ਜਲੰਧਰ, 27 ਅਕਤੂਬਰ (ਡਾ.ਜਤਿੰਦਰ ਸਾਬੀ)-5 ਵਾਰ ਦੇ ਚੈਂਪੀਅਨ ਭਾਰਤ ਨੇ ਮਨਦੀਪ ਸਿੰਘ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਇਥੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ-2026 ਟੂਰਨਾਮੈਂਟ ਵਿਚ ਆਪਣੇ ਖ਼ਿਤਾਬ ਦੀ ਰਾਖੀ ਦੀ ਮੁਹਿੰਮ ਦਾ ਧਮਾਕੇਦਾਰ ਆਗਾਜ਼ ਕਰਦਿਆਂ ਬੰਗਲਾਦੇਸ਼ ਨੂੰ 13-0 ਨਾਲ ਕਰਾਰੀ ਹਾਰ ਦਿੱਤੀ।ਮਨਦੀਪ ਨੇ ਤੀਜੇ, 10ਵੇਂ ਅਤੇ 54ਵੇਂ ਮਿੰਟ ਵਿਚ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜੇ ਅਤੇ 44ਵੇਂ ਮਿੰਟ, ਦਿਲਪ੍ਰੀਤ ਸਿੰਘ ਨੇ 43ਵੇਂ ਅਤੇ 44ਵੇਂ ਮਿੰਟ ਅਤੇ ਉਪ ਕਪਤਾਨ ਹਾਰਦਿਕ ਸਿੰਘ ਨੇ 60ਵੇਂ ਮਿੰਟ ਵਿਚ ਦੋ ਗੋਲ ਕੀਤੇ। ਸ਼ਿਲਾਨੰਦ ਲਾਕੜਾ ਨੇ 15ਵੇਂ, ਅਭਿਸ਼ੇਕ ਨੇ 18ਵੇਂ, ਨੀਲਕਾਂਤਾ ਸ਼ਰਮਾ ਨੇ 26ਵੇਂ ਅਤੇ ਜੁਗਰਾਜ ਸਿੰਘ ਨੇ 46ਵੇਂ ਮਿੰਟ ਵਿੱਚ ਗੋਲ ਦਾਗੇ। ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਖੇਡੇ ਗਏ ਟੂਰਨਾਮੈਂਟ ਦੇ ਤੀਜੇ ਮੈਚ ਵਿਚ ਭਾਰਤ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਹਰਮਨਪ੍ਰੀਤ ਨੇ ਦੂਜੇ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ। ਅਗਲੇ ਹੀ ਮਿੰਟ ਮਨਦੀਪ ਨੇ ਕਪਤਾਨ ਦੇ ਸ਼ਾਨਦਾਰ ਪਾਸ ’ਤੇ ਗੋਲ ਕਰ ਦਿੱਤਾ। ਮਨਦੀਪ ਨੇ 10ਵੇਂ ਮਿੰਟ ਵਿਚ ਦੂਜਾ ਗੋਲ ਕੀਤਾ, ਜਦਕਿ ਸ਼ਿਲਾਨੰਦ ਨੇ ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ਵਿਚ ਭਾਰਤ ਦੀ ਬੜਤ 4-0 ਕਰ ਦਿੱਤੀ। ਅਭਿਸ਼ੇਕ ਅਤੇ ਨੀਲਕਾਂਤਾ ਨੇ ਦੂਜੇ ਕੁਆਰਟਰ ਵਿਚ ਗੋਲ ਕਰਕੇ ਅੱਧੇ ਸਮੇਂ ਤੱਕ ਸਕੋਰ 6-0 ਕਰ ਦਿੱਤਾ। ਤੀਜੇ ਕੁਆਰਟਰ ਵਿਚ ਦਿਲਪ੍ਰੀਤ ਨੇ ਇਕ ਮਿੰਟ ਦੇ ਅੰਦਰ ਦੋ ਗੋਲ ਕੀਤੇ ਅਤੇ ਹਰਮਨਪ੍ਰੀਤ ਨੇ ਵੀ ਆਪਣਾ ਦੂਜਾ ਗੋਲ ਦਾਗਿਆ। ਚੌਥੇ ਕੁਆਰਟਰ ਦੇ ਸ਼ੁਰੂ ਵਿਚ ਜੁਗਰਾਜ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਇਸ ਤੋਂ ਬਾਅਦ ਮਨਦੀਪ ਨੇ ਹੈਟ੍ਰਿਕ ਪੂਰੀ ਕੀਤੀ। ਆਖ਼ਰੀ ਮਿੰਟ ਵਿਚ ਹਾਰਦਿਕ ਨੇ ਲਗਾਤਾਰ ਦੋ ਗੋਲ ਕਰਕੇ ਭਾਰਤ ਦੀ ਜਿੱਤ ਦਾ ਫ਼ਰਕ 13-0 ਕਰ ਦਿੱਤਾ।
ਮੌਜੂਦਾ ਚੈਂਪੀਅਨ ਭਾਰਤ ਵਲੋਂ ਧਮਾਕੇਦਾਰ ਆਗਾਜ਼ ਮਨਦੀਪ ਦੀ ਹੈਟ੍ਰਿਕ ਬਦੌਲਤ ਬੰਗਲਾਦੇਸ਼ ਨੂੰ 13-0 ਨਾਲ ਦਰੜਿਆ
ਜਲੰਧਰ, 27 ਅਕਤੂਬਰ (ਡਾ. ਜਤਿੰਦਰ ਸਾਬੀ)-5 ਵਾਰ ਦੇ ਚੈਂਪੀਅਨ ਭਾਰਤ ਨੇ ਮਨਦੀਪ ਸਿੰਘ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਇਥੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ-2026 ਟੂਰਨਾਮੈਂਟ ਵਿਚ ਆਪਣੇ ਖ਼ਿਤਾਬ ਦੀ ਰਾਖੀ ਦੀ ਮੁਹਿੰਮ ਦਾ ਧਮਾਕੇਦਾਰ ਆਗਾਜ਼ ਕਰਦਿਆਂ ਬੰਗਲਾਦੇਸ਼ ਨੂੰ 13-0 ਨਾਲ ਕਰਾਰੀ ਹਾਰ ਦਿੱਤੀ।
‘ਪਲੇਅਰ ਆਫ਼ ਦੀ ਮੈਚ’ ਟਰਾਫ਼ੀ ਨਾਲ ਮਨਦੀਪ ਸਿੰਘ।
28-10-2026