾਹੇ ਕੌਮੀ ਲੋਕਤੰਤਰਿਕ ਗੱਠਜੋੜ ਵਲੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਪਰ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਵਿਚ ਵੱਡਾ ਬਹੁਮਤ ਪ੍ਰਾਪਤ ਹੋਇਆ ਸੀ। ਉਸ ਤੋਂ ਬਾਅਦ 2019 ਵਿਚ ਹੋਈਆਂ ਚੋਣਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਨੂੰ ਹੀ ਵੱਡਾ ਹੁਲਾਰਾ ਮਿਲਿਆ ਸੀ, ਪਰ ਤੀਸਰੀ ਵਾਰ ਸਾਲ 2024 ਵਿਚ ਚਾਹੇ ਭਾਜਪਾ ਨੂੰ ਲੋਕ ਸਭਾ ਵਿਚ ਆਪਣੇ ਤੌਰ 'ਤੇ ਬਹੁਮਤ ਪ੍ਰਾਪਤ ਨਹੀਂ ਸੀ ਹੋਇਆ ਪਰ ਕੌਮੀ ਲੋਕਤੰਤਰਿਕ ਗੱਠਜੋੜ ਦੇ ਭਾਈਵਾਲਾਂ ਦੀ ਮਦਦ ਨਾਲ ਉਹ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ।
ਸ੍ਰੀ ਨਰਿੰਦਰ ਮੋਦੀ ਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਤੋਂ ਵਧੇਰੇ ਸਮਾਂ ਰਾਜ ਕਰਨ ਦੀ ਗੱਲ ਦੇਸ਼ ਅਤੇ ਵਿਦੇਸ਼ ਵਿਚ ਵੱਡੀ ਚਰਚਾ ਦਾ ਵਿਸ਼ਾ ਬਣੀ ਹੈ। ਕੌਮਾਂਤਰੀ ਮੰਚ 'ਤੇ ਸ੍ਰੀ ਮੋਦੀ ਦਾ ਨਾਂਅ ਗੂੰਜਦਾ ਹੈ। ਇਸ ਮੌਕੇ 'ਤੇ ਦੁਨੀਆ ਦੇ ਬਹੁਤੇ ਦੇਸ਼ਾਂ ਦੇ ਮੁਖੀਆਂ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਨ੍ਹਾਂ ਨੂੰ ਵਧਾਈ ਭੇਜੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਅਤੇ ਰਹਿ ਗਈਆਂ ਘਾਟਾਂ ਵੀ ਉਜਾਗਰ ਹੋਈਆਂ ਹਨ। ਦੋਵਾਂ ਸ਼ਖ਼ਸੀਅਤਾਂ ਦੀ ਵਿਚਾਰਧਾਰਾ ਦੀ ਵੀ ਚਰਚਾ ਹੋਈ ਹੈ। ਵਿਚਾਰਧਾਰਕ ਤੌਰ 'ਤੇ ਪੰਡਤ ਜੀ ਅਤੇ ਸ੍ਰੀ ਮੋਦੀ ਵਿਚ ਵੱਡਾ ਅੰਤਰ ਦਿਖਾਈ ਦਿੰਦਾ ਹੈ। ਪੰਡਤ ਨਹਿਰੂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਸਮਰਪਿਤ ਕੀਤਾ ਸੀ। ਉਹ ਲੋਕਤੰਤਰੀ ਅਤੇ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਉਨ੍ਹਾਂ ਦੇ ਵਿਸ਼ਾਲ ਗਿਆਨ ਨੇ ਉਨ੍ਹਾਂ ਦੀ ਸ਼ਖ਼ਸੀਅਤ ਦੀ ਗੁਣਵੱਤਾ ਨੂੰ ਉਜਾਗਰ ਕੀਤਾ ਸੀ। ਉਹ ਧਰਮਾਂ, ਜਾਤਾਂ ਅਤੇ ਬਰਾਦਰੀਆਂ ਦੀਆਂ ਵਲਗਣਾਂ ਤੋਂ ਉੱਪਰ ਸਨ। ਦੇਸ਼ ਦੇ ਸੰਵਿਧਾਨ ਨੂੰ ਘੜਨ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਭਾਰਤੀ ਸੰਵਿਧਾਨ ਦੀ ਭਾਵਨਾ ਨੂੰ ਉਜਾਗਰ ਕਰੀ ਰੱਖਣ ਲਈ ਉਹ ਹਮੇਸ਼ਾ ਪ੍ਰਤੀਬੱਧ ਰਹੇ। ਕਾਂਗਰਸ ਦਾ ਆਜ਼ਾਦੀ ਦੇ ਅੰਦੋਲਨ ਵਿਚ ਇਕ ਵੱਡਾ ਅਤੇ ਅਹਿਮ ਰੋਲ ਸੀ। ਉਸ ਸਮੇਂ ਸੰਵਿਧਾਨ ਅਨੁਸਾਰ ਲੋਕਤੰਤਰੀ ਚੋਣਾਂ ਜਿੱਤਣ ਵਿਚ ਕਾਂਗਰਸ ਲਈ ਕੋਈ ਵੱਡੀ ਰੁਕਾਵਟ ਨਹੀਂ ਸੀ। ਚਾਹੇ ਵਿਰੋਧੀ ਦਲ ਅਤੇ ਉਨ੍ਹਾਂ ਦੇ ਆਗੂ ਉਸ ਸਮੇਂ ਵੀ ਸਰਗਰਮ ਰਹੇ ਪਰ ਉਹ ਕਾਂਗਰਸ ਦੇ ਕੱਦ-ਬੁੱਤ ਅੱਗੇ ਹਮੇਸ਼ਾ ਛੋਟੇ ਨਜ਼ਰ ਆਉਂਦੇ ਰਹੇ। ਪੰਡਤ ਨਹਿਰੂ ਲੋਕਮਤ ਦੇ ਨਾਲ-ਨਾਲ ਆਪਣੇ ਸਾਥੀਆਂ ਨਾਲ ਲੰਮਾ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉੱਭਰੀ ਇਕ ਰਾਇ ਅਨੁਸਾਰ ਹੀ ਕੰਮ ਕਰਨ ਨੂੰ ਤਰਜੀਹ ਦਿੰਦੇ ਰਹੇ। ਉਨ੍ਹਾਂ ਨੇ ਨਿਆਂਪਾਲਿਕਾ ਦੀ ਸੁਤੰਤਰਤਾ ਬਣਾਈ ਰੱਖਣ ਅਤੇ ਨਿਰਪੱਖ ਚੋਣਾਂ ਹੋਣ ਦੀ ਭਾਵਨਾ ਜਗਾਈ ਰੱਖਣ ਦਾ ਯਤਨ ਕੀਤਾ। ਉਨ੍ਹਾਂ ਦੇ ਵੇਲੇ ਵੀ ਸ. ਪਟੇਲ, ਡਾ. ਬੀ. ਆਰ. ਅੰਬੇਡਕਰ ਅਤੇ ਮੌਲਾਨਾ ਆਜ਼ਾਦ ਵਰਗੇ ਉੱਚੇ ਕੱਦ ਦੇ ਆਗੂ ਕੈਬਨਿਟ ਵਿਚ ਸ਼ਾਮਿਲ ਸਨ। ਡਾ. ਰਾਜਿੰਦਰ ਪ੍ਰਸ਼ਾਦ ਵਰਗੇ ਪ੍ਰੌੜ ਨੇਤਾ ਉਨ੍ਹਾਂ ਦੇ ਸਾਥੀ ਸਨ, ਚਾਹੇ ਦੇਸ਼ ਨਵਾਂ ਹੀ ਆਜ਼ਾਦ ਹੋਇਆ ਸੀ, ਪਰ ਉਨ੍ਹਾਂ ਨੇ ਉਸ ਸਮੇਂ ਵੀ ਕਿਸੇ ਬਾਹਰਲੇ ਪ੍ਰਭਾਵ ਨੂੰ ਨਾ ਕਬੂਲਦੇ ਹੋਏ ਆਜ਼ਾਦਾਨਾ ਤੌਰ 'ਤੇ ਦੇਸ਼ ਦੀਆਂ ਨੀਤੀਆਂ ਨਿਰਧਾਰਤ ਕਰਨ ਨੂੰ ਤਰਜੀਹ ਦਿੱਤੀ ਸੀ। ਚਾਹੇ ਉਸ ਸਮੇਂ ਦਾ ਤਾਕਤਵਰ ਦੇਸ਼ ਅਮਰੀਕਾ ਪਾਕਿਸਤਾਨ ਵੱਲ ਝੁਕਿਆ ਹੋਇਆ ਸੀ, ਪਰ ਪੰਡਤ ਜੀ ਨੇ ਗੁੱਟ ਨਿਰਲੇਪ ਨੀਤੀ ਨੂੰ ਮਹੱਤਵ ਦਿੱਤਾ। ਉਸ ਸਮੇਂ ਸੋਵੀਅਤ ਯੂਨੀਅਨ ਨੇ ਵੱਡੇ ਪ੍ਰਾਜੈਕਟ ਲਾ ਕੇ ਭਾਰਤ ਦੀ ਬਹੁਤ ਮਦਦ ਕੀਤੀ ਸੀ। ਪੰਡਤ ਨਹਿਰੂ ਨੇ ਹੀ ਦੇਸ਼ ਨੂੰ ਆਧੁਨਿਕ ਲੀਹਾਂ 'ਤੇ ਤੋਰਨ ਦਾ ਕੰਮ ਵਿੱਢਿਆ ਸੀ।
ਅੱਜ ਦੀਆਂ ਪੁਲਾੜ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਵਿਚ ਜਾਤਾਂ, ਬਰਾਦਰੀਆਂ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਸਭ ਨਾਗਰਿਕਾਂ ਨੂੰ ਬਰਾਬਰ ਹੱਕ ਦੇਣ ਦਾ ਯਤਨ ਕੀਤਾ ਸੀ। ਦੇਸ਼ ਸਮੇਂ ਦੀਆਂ ਤਬਦੀਲੀਆਂ ਅਨੁਸਾਰ ਅੱਗੇ ਵਧਦਾ ਰਿਹਾ ਹੈ। ਇਸ ਦੀ ਉਸਾਰੀ ਵਿਚ ਸਾਡੇ ਸੰਵਿਧਾਨ ਘਾੜਿਆਂ ਨੇ ਵੱਡਾ ਹਿੱਸਾ ਪਾ ਕੇ ਇਸ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਹੈ, ਜਿਨ੍ਹਾਂ 'ਤੇ ਹੁਣ ਤੱਕ ਦੀ ਉਸਾਰੀ ਹੋਈ ਹੈ। ਬਹੁਤ ਸਾਰੀਆਂ ਘਾਟਾਂ ਦੇ ਬਾਵਜੂਦ ਵੀ ਦੇਸ਼ ਆਪਣੀ ਚਾਲ ਨਾਲ ਅੱਗੇ ਵਧਦਾ ਰਿਹਾ ਹੈ। ਚਾਹੇ ਇਸ ਨੂੰ ਸ਼ੁਰੂ ਤੋਂ ਹੀ ਫਿਰਕੂ ਦੰਗਿਆਂ ਦਾ ਸਾਹਮਣਾ ਕਰਨਾ ਪਿਆ। ਆਰਥਿਕ ਕਠਿਨਾਈਆਂ 'ਚੋਂ ਗੁਜ਼ਰਨਾ ਪਿਆ ਅਤੇ ਬਹੁਤ ਸਾਰੇ ਮਸਲੇ ਹੁਣ ਤੱਕ ਵੀ ਇਸ ਦੇ ਰਸਤੇ ਵਿਚ ਖੜ੍ਹੇ ਨਜ਼ਰ ਆਉਂਦੇ ਰਹੇ, ਪਰ ਦੇਸ਼ ਦੀ ਉਸਾਰੀ ਵਿਚ ਅਨੇਕਾਂ-ਅਨੇਕ ਸੀਮਾਵਾਂ ਦੇ ਬਾਵਜੂਦ ਸਰਕਾਰਾਂ ਆਪੋ-ਆਪਣਾ ਹਿੱਸਾ ਪਾਉਂਦੀਆਂ ਰਹੀਆਂ।
ਪਿਛਲੇ 12 ਸਾਲਾਂ ਤੋਂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੇ ਕਈ ਪੱਖਾਂ ਤੋਂ ਵੱਡੀਆਂ ਪੁਲਾਂਘਾਂ ਭਰੀਆਂ ਹਨ। ਅਨੇਕਾਂ ਪ੍ਰਾਪਤੀਆਂ ਵੱਲ ਕਦਮ ਵਧਾਇਆ ਹੈ। ਕੌਮਾਂਤਰੀ ਮੰਚ 'ਤੇ ਆਪਣਾ ਵੱਡਾ ਪ੍ਰਭਾਵ ਬਣਾਇਆ ਹੈ। ਸ੍ਰੀ ਮੋਦੀ ਦੀ ਅਗਵਾਈ ਵਿਚ ਹੀ ਭਾਜਪਾ ਨੇ ਦੇਸ਼ ਭਰ ਵਿਚ ਆਪਣੇ ਪੈਰ ਪਸਾਰੇ ਹਨ। ਸ੍ਰੀ ਮੋਦੀ ਦੀਆਂ ਸਰਕਾਰਾਂ ਨੇ ਡਿਜੀਟਲ ਇਨਕਲਾਬ ਵਿਚ ਵੱਡਾ ਹਿੱਸਾ ਪਾਇਆ ਹੈ। ਸਮਾਜ ਭਲਾਈ ਦੀਆਂ ਯੋਜਨਾਵਾਂ ਨੂੰ ਸਿੱਧੀ ਸਹਾਇਤਾ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਤੇਜ਼ ਵਿਕਾਸ ਨੂੰ ਗਤੀ ਦਿੱਤੀ ਹੈ ਅਤੇ ਇਸ ਤੋਂ ਵੀ ਉੱਤੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਵੱਡੇ ਯਤਨ ਕੀਤੇ ਹਨ।
ਅੱਜ ਭਾਰਤ ਦੁਨੀਆ ਦੀ ਵੱਡੀ ਆਰਥਿਕਤਾ ਮੰਨਿਆ ਜਾਣ ਲੱਗਾ ਹੈ। ਚਾਹੇ ਸਰਕਾਰ ਨੇ ਲਗਾਤਾਰ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਦੇਸ਼ ਦੇ 25 ਕਰੋੜ ਲੋਕਾਂ ਨੂੰ ਗ਼ਰੀਬੀ ਦੀ ਰੇਖਾ ਤੋਂ ਉੱਪਰ ਚੁੱਕਿਆ ਹੈ ਪਰ ਇਸ ਦੇ ਨਾਲ ਹੀ ਬੇਰੁਜ਼ਗਾਰਾਂ ਦੀ ਗਿਣਤੀ ਵਧਣ ਤੋਂ ਰੋਕਣ ਅਤੇ ਗੁਰਬਤ ਨੂੰ ਖ਼ਤਮ ਕਰਨ ਲਈ ਹਾਲੇ ਵੀ ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ। ਚਾਹੇ ਲੋਕਤੰਤਰੀ ਢੰਗ ਨਾਲ ਸਰਕਾਰਾਂ ਚਲਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਪਿਛਲੇ ਕਈ ਦਹਾਕਿਆਂ ਵਿਚ ਜਾਤੀਵਾਦ ਅਤੇ ਫਿਰਕੂਵਾਦ ਵਧਣ ਨਾਲ ਦੇਸ਼ ਵਿਚ ਨਾਂਹ-ਪੱਖੀ ਭਾਵਨਾਵਾਂ ਨੂੰ ਵੱਡੀ ਸ਼ਹਿ ਮਿਲੀ ਹੈ। ਭਾਰਤ ਵਰਗਾ ਦੇਸ਼ ਵਰਗਾਂ, ਜਾਤਾਂ, ਬਰਾਦਰੀਆਂ ਅਤੇ ਸੌੜੀਆਂ ਧਾਰਮਿਕ ਮਾਨਤਾਵਾਂ ਦੇ ਵਧਣ ਨਾਲ ਤੇਜ਼ੀ ਨਾਲ ਵਿਕਾਸ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੀਆਂ ਸਿਹਤਮੰਦ ਪਰੰਪਰਾਵਾਂ 'ਤੇ ਪਹਿਰਾ ਦੇ ਸਕਦਾ ਹੈ। ਅਸੀਂ ਨਰਿੰਦਰ ਮੋਦੀ ਵਰਗੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਇਹ ਆਸ ਜ਼ਰੂਰ ਰੱਖਦੇ ਹਾਂ ਕਿ ਆਉਂਦੇ ਸਮੇਂ ਵਿਚ ਉਹ ਦੇਸ਼ ਨੂੰ ਸੌੜੀਆਂ ਵਿਚਾਰਧਾਰਕ ਗਲੀਆਂ 'ਚੋਂ ਕੱਢ ਕੇ ਸਿਹਤਮੰਦ ਸ਼ਾਹਰਾਹਾਂ 'ਤੇ ਲਿਜਾਉਣ ਦਾ ਯਤਨ ਕਰਨਗੇ ਤਾਂ ਜੋ ਦੇਸ਼ ਵਾਸੀਆਂ ਨੂੰ ਹੋਰ ਵੀ ਵੱਡਾ ਅਤੇ ਸੁਖ਼ਦ ਸੁਨੇਹਾ ਦਿੱਤਾ ਜਾ ਸਕੇ ਕਿਉਂਕਿ ਆਧੁਨਿਕ ਭਾਰਤ ਦੀ ਇਹ ਇਮਾਰਤ ਦੇਸ਼ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਮਜ਼ਬੂਤ ਨੀਹਾਂ 'ਤੇ ਹੀ ਖੜ੍ਹੀ ਹੋ ਸਕਦੀ ਹੈ।
-ਬਰਜਿੰਦਰ ਸਿੰਘ ਹਮਦਰਦ