ਪੰਜਾਬੀ ਸਿਨੇਮਾ ਦੇ ਮੌਜੂਦਾ ਮੁਹਾਂਦਰੇ ਨੂੰ ਚਾਰ ਚੰਨ ਲਾਉਣ ਵਿਚ ਇਸ ਖਿੱਤੇ ਦਾ ਹਿੱਸਾ ਬਣੀਆਂ ਨਵ-ਪ੍ਰਭਿਤਾਵਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ, ਜਿਨ੍ਹਾਂ ਵਿਚੋਂ ਹੀ ਆਪਣੇ ਨਾਵਾਂ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਦੋ ਖ਼ੂਬਸੂਰਤ ਚਿਹਰੇ ਕੈਰਵ ਕੰਗ ਅਤੇ ਜੋਤ ਅਰੋੜਾ, ਜੋ ਨਵੀਂ ਆਉਣ ਜਾ ਰਹੀ ਪੰਜਾਬੀ ਫਿਲਮ 'ਮੇਰੀ ਗਰਲ ਫਰੈਂਡ ਦਾ ਵਿਆਹ' ਦੁਆਰਾ ਬਤੌਰ ਲੀਡ ਜੋੜੀ ਵਜੋਂ ਨਜ਼ਰ ਆਏਗੀ। ਫ਼ਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ। ਜੇਕਰ ਅਦਾਕਾਰਾ ਜੋਤ ਅਰੋੜਾ ਦੇ ਜੀਵਨ ਅਤੇ ਕਰੀਅਰ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਰੰਗਮੰਚ ਦੀ ਦੁਨੀਆ ਤੋਂ ਲੈ ਕੇ ਮੁੰਬਈ ਦੇ ਗਲੈਮਰ ਗਲਿਆਰਿਆਂ ਤੱਕ ਆਪਣੀ ਬਹੁ-ਪੱਖੀ ਸ਼ਖ਼ਸੀਅਤ ਦਾ ਪ੍ਰਗਟਾਵਾ ਕਰ ਚੁੱਕੀ ਹੈ। ਇਹ ਬਾਕਮਾਲ ਅਦਾਕਾਰਾ ਜਿਨ੍ਹਾਂ ਨੂੰ ਪਾਲੀਵੁੱਡ 'ਚ ਸਥਾਪਤੀ ਦੇਣ ਵਿਚ ਸਾਲ 2022 ਵਿਚ ਓ.ਟੀ.ਟੀ. ਸਟ੍ਰੀਮ ਹੋਈ ਅਤੇ ਖਾਸੀ ਪਸੰਦ ਕੀਤੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਵਿਚ ਉਨ੍ਹਾਂ ਵਲੋਂ ਨਿਭਾਇਆ ਗਿਆ ਲੀਡਿੰਗ ਰੋਲ ਅਮਿੱਟ ਛਾਪ ਛੱਡਣ ਵਿਚ ਸਫਲ ਰਿਹਾ।
ਜੋਤ ਮੂਲ ਰੂਪ ਵਿਚ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧ ਰੱਖਦੀ ਹੈ, ਇਹ ਪ੍ਰਤਿਭਾਵਾਨ ਅਦਾਕਾਰਾ, ਜਿਨ੍ਹਾਂ ਦੇ ਪਿਤਾ ਦਲਜੀਤ ਸਿੰਘ ਅਰੋੜਾ ਅਤੇ ਭਰਾ ਮਨਜੋਤ ਸਿੰਘ ਵੀ (ਗੀਤਕਾਰ, ਸਿਨੇਮਾ ਆਲੋਚਕ ਅਤੇ ਨਿਰਦੇਸ਼ਕ) ਪੰਜਾਬੀ ਫ਼ਿਲਮ ਉਦਯੋਗ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਵਜੋਂ ਜਾਣੇ ਜਾਂਦੇ ਹਨ। ਸਾਲ 2018 ਵਿਚ ਸਾਹਮਣੇ ਆਈ ਅਤੇ ਰਾਣਾ ਰਣਬੀਰ ਵਲੋਂ ਨਿਰਦੇਸ਼ਿਤ ਕੀਤੀ ਅਰਥ-ਭਰਪੂਰ ਪੰਜਾਬੀ ਫਿਲਮ 'ਅਸੀਸ' ਦਾ ਵੀ ਕਾਬਲ-ਏ-ਤਾਰੀਫ਼ ਹਿੱਸਾ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜਿਸ ਵਲੋਂ ਹੁਣ ਤੱਕ ਅੰਜਾਮ ਦਿੱਤੇ ਹੋਰਨਾਂ ਪ੍ਰੋਜੈਕਟਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵਿਚ 'ਯਾਰ ਚੱਲੇ ਬਾਹਰ ਸੀਜ਼ਨ-2' (ਵੈੱਬ ਸੀਰੀਜ਼), 'ਮਾਂ ਵਰਗੀ' (ਮਿਊਜ਼ਿਕ ਵੀਡੀਓ) ਤੋਂ ਇਲਾਵਾ ਨਵਤੇਜ ਸੰਧੂ ਵਲੋਂ ਨਿਰਦੇਸ਼ਿਤ ਭਾਵਪੂਰਨ ਪੰਜਾਬੀ ਫਿਲਮ 'ਜਮਰੌਦ' ਆਦਿ ਵੀ ਸ਼ਾਮਿਲ ਰਹੇ ਹਨ। ਸਿਨੇਮਾ ਗਲਿਆਰਿਆਂ ਵਿਚ ਇਨ੍ਹੀਂ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਨ੍ਹਾਂ ਦੋਵਾਂ ਨਵ-ਕਲਾਕਾਰਾਂ ਦੀ ਉੱਕਤ ਦਿਲਚਸਪ ਪੰਜਾਬੀ ਫਿਲਮ ਜੋ ਇਨ੍ਹੀਂ ਦਿਨੀਂ ਮੁੰਬਈ ਦੀਆਂ ਵੱਖ-ਵੱਖ ਲੋਕੇਸ਼ਨਾਂ ਉੱਪਰ ਤੇਜ਼ੀ ਨਾਲ ਫਿਲਮਾਈ ਜਾ ਰਹੀ ਹੈ।
-ਅ.ਬ.