ਸਾਲ 1969 ਭਾਰਤੀ ਹਿੰਦੀ ਸਿਨੇਮਾ ਲਈ ਬਹੁਤ ਮਹੱਤਵਪੂਰਨ ਰਿਹਾ। ਇਸ ਸਮੇਂ ਬਾਲੀਵੁੱਡ 'ਚ ਇਕ ਨਿਰਣਾਇਕ ਮੋੜ ਆਇਆ। ਇਸ ਸਾਲ ਦੇ ਨਵੰਬਰ ਮਹੀਨੇ ਵਿਚ ਫ਼ਿਲਮ 'ਆਰਾਧਨਾ' ਰਿਲੀਜ਼ ਹੋਈ ਸੀ, ਜਿਸ ਦੀ ਬਦੌਲਤ ਬਾਲੀਵੁੱਡ ਨੂੰ ਸਹੀ ਮਾਇਨਿਆਂ ਵਿਚ ਆਪਣਾ ਪਹਿਲਾ ਸੁਪਰ ਸਟਾਰ ਮਿਲਿਆ ਸੀ, ਰਾਜੇਸ਼ ਖੰਨਾ ਦੇ ਰੂਪ ਵਿਚ। ਉਸ ਦਾ ਸਟਾਰਡਮ ਇਸ ਤਰ੍ਹਾਂ ਦਾ ਸੀ, ਜੋ ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਫ਼ਿਲਮਾਂ ਵਿਚ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਸ ਦੀ ਇਕ ਝਲਕ ਦੇਖਣ ਲਈ ਬੇਤਾਬ ਰਹਿੰਦੇ ਸਨ। ਕੁੜੀਆਂ ਵਿਚ ਤਾਂ ਉਸ ਪ੍ਰਤੀ ਦੀਵਾਨਗੀ ਵੱਖਰੇ ਹੀ ਪੱਧਰ 'ਤੇ ਸੀ। ਹੋਸਟਲ ਵਿਚ ਕੁੜੀਆਂ ਉਸ ਦੀ ਤਸਵੀਰ ਆਪਣੇ ਸਿਰਹਾਣੇ ਹੇਠਾਂ ਰੱਖ ਕੇ ਸੌਂਦੀਆਂ ਸਨ ਅਤੇ ਜਿਸ ਥਾਂ ਤੋਂ ਰਾਜੇਸ਼ ਖੰਨਾ ਦੀ ਗੱਡੀ ਲੰਘ ਜਾਵੇ, ਉਥੇ ਦੀ ਮਿੱਟੀ ਚੁੱਕ ਕੇ ਕੁੜੀਆਂ ਆਪਣੀ ਮਾਂਗ ਵਿਚ 'ਸੰਧੂਰ' ਦੀ ਤਰ੍ਹਾਂ ਭਰ ਲੈਂਦੀਆਂ ਸਨ। ਇਸ ਲਈ ਇਹ ਹੈਰਾਨੀਜਨਕ ਨਹੀਂ ਸੀ ਕਿ ਰਾਜੇਸ਼ ਖੰਨਾ ਦੀਆਂ ਲਗਾਤਾਰ 15 ਫ਼ਿਲਮਾਂ ਹਿੱਟ ਹੋਈਆਂ। ਨਿਰਮਾਤਾ ਉਸ ਦੇ ਘਰ ਲਾਈਨ ਲਗਾਉਂਦੇ ਸਨ ਕਿ ਉਹ ਉਨ੍ਹਾਂ ਦੀਆਂ ਫ਼ਿਲਮਾਂ ਵਿਚ ਮੂੰਹ ਮੰਗੀ ਕੀਮਤ 'ਤੇ ਕੰਮ ਕਰਨ ਲਈ ਤਿਆਰ ਹੋ ਜਾਏ। ਜਿਧਰ ਦੇਖੋ ਉਧਰ ਨੌਜਵਾਨ ਉਨ੍ਹਾਂ ਦੇ ਪਹਿਰਾਵੇ ਤੇ ਵਾਲਾਂ ਦੇ ਸਟਾਈਲ ਦੀ ਨਕਲ ਕਰਿਆ ਕਰਦੇ ਹੋਏ 'ਰਾਜੇਸ਼ ਖੰਨਾ' ਬਣੇ ਫਿਰਦੇ ਸਨ। ਬਾਕੀ ਅਦਾਕਾਰ ਉਨ੍ਹਾਂ ਦੇ ਸਾਹਮਣੇ ਇਕਦਮ ਫਿੱਕੇ ਪੈ ਚੁੱਕੇ ਸਨ।
ਰਾਜੇਸ਼ ਖੰਨਾ ਦੇ ਇਸ ਸੁਪਰ ਸਟਾਰਡਮ ਵਿਚ ਕਿਸ਼ੋਰ ਕੁਮਾਰ ਦੀ ਆਵਾਜ਼ ਅਤੇ ਐਸ.ਡੀ. ਬਰਮਨ ਤੇ ਬਾਅਦ ਵਿਚ ਉਨ੍ਹਾਂ ਦੇ ਪੁੱਤਰ ਆਰ.ਡੀ. ਬਰਮਨ ਦੇ ਸੰਗੀਤ ਦਾ ਬਹੁਤ ਵੱਡਾ ਯੋਗਦਾਨ ਸੀ। ਕਿਸ਼ੋਰ ਕੁਮਾਰ ਖ਼ੁਦ ਨੂੰ ਦੇਵ ਆਨੰਦ ਦੀ ਆਵਾਜ਼ ਸਮਝਦੇ ਸਨ, ਇਸ ਲਈ ਉਹ ਬਹੁਤ ਮੁਸ਼ਕਿਲ ਨਾਲ ਰਾਜੇਸ਼ ਖੰਨਾ ਲਈ ਗਾਉਣ ਲਈ ਤਿਆਰ ਹੋਏ, ਪਰ ਇਕ ਵਾਰ ਜਦੋਂ ਉਹ ਸਹਿਮਤ ਹੋ ਗਏ ਤਾਂ ਉਨ੍ਹਾਂ ਨੇ ਰਾਜੇਸ਼ ਖੰਨਾ ਦੇ ਨਾਲ ਮਿਲ ਕੇ ਪਰਦੇ 'ਤੇ ਕਮਾਲ ਦਾ ਜਾਦੂ ਕੀਤਾ। ਰਾਜੇਸ਼ ਖੰਨਾ ਨੂੰ ਵੀ ਲਗਦਾ ਸੀ ਕਿ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਕਿਸ਼ੋਰ ਕੁਮਾਰ ਦੀ ਹੀ ਆਵਾਜ਼ ਹੈ, ਜੋ ਉਨ੍ਹਾਂ ਦੀ ਅਭਿਨੈ ਸ਼ੈਲੀ ਨਾਲ ਜ਼ਿਆਦਾ ਮੇਲ ਖਾਂਦੀ ਹੈ। ਇਸ ਲਈ ਉਹ ਖ਼ੁਦ 'ਤੇ ਫ਼ਿਲਮਾਏ ਗਏ ਗੀਤਾਂ ਲਈ ਕਿਸ਼ੋਰ ਕੁਮਾਰ ਦੀ ਆਵਾਜ਼ ਨੂੰ ਹੀ ਪਹਿਲ ਦਿੰਦੇ ਸਨ। ਇਹ ਵੱਖਰੀ ਗੱਲ ਹੈ ਕਿ ਰਾਜੇਸ਼ ਖੰਨਾ ਲਈ ਮੁਹੰਮਦ ਰਫ਼ੀ ਨੇ ਵੀ ਯਾਦਗਾਰ ਗੀਤ ਗਾਏ, ਜਿਨ੍ਹਾਂ ਨੂੰ ਅੱਜ ਤੱਕ ਲੋਕ ਗੁਣਗੁਣਾਉਂਦੇ ਹਨ, ਜਿਵੇਂ 'ਗੁਲਾਬੀ ਆਂਖੇਂ ਜੋ ਤੇਰੀ ਦੇਖੀਂ' (ਦ ਟ੍ਰੇਨ, 1970), 'ਯੇ ਰੇਸ਼ਮੀ ਜੁਲਫ਼ੇਂ, ਯੇ ਸ਼ਰਬਤੀ ਆਂਖੇਂ' (ਦੋ ਰਾਸਤੇ, 1969), 'ਅਕੇਲੇ ਹੈਂ ਚਲੇ ਆਓ ਜਹਾਂ ਹੋ' (ਰਾਜ਼, 1967), 'ਗੁਨ ਗੁਨਾ ਰਹੇ ਹੈਂ ਭੰਵਰੇ' (ਅਰਾਧਨਾ, 1969), 'ਯੂੰਹੀ ਤੁਮ ਮੁਝਸੇ ਬਾਤ ਕਰਤੀ ਹੋ' (ਸੱਚਾ ਝੂਠਾ, 1970) ਆਦਿ।
ਪਰ ਰਾਜੇਸ਼ ਖੰਨਾ ਕਿਸ਼ੋਰ ਕੁਮਾਰ ਨੂੰ ਹੀ ਆਪਣੀ ਆਵਾਜ਼ ਸਮਝਦੇ ਸਨ। ਇਹੀ ਵਜ੍ਹਾ ਸੀ ਕਿ ਫ਼ਿਲਮ 'ਹਾਥੀ ਮੇਰੇ ਸਾਥੀ' (1971) ਦੇ ਸਾਰੇ ਗੀਤ ਰਾਜੇਸ਼ ਖੰਨਾ ਲਈ ਗਾਉਣ ਲਈ ਕਿਸ਼ੋਰ ਕੁਮਾਰ ਨੂੰ ਇਕਰਾਰਬੱਧ ਕੀਤਾ ਗਿਆ ਸੀ। ਜਦੋਂ ਇਸ ਫ਼ਿਲਮ ਦੇ ਗੀਤ 'ਨਫ਼ਰਤ ਕੀ ਦੁਨੀਆ ਕੋ ਛੋੜਕਰ' ਦੀ ਰਿਕਾਰਡਿੰਗ ਦਾ ਸਮਾਂ ਆਇਆ ਤਾਂ ਕਿਸ਼ੋਰ ਕੁਮਾਰ ਨੇ ਇਸ ਨੂੰ ਗਾਉਣ ਤੋਂ ਮਨ੍ਹਾਂ ਕਰ ਦਿੱਤਾ। ਉਹ ਚਾਹੁੰਦੇ ਸਨ ਕਿ ਇਸ ਗੀਤ ਨੂੰ ਮੁਹੰਮਦ ਰਫ਼ੀ ਗਾਉਣ, ਕਿਉਂਕਿ ਉਹ ਹੀ ਇਸ ਦੇ ਬੋਲਾਂ ਨਾਲ ਇਨਸਾਫ਼ ਕਰ ਸਕਦੇ ਸਨ। ਫ਼ਿਲਮ ਦੇ ਸੰਗੀਤਕਾਰ ਲਕਸ਼ਮੀ ਕਾਂਤ-ਪਿਆਰੇ ਲਾਲ ਵੀ ਕਿਸ਼ੋਰ ਕੁਮਾਰ ਦੀ ਰਾਇ ਨਾਲ ਸਹਿਮਤ ਸਨ। ਪਰ ਰਾਜੇਸ਼ ਖੰਨਾ ਇਕਦਮ ਇਸ ਦੇ ਹੱਕ ਵਿਚ ਨਹੀਂ ਸੀ ਅਤੇ ਉਸ ਸਮੇਂ ਸੁਪਰ ਸਟਾਰ ਹੋਣ ਦੇ ਨਾਤੇ ਉਨ੍ਹਾਂ ਦੀ ਇਸ ਤਰ੍ਹਾਂ ਦੀ ਤੂਤੀ ਬੋਲਦੀ ਰਹੀ ਸੀ ਕਿ ਉਨ੍ਹਾਂ ਨੂੰ 'ਨਾਂਹ' ਕਹਿਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਫਿਲਹਾਲ, ਕਿਸ਼ੋਰ ਕੁਮਾਰ ਆਪਣੀ ਜ਼ਿੱਦ 'ਤੇ ਅੜ ਗਏ। ਉਨ੍ਹਾਂ ਨੇ 'ਨਫ਼ਰਤ ਕੀ ਦੁਨੀਆ ਕੋ ਛੋੜ ਕਰ' ਗੀਤ ਗਾਉਣ ਤੋਂ ਸਾਫ ਮਨ੍ਹਾਂ ਕਰ ਦਿੱਤਾ। ਆਖ਼ਿਰਕਾਰ ਫ਼ਿਲਮ ਦੇ ਨਿਰਦੇਸ਼ਕ ਐਮ.ਏ. ਥਿਰੁਮੁਗਮ ਅਤੇ ਲਕਸ਼ਮੀ ਕਾਂਤ-ਪਿਆਰੇ ਲਾਲ ਦੇ ਬਹੁਤ ਸਮਝਾਉਣ 'ਤੇ ਰਾਜੇਸ਼ ਖੰਨਾ ਬੇਮਨ ਜਿਹੇ ਮਨ ਨਾਲ ਮੰਨ ਹੀ ਗਏ। ਪਰ ਹੁਣ ਸਮੱਸਿਆ ਇਹ ਸੀ ਕਿ ਮੁਹੰਮਦ ਰਫ਼ੀ ਉਸ ਸਮੇਂ ਭਾਰਤ ਵਿਚ ਨਹੀਂ ਸਨ, ਉਹ ਆਪਣੇ ਵਰਲਡ ਟੂਰ ਦੇ ਸਿਲਸਿਲੇ ਵਿਚ ਇੰਗਲੈਂਡ ਵਿਚ ਸਨ ਅਤੇ ਉਨ੍ਹਾਂ ਨੂੰ ਬੁਲਾਉਣ ਦੀ ਜ਼ਿੰਮੇਵਾਰੀ ਕਿਸ਼ੋਰ ਕੁਮਾਰ ਨੂੰ ਦਿੱਤੀ ਗਈ। ਕਿਸ਼ੋਰ ਦੇ ਕਹਿਣ 'ਤੇ ਰਫ਼ੀ ਆਪਣਾ ਪ੍ਰੋਗਰਾਮ ਛੱਡ ਕੇ ਇੰਗਲੈਂਡ ਤੋਂ ਦੋ ਘੰਟਿਆਂ ਲਈ ਮੁੰਬਈ ਆਏ, ਰਿਕਾਰਡਿੰਗ ਕੀਤੀ, ਵਾਪਸ ਗਏ ਅਤੇ 'ਨਫ਼ਰਤ ਕੀ ਦੁਨੀਆ ਛੋੜ ਕਰ' ਫ਼ਿਲਮ 'ਹਾਥੀ ਮੇਰੇ ਸਾਥੀ' ਦਾ ਸਭ ਤੋਂ ਸਫ਼ਲ ਗੀਤ ਸਾਬਿਤ ਹੋਇਆ, ਜਿਸ ਨੂੰ ਦਰਸ਼ਕ ਆਪਣੀ ਜ਼ੁਬਾਨ 'ਤੇ ਅਤੇ ਅੱਖਾਂ ਵਿਚ ਹੰਝੂ ਲੈ ਕੇ ਸਿਨੇਮਾਘਰਾਂ 'ਚੋਂ ਬਾਹਰ ਨਿਕਲੇ।
ਰਾਜੇਸ਼ ਖੰਨਾ ਦਾ ਸੁਪਰ ਸਟਾਰਡਮ ਆਪਣੀ ਪੂਰੀ ਚੋਟੀ 'ਤੇ ਸੀ ਕਿ ਇਸ ਦਰਮਿਆਨ 16 ਮਾਰਚ, 1973 ਨੂੰ ਧਰਮਿੰਦਰ ਦੀ ਫ਼ਿਲਮ 'ਲੋਫ਼ਰ' ਆਈ, ਜਿਸ ਵਿਚ ਉਨ੍ਹਾਂ ਦੇ ਨਾਲ ਮੁਮਤਾਜ਼ ਹੀਰੋਇਨ ਸੀ, ਜਿਨ੍ਹਾਂ ਦੀ ਰਾਜੇਸ਼ ਖੰਨਾ ਨਾਲ ਜੋੜੀ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਚੁੱਕੀ ਸੀ। ਇਸ ਫ਼ਿਲਮ ਦੀ ਸੰਗੀਤਕਾਰ ਜੋੜੀ ਲਕਸ਼ਮੀ ਕਾਂਤ-ਪਿਆਰੇ ਲਾਲ ਨੇ ਗੀਤਕਾਰ ਆਨੰਦ ਬਖਸ਼ੀ ਦੇ ਲਿਖੇ ਗੀਤ 'ਆਜ ਮੌਸਮ ਬੜਾ ਬੇਈਮਾਨ ਹੈ' ਨੂੰ ਆਪਣੇ ਪਸੰਦੀਦਾ ਗਾਇਕ ਮੁਹੰਮਦ ਰਫ਼ੀ ਨੂੰ ਗਾਉਣ ਦੀ ਜ਼ਿੰਮੇਵਾਰੀ ਸੌਂਪੀ ਅਤੇ ਰਫ਼ੀ ਨੇ ਆਪਣੀ ਮਖਮਲੀ ਆਵਾਜ਼ ਨਾਲ ਇਸ ਗਾਣੇ ਨੂੰ ਨਾ ਸਿਰਫ਼ ਅਮਰ ਕਰ ਦਿੱਤਾ, ਸਗੋਂ ਧਰਮਿੰਦਰ ਨੂੰ ਸੁਪਰ ਸਟਾਰ ਬਣਾਉਂਦੇ ਹੋਏ ਰਾਜੇਸ਼ ਖੰਨਾ ਦੇ ਸੁਪਰ ਸਟਾਰਡਮ ਨੂੰ ਵੀ ਫਿੱਕਾ ਕਰ ਦਿੱਤਾ। 'ਲੋਫ਼ਰ' 1961 ਦੀ ਅਮਰੀਕਨ ਫ਼ਿਲਮ 'ਪਾਕੇਟਫੁੱਲ ਆਫ਼ ਮਿਰੈਕਲਸ' ਤੋਂ ਪ੍ਰੇਰਿਤ ਸੀ। ਫਿਰ ਜਦੋਂ 1973 ਵਿਚ ਹੀ ਅਮਿਤਾਭ ਬੱਚਨ ਫ਼ਿਲਮ 'ਜ਼ੰਜੀਰ' ਤੋਂ 'ਐਂਗਰੀ ਜੰਗਮੈਨ' ਦੇ ਰੂਪ ਵਿਚ ਉੱਭਰੇ ਅਤੇ ਇਸ ਫ਼ਿਲਮ ਦੇ ਹਿਟ ਰੋਮਾਂਟਿਕ ਗੀਤ 'ਦੀਵਾਨੇ ਹੈਂ ਦੀਵਾਨੋਂ ਕੋ ਨਾ ਘਰ ਚਾਹੀਏ' ਨੇ ਤਹਿਲਕਾ ਮਚਾ ਦਿੱਤਾ, ਜਿਸ ਨੂੰ ਰਫ਼ੀ ਨੇ ਹੀ ਗਾਇਆ ਸੀ ਤੇ ਰਾਜੇਸ਼ ਖੰਨਾ ਦੇ ਸੁਪਰ ਸਟਾਰਡਮ 'ਤੇ ਪੂਰੀ ਤਰ੍ਹਾਂ ਵਿਰਾਮ ਲਗ ਗਿਆ, ਖ਼ਾਸ ਕਰਕੇ ਇਸ ਲਈ ਵੀ ਕਿ 1975 ਵਿਚ ਧਰਮਿੰਦਰ ਤੇ ਅਮਿਤਾਭ ਬੱਚਨ ਦੀ ਫ਼ਿਲਮ 'ਸ਼ੋਅਲੇ' ਆਈ, ਜਿਸ ਨੇ ਬਾਲੀਵੁੱਡ ਦਾ ਇਤਿਹਾਸ ਹੀ ਬਦਲ ਦਿੱਤਾ ਅਤੇ 'ਦੀਵਾਰ' ਤੋਂ ਬਾਅਦ ਅਮਿਤਾਭ ਬੱਚਨ ਸਦੀ ਦੇ ਮਹਾਨਾਇਕ ਦੇ ਰੂਪ ਵਿਚ ਸਥਾਪਿਤ ਹੋ ਗਏ। ਰਾਜੇਸ਼ ਖੰਨਾ ਇਤਿਹਾਸ ਦੇ ਸਫ਼ਿਆਂ ਵਿਚ ਸਿਮਟ ਕੇ ਰਹਿ ਗਏ।
***