ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਬਣਨ ਦੀ ਦੌੜ 'ਚ ਸ਼ਾਮਿਲ ਤੇ ਗ੍ਰੇਟਰ ਮਾਨਚੈਸਟਰ ਦੇ ਮੇਅਰ ਐਂਡੀ ਬਰਨਹਮ ਨੇ ਲੇਬਰ ਪਾਰਟੀ ਦੀ ਕਾਰਗੁਜ਼ਾਰੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਲੇਬਰ ਪਾਰਟੀ ਜਨਤਾ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਸਕੀ ਅਤੇ ਇਸ ਵਿੱਚ ਸੁਧਾਰ ਦੀ ਵੱਡੀ ਲੋੜ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪਾਰਟੀ ਆਉਣ ਵਾਲੇ ਸਮੇਂ ਵਿਚ ਬ੍ਰੈਗਜ਼ਿਟ ਦੇ ਵਿਵਾਦਾਂ ਤੇ ਬਹਿਸਾਂ ਨੂੰ ਦੁਬਾਰਾ ਨਹੀਂ ਦੁਹਰਾਏਗੀ | ਬਰਨਹਮ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਅਤੀਤ ਦੀਆਂ ਬਹਿਸਾਂ ਵਿੱਚ ਉਲਝਣ ਦਾ ਨਹੀਂ, ਸਗੋਂ ਦੇਸ਼ ਦੇ ਸਾਹਮਣੇ ਮੌਜੂਦ ਅਸਲ ਚੁਣੌਤੀਆਂ ਵੱਲ ਧਿਆਨ ਦੇਣ ਦਾ ਹੈ | ਮੇਅਰ ਨੇ ਕਿਹਾ ਕਿ ਪਾਰਟੀ ਦਾ ਪੂਰਾ ਧਿਆਨ ਹੁਣ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਜਨਤਕ ਸੇਵਾਵਾਂ ਵਿਚ ਸੁਧਾਰ ਲਿਆਉਣ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਰਥਿਕ ਅਸਮਾਨਤਾ ਨੂੰ ਖਤਮ ਕਰਨ 'ਤੇ ਹੋਣਾ ਚਾਹੀਦਾ ਹੈ | ਐਂਡੀ ਬਰਨਹਮ ਦੇ ਇਸ ਬਿਆਨ ਨੂੰ ਲੇਬਰ ਪਾਰਟੀ ਦੇ ਰਵਾਇਤੀ ਵੋਟਰਾਂ, ਖਾਸ ਕਰਕੇ ਯੂ.ਕੇ. ਦੇ ਉੱਤਰੀ ਹਿੱਸਿਆਂ ਵਿਚ ਪਾਰਟੀ ਦਾ ਭਰੋਸਾ ਦੁਬਾਰਾ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਬ੍ਰੈਗਜ਼ਿਟ ਦੇ ਪੱਖ ਵਿੱਚ ਵੋਟ ਪਾਈ ਸੀ | ਜਦਕਿ ਹਾਲ ਹੀ ਵਿਚ ਅਸਤੀਫਾਂ ਦੇਣ ਵਾਲੇ ਸਾਬਕਾ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਨੇ ਭਵਿੱਖ ਵਿਚ ਯੂਰਪੀਅਨ ਯੂਨੀਅਨ ਵਿੱਚ ਵਾਪਿਸ ਜਾਣ ਦੀ ਵਕਾਲਤ ਕੀਤੀ ਸੀ |