ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਕਈ ਮੁਹੱਲਿਆਂ ਵਿਚ ਸੀਵਰੇਜ ਜਾਮ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਬਾਈਪਾਸ ਨੇੜੇ ਬਠਿੰਡਾ ਰੋਡ 'ਤੇ ਬਸਤੀ ਰਾਮ ਨਗਰ ਵਿਖੇ ਗੰਦੇ ਪਾਣੀ ਦੀ ਨਿਕਾਸੀ ਸਮੱਸਿਆ ਲੰਮੇ ਸਮੇਂ ਤੋਂ ਬਰਕਰਾਰ ਹੈ | ਇਸ ਸਬੰਧੀ ਕਈ ਵਾਰ ਲੋਕਾਂ ਵਲੋਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ | ਹੁਣ ਫ਼ਿਰ ਕਈ ਦਿਨਾਂ ਤੋਂ ਨਾਲੀਆਂ ਵਿਚੋਂ ਆਉਂਦਾ ਗੰਦਾ ਪਾਣੀ ਸੜਕ ਦੇ ਕਿਨਾਰੇ ਤੋਂ ਇਲਾਵਾ ਸੜਕ ਉਪਰ ਆ ਗਿਆ, ਜਿਸ ਕਰਕੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਮੁਹੱਲਾ ਵਾਸੀ ਵੀ ਦੁਖੀ ਹਨ | ਜਦੋਂ ਗੱਡੀਆਂ ਲੰਘਦੀਆਂ ਹਨ ਤੇ ਗੰਦੇ ਪਾਣੀ ਦੇ ਛਿੱਟੇ ਲੋਕਾਂ ਦੇ ਪੈਂਦੇ ਹਨ | ਮੋਟਰਸਾਈਕਲ ਤੇ ਸਕੂਟਰ ਸਵਾਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਰਾਮ ਨਗਰ ਬਸਤੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਨਾਲੀਆਂ ਤੋਂ ਸੜਕ 'ਤੇ ਆ ਰਿਹਾ ਹੈ | ਆਸਪਾਸ ਦੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ | ਬਦਬੂ ਫ਼ੈਲਣ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਇਸ ਮੁੱਖ ਸੜਕ ਤੋਂ ਵੱਡੇ ਅਧਿਕਾਰੀਆਂ ਦਾ ਲਾਂਘਾ ਹੈ ਅਤੇ ਇਸ ਤੋਂ ਅੱਗੇ ਹੀ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ, ਰੱਖਿਆ ਸੇਵਾਵਾਂ ਦਾ ਦਫ਼ਤਰ, ਸਮਾਜ ਭਲਾਈ ਦਫ਼ਤਰ, ਖੇਤੀਬਾੜੀ ਵਿਭਾਗ ਦਾ ਦਫ਼ਤਰ ਤੇ ਸਕੂਲ ਹਨ, ਪਰ ਇਸ ਸਮੱਸਿਆ ਦੀ ਹੱਲ ਲਈ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ | ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੁੱਖ ਸੜਕ 'ਤੇ ਗੰਦਾ ਪਾਣੀ ਆਉਣ ਤੋਂ ਰੋਕਿਆ ਜਾਵੇ |
ਨਾਲੀਆਂ ਦਾ ਗੰਦਾ ਪਾਣੀ ਮੁੱਖ ਸੜਕ 'ਤੇ ਆਉਣ ਕਰਕੇ ਰਾਹਗੀਰ ਪ੍ਰੇਸ਼ਾਨ
ਅਜੀਤ ਡੈਸਕ
01-03-2026