ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਲਾਲ ਕਿਲ੍ਹਾ ਵੇਖਣ ਲਈ ਜ਼ਿਆਦਾ ਕਰਕੇ ਸਨਿਚਰਵਾਰ ਤੇ ਐਤਵਾਰ ਨੂੰ ਲੋਕ ਆਉਂਦੇ ਹਨ | ਲਾਲ ਕਿਲ੍ਹੇ ਦੇ ਗੇਟ 'ਤੇ ਲੋਕਾਂ ਦੀਆਂ ਕਾਫੀ ਲੰਬੀਆਂ ਲੱਗੀਆਂ ਕਤਾਰਾਂ ਨੂੰ ਵੇਖ ਕੇ ਲਾਲ ਕਿਲ੍ਹੇ ਦਾ ਪ੍ਰਬੰਧ ਕਰਨ ਵਾਲੀ ਆਰਕਿਯੋਲਾਜੀਕਲ ਸਰਵੇ ਆਫ਼ ਇੰਡੀਆ (ਏ.ਐਸ.ਆਈ.) ਨੇ ਹੁਣ ਇਥੇ ਆਉਣ-ਜਾਣ ਲੋਕਾਂ ਦੀ ਸਹੂਲਤ ਦੇ ਲਈ 'ਟਰਨਸਟਾਇਲ ਗੇਟ' ਸਿਸਟਮ ਸ਼ੁਰੂ ਕਰ ਦਿੱਤਾ ਹੈ | ਇਸ ਸਿਸਟਮ ਵਿਚ ਲੱਗੀ ਮਸ਼ੀਨ ਵਿਚ ਐਂਟਰੀ ਟਿਕਟ ਦੇ ਕਿਊ.ਆਰ. ਕੋਡ ਨੰ ਸਕੈਨ ਕਰ ਕੇ ਲੋਕ ਕਿਲ੍ਹੇ ਅੰਦਰ ਪ੍ਰਵੇਸ਼ ਕਰ ਸਕਣਗੇ | ਇਸ ਵਿਵਸਥਾ ਤੋਂ ਪਹਿਲਾਂ ਲਾਲ ਕਿਲ੍ਹੇ ਦੇ ਗੇਟ 'ਤੇ ਲੋਕਾਂ ਦੀ ਭੀੜ ਨੂੰ ਘੱਟ ਕਰਨ ਲਈ ਇਹ ਸਿਸਟਮ ਲਾਗੂ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਵੀ ਟਰਨਸਟਾਇਲ ਗੇਟ ਦੀ ਵਿਵਸਥਾ ਤਾਂ ਕੀਤੀ ਗਈ ਸੀ ਪ੍ਰੰਤੂ ਕੁਝ ਖਾਮੀਆਂ ਕਾਰਨ ਇਹ ਯਤਨ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ | ਹੁਣ ਇਸੇ ਸਿਸਟਮ ਵਿਚ ਨਵੀਂ ਵਿਵਸਥਾ ਕੀਤੀ ਗਈ ਹੈ, ਜਿਸ ਦੇ ਨਾਲ ਸਮੇਂ ਦੀ ਬੱਚਤ ਹੋਣ ਨਾਲ ਭੀੜ ਵੀ ਨਹੀਂ ਹੋਵੇਗੀ | ਇਸ ਗੇਟ 'ਤੇ ਸੁਰੱਖਿਆ ਕਰ ਰਹੀ ਪੁਲਿਸ ਫਿਰ ਵੀ ਆਉਣ-ਜਾਣ ਵਾਲਿਆਂ 'ਤੇ ਨਿਗਰਾਨੀ ਰੱਖ ਰਹੀ ਹੈ ਤਾਂ ਕਿ ਗੇਟ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਈ ਘਟਨਾ ਨਾ ਵਾਪਰ ਸਕੇ | ਲਾਲ ਕਿਲ੍ਹੇ ਵਿਚ ਆ ਰਹੇ ਲੋਕ ਵੀ ਖੁਸ਼ ਹਨ ਕਿਉਂਕਿ ਉਹ ਬਿਨਾਂ ਦੇਰੀ ਤੋਂ ਅੰਦਰ ਪ੍ਰਵੇਸ਼ ਕਰ ਰਹੇ ਹਨ |