22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖੇਤੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਕਿਸਾਨ ਮੇਲੇ

ਖੇਤੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਕਿਸਾਨ ਮੇਲੇ

ਅਜੀਤ ਡੈਸਕ 22-09-2026

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਅਤੇ ਯੰਗ ਫਾਰਮਰਜ਼ ਐਸੋਸੀਏਸ਼ਨ (ਵਾਈ.ਐੱਫ.ਏ.) ਰੱਖੜਾ ਵਲੋਂ ਹਰ ਸਾਲ ਸਤੰਬਰ ਤੇ ਮਾਰਚ ਮਹੀਨਿਆਂ 'ਚ ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਸੰਬੰਧੀ ਕਿਸਾਨਾਂ ਨੂੰ  ਗਿਆਨ–ਵਿਗਿਆਨ ਤੇ ਬੀਜ ਦੇਣ ਲਈ ਕਿਸਾਨ ਮੇਲੇ ਲਾਏ ਜਾਂਦੇ ਹਨ | ਇਨ੍ਹਾਂ ਕਿਸਾਨ ਮੇਲਿਆਂ ਨੇ ਉਤਪਾਦਨ ਤੇ ਉਤਪਾਦਕਤਾ ਵਧਾਉਣ ਵਿਚ ਅਤੇ ਖੇਤੀ ਪ੍ਰਸਾਰ ਸੇਵਾ ਪਿੰਡਾਂ 'ਚ ਪਹੁੰਚਾਉਣ ਵਿਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਹੈ | ਇਸ ਸਾਲ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਬੀਜ ਤੇ ਗਿਆਨ–ਵਿਗਿਆਨ ਦੇਣ ਲਈ ਅੱਜ (22 ਸਤੰਬਰ ਨੂੰ ) ਫ਼ਰੀਦਕੋਟ ਵਿਖੇ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ |

ਕੱਲ੍ਹ 23 ਸਤੰਬਰ ਨੂੰ  ਰੱਖੜਾ ਵਿਖੇ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਆਈ.ਸੀ.ਏ.ਆਰ.–ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਸਹਿਯੋਗ ਨਾਲ ਮਿੰਨੀ ਕਿਸਾਨ ਮੇਲਾ ਲੱਗੇਗਾ, ਜਿਸ 'ਚ ਆਈ.ਸੀ.ਏ.ਆਰ.– ਆਈ.ਏ.ਆਰ. ਆਈ. ਤੇ ਆਈ.ਸੀ.ਏ.ਆਰ. ਦੀ ਸੰਸਥਾ ਆਈ. ਆਈ.ਡਬਲਿਊ.ਬੀ.ਆਰ. ਵਲੋਂ ਪੰਜਾਬ ਦੀ ਵਿਕਸਿਤ ਮੁੱਖ ਫ਼ਸਲ ਕਣਕ ਦੇ ਸੁਧਰੇ ਤੇ ਫਾਊਾਡੇਸ਼ਨ ਬੀਜ ਕਿਸਾਨਾਂ ਨੂੰ  ਦਿੱਤੇ ਜਾਣਗੇ | ਕਿਸਾਨ ਪਿਛਲੇ ਸਾਲਾਂ ਦੌਰਾਨ ਸਫ਼ਲ ਸਾਬਤ ਹੋਈਆਂ ਡੀ.ਬੀਡਬਲਿਊ–327, ਡੀ.ਬੀਡਬਲਿਊ– 371 ਤੇ 372 ਅਤੇ ਐਚਡੀ–3386 ਕਿਸਮਾਂ ਦੇ ਬੀਜ ਮੇਲੇ 'ਚ ਲੈ ਸਕਣਗੇ | ਪੀ.ਏ.ਯੂ. ਵਲੋਂ ਆਯੋਜਿਤ ਕਿਸਾਨ ਮੇਲਿਆਂ 'ਚ ਕੇਵਲ ਪੀ.ਏ.ਯੂ. ਤੋਂ ਵਿਕਸਿਤ ਕਿਸਮਾਂ, ਦੇ ਬੀਜ ਹੀ ਕਿਸਾਨਾਂ ਨੂੰ  ਦਿੱਤੇ ਗਏ ਹਨ | ਰੱਖੜਾ ਮੇਲੇ 'ਚ ਕਿਸਾਨ ਝੋਨੇ, ਬਾਸਮਤੀ ਦੀਆਂ ਸਫ਼ਲ ਪੂਸਾ ਬਾਸਮਤੀ–1509 ਜਿਹੀਆਂ ਕਿਸਮਾਂ ਜੋ ਕਿਸਾਨਾਂ ਨੂੰ  ਇਕ ਲੱਖ ਰੁਪਏ ਪ੍ਰਤੀ ਏਕੜ ਦਾ ਉਤਪਾਦਨ ਦੇ ਰਹੀਆਂ ਹਨ, ਦੇ ਖੇਤ ਵੇਖ ਕੇ ਵਿਚਾਰ–ਵਟਾਂਦਰਾ ਕਰਨਗੇ ਅਤੇ ਅਗਲੇ ਸਾਲ ਲਈ ਝੋਨੇ, ਬਾਸਮਤੀ ਦੀਆਂ ਕਿਸਮਾਂ ਦੀ ਚੋਣ ਕਰਨ ਲਈ ਆਪਣਾ ਮਨ ਬਣਾਉਣਗੇ | ਕਿਸਾਨਾਂ ਤੱਕ ਬਾਸਮਤੀ ਦੀ ਪੂਸਾ ਬਾਸਮਤੀ–1509 ਕਿਸਮ (ਜੋ ਪੱਕਣ ਨੂੰ  ਥੋੜ੍ਹਾ ਸਮਾਂ ਲੈਂਦੀ ਹੈ ਤੇ ਇਸ ਸਾਲ ਇਕ ਲੱਖ ਰੁਪਏ ਤੱਕ ਦੀ ਫ਼ਸਲ ਦੀ ਵੱਟਤ ਦਾ ਝਾੜ ਦੇ ਰਹੀ ਹੈ) ਇਸ ਮੇਲੇ ਰਾਹੀਂ ਹੀ ਪੰਜਾਬ ਦੇ ਕਿਸਾਨਾਂ ਤੱਕ ਪਹੁੰਚੀ ਅਤੇ ਇਸ ਦਾ ਫੈਲਾਅ ਹੋਇਆ | ਝੋਨੇ ਦੀ ਪੂਸਾ–44 ਕਿਸਮ, ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੇ ਖੇਤਾਂ ਦੀ ਰਾਣੀ ਬਣੀ ਰਹੀ ਤੇ ਅੱਜ ਵੀ ਲਗਭਗ 15 ਫ਼ੀਸਦੀ ਰਕਬੇ 'ਤੇ ਬੀਜੀ ਜਾਂਦੀ ਹੈ, ਇਸੇ ਮੇਲੇ ਰਾਹੀਂ ਕਿਸਾਨਾਂ ਨੇ ਅਪਣਾਈ ਤੇ ਵੱਡਾ ਲਾਭ ਉਠਾਇਆ | ਇਸ ਕਿਸਮ ਦਾ ਝਾੜ ਦੂਜੀਆਂ ਝੋਨੇ ਦੀਆਂ ਸਭ ਕਿਸਮਾਂ ਨਾਲੋਂ ਵੱਧ ਰਿਹਾ | ਬਾਸਮਤੀ ਦੀ ਪੂਸਾ ਬਾਸਮਤੀ–1121 ਕਿਸਮ, ਜਿਸ ਦਾ ਚੌਲ ਸਭ ਕਿਸਮਾਂ ਨਾਲੋਂ ਲੰਮਾ ਹੈ ਤੇ ਰਸੋਈ ਦੀ ਬਰਕਤ 'ਚ ਅੱਵਲ ਨੰਬਰ 'ਤੇ ਹੈ, ਉਸ ਕਿਸਮ ਦਾ ਵੀ ਇਸੇ ਮੇਲੇ ਰਾਹੀਂ ਪਸਾਰ ਹੋਇਆ | ਇਸ ਮੌਸਮ ਦੇ ਬਾਕੀ ਕਿਸਾਨ ਮੇਲੇ ਪੀ.ਏ.ਯੂ. ਵਲੋਂ 25 ਸਤੰਬਰ ਤੇ 29 ਸਤੰਬਰ ਨੂੰ  ਬਠਿੰਡਾ ਤੇ ਗੁਰਦਾਸਪੁਰ ਵਿਖੇ ਲਾਏ ਜਾਣਗੇ | 

ਕਿਸਾਨਾਂ ਤੱਕ ਪੰਜਾਬ ਦੀਆਂ ਝੋਨਾ, ਬਾਸਮਤੀ ਤੇ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਮੁੱਖ ਫ਼ਸਲਾਂ ਦੇ ਸੁਧਰੇ ਬੀਜਾਂ ਦੇ ਪਸਾਰ ਵਿਚ ਇਨ੍ਹਾਂ ਕਿਸਾਨ ਮੇਲਿਆਂ ਦਾ ਬੜਾ ਯੋਗਦਾਨ ਹੈ | ਪਿਛਲੇ ਸਾਲ ਤੱਕ ਇਨ੍ਹਾਂ ਮੇਲਿਆਂ 'ਚ ਦਿੱਤੇ ਜਾ ਰਹੇ ਬੀਜ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ ਹਨ | ਕਈ ਕਿਸਮਾਂ, ਜਿਨ੍ਹਾਂ 'ਚ ਝੋਨੇ ਦੀ ਪੂਸਾ–44 ਅਤੇ ਵੀ.ਐਸ. ਮਾਥੁਰ ਦੀ ਕਣਕ ਦੀ ਐਚ.ਡੀ–2329 ਕਿਸਮਾਂ ਦੇ ਬੀਜਾਂ ਦੀ ਪ੍ਰਾਪਤੀ ਲਈ ਲੰਮੀਆਂ ਕਤਾਰਾਂ ਲਗਦੀਆਂ ਰਹੀਆਂ, ਪਰ ਹੁਣ ਇਨ੍ਹਾਂ ਦੇ ਬੀਜ ਲੈਣ ਦਾ ਝੁਕਾਅ ਮੱਠਾ ਪੈ ਗਿਆ ਜਾਪਦਾ ਹੈ | ਇਸ ਸਾਲ ਰੌਣੀ (ਪਟਿਆਲਾ) ਅਤੇ ਹੋਰ ਥਾਵਾਂ 'ਤੇ ਲਾਏ ਕਿਸਾਨ ਮੇਲਿਆਂ 'ਚ ਪੀ.ਏ.ਯੂ. ਵਲੋਂ ਵਿਕਸਿਤ ਕਣਕ (ਜੋ 35 ਲੱਖ ਹੈਕਟੇਅਰ 'ਤੇ ਕਾਸ਼ਤ ਕੀਤੀ ਜਾਂਦੀ ਹੈ) ਦੀ ਨਵੀਂ ਪੀ.ਬੀਡਬਲਿਊ–887 ਕਿਸਮ ਦੇ ਬੀਜ ਲੈਣ ਲਈ ਵੀ ਖਰੀਦਾਰ ਨਹੀਂ ਸਨ | ਰੌਣੀ ਵਿਖੇ ਇਨ੍ਹਾਂ ਬੀਜਾਂ ਦੀ ਖੁੱਲ੍ਹੀ ਖਰੀਦ ਵੀ ਕੀਤੀ ਗਈ (ਭਾਵ ਜੋ ਕਿਸਾਨ ਜਿੰਨਾ ਚਾਹੇ ਬੀਜ ਖਰੀਦ ਲਵੇ) ਪਰ ਫੇਰ ਵੀ ਇਹ ਵੱਡੀ ਮਿਕਦਾਰ 'ਚ ਅਣਵਿਕਿਆ ਹੀ ਰਹਿ ਗਿਆ | ਇਸ ਦੇ ਕਾਰਨ ਖੋਜ ਸੰਸਥਾਵਾਂ ਵਲੋਂ ਇਕ ਤੋਂ ਬਾਅਦ ਦੂਜੀਆਂ ਕਣਕ ਤੇ ਝੋਨੇ ਦੀਆਂ ਕਿਸਮਾਂ ਕਿਸਾਨਾਂ ਨੂੰ  ਦਿੱਤਾ ਜਾਣਾ, ਨਿੱਜੀ ਖੇਤਰ ਦੇ ਵਿਕਰੇਤਾਵਾਂ ਅਤੇ ਕੁਝ ਕਿਸਾਨਾਂ ਦਾ ਕਥਿਤ ਤੌਰ 'ਤੇ ਆਪਣਾ ਬੀਜ ਵੰਡਣਾ ਆਦਿ ਹਨ | ਇਸੇ ਕਾਰਨ ਕਿਸਾਨ ਭੰਬਲਭੂਸੇ 'ਚ ਪੈ ਗਏ ਕਿ ਉਹ ਕਿਹੜੀ ਕਿਸਮ ਦੀ ਚੋਣ ਕਰਨ | ਇਸ ਲਈ ਬੀਜਾਂ ਦੀ ਵੰਡ ਤੇ ਵਿਕਾਸ 'ਚ ਸੁਧਾਰ ਲਿਆਉਣ ਦੀ ਲੋੜ ਹੈ | ਜੋ ਕਿਸਮਾਂ ਸਰਬ-ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਨੂੰ  ਪ੍ਰਮਾਣਿਕਤਾ ਦੇਣ ਵਾਲੀ ਕਮੇਟੀ ਵਲੋਂ ਵੀ ਜਾਰੀ ਨਹੀਂ ਕੀਤੀਆਂ ਗਈਆਂ, ਉਹ ਵੱਧ ਝਾੜ ਤੇ ਹੋਰ ਵਿਸ਼ੇਸ਼ਤਾਵਾਂ (ਜੋ ਅਸਲ 'ਚ ਨਹੀਂ ਹੁੰਦੀਆਂ) ਦੱਸ ਕੇ ਵੇਚੀਆਂ ਜਾਂਦੀਆਂ ਹਨ | ਅਜਿਹਾ ਹੋਣ ਨਾਲ ਨਵੀਆਂ ਵਿਕਾਸ–ਅਧੀਨ ਕਿਸਮਾਂ ਜਾਰੀ ਹੋਣ ਉਪਰੰਤ ਵਿਕਰੇਤਾਵਾਂ ਵਲੋਂ ਵੇਚੇ ਜਾ ਰਹੇ ਬੀਜਾਂ 'ਚ ਮਿਲਾਵਟ ਹੋ ਕੇ ਉਨ੍ਹਾਂ ਦੀ ਅਸਲ ਕਿਸਮ ਦੀ ਗੁਣਵੱਤਾ ਵੀ ਚਲੀ ਜਾਂਦੀ ਹੈ, ਜਿਸ ਕਾਰਨ ਅਸਲੀ ਕਿਸਮਾਂ ਤੋਂ ਵੀ ਕਿਸਾਨਾਂ ਦਾ ਮੂੰਹ ਮੁੜ ਜਾਂਦਾ ਹੈ |
ਨਵੇਂ ਬਣ ਰਹੇ ਬੀਜ ਕਾਨੂੰਨ ਵਿਚ ਅਜਿਹੀਆਂ ਖ਼ਾਮੀਆਂ ਨੂੰ  ਦੂਰ ਕਰਨ ਦੀ ਲੋੜ ਹੈ | ਕੀ ਇਸ ਸਾਲ ਕਿਸਾਨ ਆਪਣਾ ਬੀਜ ਹੀ ਵਰਤਣਗੇ? ਕੀ ਬੀਜ ਬਦਲ ਦਰ ਪ੍ਰਭਾਵਿਤ ਹੋਵੇਗੀ? ਜੋ ਪੰਜਾਬ 'ਚ ਪਹਿਲਾਂ ਹੀ ਘੱਟ ਹੈ | ਇਹ ਵਿਗਿਆਨੀਆਂ ਤੇ ਉਤਪਾਦਕਾਂ ਲਈ ਸੋਚ–ਵਿਚਾਰ ਦਾ ਵਿਸ਼ਾ ਬਣ ਗਿਆ ਹੈ |
ਇਨ੍ਹਾਂ ਕਿਸਾਨ ਮੇਲਿਆਂ ਦਾ ਇਕ ਵੱਡਾ ਰੋਲ ਇਹ ਵੀ ਹੈ ਕਿ ਕਿਸਾਨਾਂ ਨੇ ਮੇਲਿਆਂ ਦੇ ਪ੍ਰਬੰਧਕਾਂ ਅਤੇ ਕਿਸਾਨ ਸੰਸਥਾਵਾਂ ਤੋਂ ਮੰਗ ਕਰਕੇ ਉਨ੍ਹਾਂ ਨੂੰ  ਮਜਬੂਰ ਕੀਤਾ ਹੈ ਕਿ ਅਜਿਹੇ ਪ੍ਰਭਾਵਸ਼ਾਲੀ ਵਿਅਕਤੀ, ਜਿਨ੍ਹਾਂ 'ਤੇ ਕਿਸਾਨਾਂ ਦਾ ਵਿਸ਼ਵਾਸ ਹੈ ਤੇ ਉਨ੍ਹਾਂ ਵਲੋਂ ਪਾਏ ਯੋਗਦਾਨ ਨਾਲ ਉਨ੍ਹਾਂ ਦਾ ਸਮਾਜ 'ਚ ਦਰਜਾ ਉੱਚਾ ਹੋਇਆ ਹੈ, ਨੂੰ  ਵੀ ਸਨਮਾਨਿਤ ਕੀਤਾ ਜਾਵੇ | ਅਜਿਹੀਆਂ ਕੁਝ ਵਿਸ਼ੇਸ਼ ਸ਼ਖ਼ਸੀਅਤਾਂ ਨੂੰ  ਯੰਗ ਫਾਰਮਰਜ਼ ਐਸੋਸੀਏਸ਼ਨ (ਵਾਈ.ਐਫ.ਏ.) ਵਲੋਂ 'ਡਾ. ਅਮਰੀਕ ਸਿੰਘ ਚੀਮਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ |
ਡਾ. ਬਰਜਿੰਦਰ ਸਿੰਘ ਹਮਦਰਦ ਨੂੰ  (1988–89) ਪੁਰਸਕਾਰ ਤੇ ਸਤਿਕਾਰ ਦਿੱਤਾ ਗਿਆ, ਜਿਨ੍ਹਾਂ ਨੇ ਖੇਤੀ ਸੰਬੰਧੀ ਆਪਣੇ ਲੇਖਾਂ ਰਾਹੀਂ ਕਿਸਾਨਾਂ ਨੂੰ  ਵੱਡਾ ਲਾਭ ਪਹੁੰਚਾਇਆ ਸੀ | ਡਾ. ਗੁਰਦੇਵ ਸਿੰਘ ਖੁਸ਼ ਨੰੂ 2004–05 ਦਾ ਪੁਰਸਕਾਰ ਦਿੱਤਾ ਗਿਆ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਚੌਲਾਂ ਦੀਆਂ ਸਫ਼ਲ ਕਿਸਮਾਂ ਅਤੇ ਤਕਨੀਕੀ ਗਿਆਨ ਕਿਸਾਨਾਂ ਤੱਕ ਪਹੁੰਚਾ ਕੇ ਉਨ੍ਹਾਂ ਦੀ ਆਮਦਨ ਵਧਾਈ | 'ਪਦਮ ਭੂਸ਼ਣ' ਰਾਜੂ ਸ਼ਰਾਫ਼ ਜਿਨ੍ਹਾਂ ਨੇ ਐਗਰੋ–ਕੈਮੀਕਲਜ਼ ਉਦਯੋਗ ਨੂੰ  ਕਿਸਾਨ–ਪੱਖੀ ਬਣਾਇਆ, ਨੂੰ  2006–07 ਦੇ 'ਡਾ. ਅਮਰੀਕ ਸਿੰਘ ਚੀਮਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ |

ਈਮੇਲ : bhagwandass226@gmail.com 

ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣਾ ਹੈ ਤਾਂ ਚਿੱਟੇ ਦਾ ਕਾਰੋਬਾਰ ਬੰਦ ਕਰਵਾਉਣਾ ਪਵੇਗਾ ਅਗਲੀ ਖ਼ਬਰ ਭਾਰਤ ਗਰੁੱਪ ਆਫ਼ ਕਾਲਜਿਜ਼ ਵਿਖੇ ਨਵੇਂ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।