04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਐਫ਼.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਦੇ ਖਰਚਿਆਂ ’ਤੇ ਉੱਠਿਆ ਵਿਵਾਦ

ਅਜੀਤ ਡੈਸਕ 11-07-2026
-ਕਾਂਗਰਸ ਨੇ ਸ਼ੁਰੂ ਕੀਤੀ 2-ਸਦਨੀ ਜਾਂਚ, ਰਿਪਬਲਿਕਨ ਤੇ ਡੈਮੋਕ੍ਰੈਟ ਦੋਵੇਂ ਮੰਗ ਰਹੇ ਹਨ ਹਿਸਾਬ
ਨਿਊਯਾਰਕ, 10 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਦੇ ਡਾਇਰੈਕਟਰ ਕਾਸ਼ ਪਟੇਲ ਸਰਕਾਰੀ ਸਰੋਤਾਂ ਦੀ ਵਰਤੋਂ ਨੂੰ ਲੈ ਕੇ ਵੱਡੇ ਵਿਵਾਦ ਵਿਚ ਘਿਰ ਗਏ ਹਨ। ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ, ਸਰਕਾਰੀ ਜਹਾਜ਼ਾਂ ਦੀ ਵਰਤੋਂ, ਲਗਜ਼ਰੀ ਬੀ.ਐਮ.ਡਬਲਿਊ. ਵਾਹਨਾਂ ਦੀ ਖਰੀਦ ਅਤੇ ਨਿੱਜੀ ਮਨੋਰੰਜਨ ਨਾਲ ਜੁੜੇ ਖਰਚਿਆਂ ਦੀ ਜਾਂਚ ਲਈ ਅਮਰੀਕੀ ਕਾਂਗਰਸ ਵਿੱਚ ਦੋ-ਸਦਨੀ (ਬਾਈਕੈਮਰਲ) ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਖ਼ਾਸ ਗੱਲ ਇਹ ਹੈ ਕਿ ਸੈਨੇਟ ਜੂਡੀਸ਼ਰੀ ਕਮੇਟੀ ਦੇ ਰਿਪਬਲਿਕਨ ਚੇਅਰਮੈਨ ਚੱਕ ਗਰਾਸਲੀ ਨੇ ਵੀ ਪਹਿਲਾਂ ਇੱਕ ਗੈਰ-ਜਨਤਕ ਪੱਤਰ ਰਾਹੀਂ ਕਾਸ਼ ਪਟੇਲ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੇ ਆਪਣੀਆਂ ਨਿੱਜੀ ਯਾਤਰਾਵਾਂ ਦਾ ਖਰਚਾ ਸਰਕਾਰ ਨੂੰ ਵਾਪਸ ਕੀਤਾ ਹੈ। ਗਰਾਸਲੀ ਨੇ ਐਫ਼.ਬੀ.ਆਈ. ਦੇ ਜਹਾਜ਼ਾਂ ਦੀ ਵਰਤੋਂ, ਸਾਰੀਆਂ ਉਡਾਣਾਂ ਦਾ ਵੇਰਵਾ ਅਤੇ ਪੰਜ ਬਖ਼ਤਰਬੰਦ ਬੀ.ਐਮ.ਡਬਲਿਊ. ਐਸ.ਯੂ.ਵੀ. ਖਰੀਦਣ ਦੇ ਫ਼ੈਸਲੇ ਬਾਰੇ ਵੀ ਪੂਰਾ ਹਿਸਾਬ ਮੰਗਿਆ ਸੀ।
ਇਸ ਤੋਂ ਬਾਅਦ ਹਾਊਸ ਜੂਡੀਸ਼ਰੀ ਕਮੇਟੀ ਦੇ ਰੈਂਕਿੰਗ ਮੈਂਬਰ ਜੈਮੀ ਰਾਸਕਿਨ ਅਤੇ ਸੈਨੇਟ ਜੂਡੀਸ਼ਰੀ ਕਮੇਟੀ ਦੇ ਰੈਂਕਿੰਗ ਮੈਂਬਰ ਡਿਕ ਡਰਬਿਨ ਨੇ ਵੀ ਸਾਂਝੀ ਜਾਂਚ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਕਾਸ਼ ਪਟੇਲ ਨੇ ਕਈ ਸਰਕਾਰੀ ਦੌਰਿਆਂ ਦੌਰਾਨ ਟੈਕਸਦਾਤਿਆਂ ਦੇ ਪੈਸੇ ’ਤੇ ਨਿੱਜੀ ਮਨੋਰੰਜਨ ਕੀਤਾ। ਡੈਮੋਕ੍ਰੈਟਿਕ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਵਿੱਚ ਹਵਾਈ ਵਿੱਚ ਵੀ.ਆਈ.ਪੀ. ਸਨੋਰਕਲਿੰਗ, ਪੂਰਬੀ ਏਸ਼ੀਆ ਦੇ ਦੌਰੇ ਦੌਰਾਨ ਹੈਲੀਕਾਪਟਰ ਸੈਰ ਅਤੇ ਜੈੱਟ ਸਕੀ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਜਾਂਚ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਦੇ ਵੈਲਿੰਗਟਨ ਵਿੱਚ ਐਫ਼.ਬੀ.ਆਈ. ਦਾ ਨਵਾਂ ਲੀਗਲ ਅਟੈਸ਼ੇ ਦਫ਼ਤਰ ਕਿਤੇ ਸਿਰਫ਼ ਇੱਕ ਵਿਦੇਸ਼ੀ ਦੌਰੇ ਨੂੰ ਜਾਇਜ਼ ਦਿਖਾਉਣ ਲਈ ਤਾਂ ਨਹੀਂ ਖੋਲ੍ਹਿਆ ਗਿਆ ਸੀ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਹੈ ਕਿ ਬ੍ਰੱਸਲਜ਼ ਵਿੱਚ ਕੁਝ ਐਫ਼.ਬੀ.ਆਈ. ਕਰਮਚਾਰੀਆਂ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਉਹ ਡਾਇਰੈਕਟਰ ਦੀਆਂ ਉਮੀਦਾਂ ਅਨੁਸਾਰ ਪ੍ਰਬੰਧ ਨਹੀਂ ਕਰ ਸਕੇ।
ਜਾਂਚਕਰਤਾਵਾਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਮਿਲਾਨ ਵਿੰਟਰ ਓਲੰਪਿਕਸ ਦੇ ਲਗਭਗ ਇੱਕ ਲੱਖ ਡਾਲਰ ਦੇ ਦੌਰੇ ਨੂੰ ਸਾਇਬਰ ਅਪਰਾਧੀ ਦੀ ਜਾਂਚ ਦੇ ਨਾਂ ‘ਤੇ ਜਾਇਜ਼ ਠਹਿਰਾਇਆ ਗਿਆ, ਜਦਕਿ ਸੰਬੰਧਿਤ ਸ਼ੱਕੀ ਪਹਿਲਾਂ ਹੀ ਇਟਲੀ ਦੀ ਹਿਰਾਸਤ ਵਿੱਚ ਸੀ।
ਦੂਜੇ ਪਾਸੇ ਐਫ਼.ਬੀ.ਆਈ. ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਬਿਊਰੋ ਦਾ ਕਹਿਣਾ ਹੈ ਕਿ ਕਾਸ਼ ਪਟੇਲ ਨੇ ਕਾਨੂੰਨ ਅਨੁਸਾਰ ਆਪਣੀਆਂ ਨਿੱਜੀ ਯਾਤਰਾਵਾਂ ਦਾ ਭੁਗਤਾਨ ਸਰਕਾਰ ਨੂੰ ਕਰ ਦਿੱਤਾ ਹੈ। ਐਫ਼.ਬੀ.ਆਈ. ਨੇ ਇਹ ਵੀ ਕਿਹਾ ਕਿ ਬੀ.ਐਮ.ਡਬਲਿਊ. ਵਾਹਨ ਸਟੇਟ ਡਿਪਾਰਟਮੈਂਟ ਤੋਂ ਘੱਟ ਕੀਮਤ ‘ਤੇ ਖਰੀਦੇ ਗਏ, ਜਿਸ ਨਾਲ ਪ੍ਰਤੀ ਵਾਹਨ ਲਗਭਗ 2.7 ਲੱਖ ਡਾਲਰ ਦੀ ਬਚਤ ਹੋਈ। ਬਿਊਰੋ ਨੇ ਜੈੱਟ ਸਕੀ, ਹੈਲੀਕਾਪਟਰ ਸੈਰ ਅਤੇ ਬ੍ਰੱਸਲਜ਼ ਵਿੱਚ ਕਰਮਚਾਰੀਆਂ ਨੂੰ ਸਜ਼ਾ ਦੇਣ ਵਾਲੇ ਦੋਸ਼ਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਹੁਣ ਕਾਂਗਰਸ ਨੇ ਕਾਸ਼ ਪਟੇਲ ਤੋਂ ਉਨ੍ਹਾਂ ਦੀਆਂ ਸਾਰੀਆਂ ਸਰਕਾਰੀ ਉਡਾਣਾਂ, ਨਿੱਜੀ ਯਾਤਰਾਵਾਂ ਦੇ ਭੁਗਤਾਨ, ਬੀ.ਐਮ.ਡਬਲਿਊ. ਫਲੀਟ ਦੀ ਲਾਗਤ, ਵਿਦੇਸ਼ ਦੌਰਿਆਂ ਦੇ ਖਰਚੇ ਅਤੇ ਸਰਕਾਰੀ ਸਰੋਤਾਂ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਦਸਤਾਵੇਜ਼ ਮੰਗੇ ਹਨ।
ਪਿਛਲੀ ਖ਼ਬਰ ਐਚ-1ਬੀ ਵੀਜ਼ਾ ਧੋਖਾਧੜੀ ’ਤੇ ਅਮਰੀਕਾ ਦੀ ਵੱਡੀ ਕਾਰਵਾਈ “ਅਮਰੀਕੀ ਨੌਕਰੀਆਂ ਪਹਿਲਾਂ ਅਮਰੀਕੀ ਕਾਮਿਆਂ ਲਈ”-ਜੇਡੀ ਵੈਂਸ ਅਗਲੀ ਖ਼ਬਰ ਭ੍ਰਿਸ਼ਟਾਚਾਰ ਮਾਮਲੇ ’ਚ ਨਦੀਨ ਮੇਨੇਨਡੇਜ਼ ਦੀ ਜੇਲ੍ਹ ਯਾਤਰਾ ਸ਼ੁਰੂ, -ਕੈਂਸਰ ਇਲਾਜ ਦੇ ਬਾਵਜੂਦ ਰਾਹਤ ਨਾ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।