ਮੋਟਰਸਾਈਕਲ ਖੋਹ ਕੇ ਲੈ ਜਾਣ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ
ਫਗਵਾੜਾ, 20 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਕ ਵਿਅਕਤੀ ਨੂੰ ਰੋਕ ਕੇ ਮੋਟਰਸਾਈਕਲ ਖੋਹ ਕੇ ਲੈ ਜਾਣ ਦੇ ਸਬੰਧ ‘ਚ ਸਦਰ ਪੁਲਿਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਧਾਰਾ 304, 34 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਇੰਦਰਜੀਤ ਕੁਮਾਰ ਪੁੱਤਰ ਕਰਨੈਲ ਸਿੰਘ ਵਾਸੀ ਘੁੰਮਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਸਰੀਆ ਬੰਨ੍ਹਣ ਦਾ ਕੰਮ ਕਰਦਾ ਹੈ ਤੇ 10 ਅਕਤੂਬਰ ਨੂੰ ਉਹ ਮਨਸਾ ਦੇਵੀ ਮੰਦਿਰ ਤੋਂ ਕੰਮ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਭੁੱਲਾਰਾਈ ਪੁਲ ਲਾਗੇ ਪੁੱਜਾ ਤਾਂ ਉਸ ਨੰੂ ਇੱਕ ਆਰ-15 ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੇ ਹੱਥ ਦਿੱਤਾ ਤੇ ਉਸ ਨੇ ਜਦੋਂ ਮੋਟਰਸਾਈਕਲ ਰੋਕਿਆ ਤਾਂ ਇਨ੍ਹਾਂ ਦਾਤਰ ਕੱਢ ਲਿਆ ਤੇ ਉਸ ਦਾ ਡਰਾਵਾ ਦੇ ਕੇ ਉਸ ਪਾਸੋਂ ਮੋਟਰਸਾਈਕਲ ਖੋਹ ਕੇ ਲੈ ਗਏ | ਜਿਸ ਸਬੰਧ ‘ਚ ਪੁਲਿਸ ਨੇ ਗਗਨਦੀਪ ਸਿੰਘ ਪੁੱਤਰ ਹਰਭੇਜ ਸਿੰਘ ਵਾਸੀ ਬੋਹੜੀ ਸਾਹਿਬ ਰੋਡ ਪ੍ਰੇਮ ਨਗਰ ਅੰਮਿ੍ਤਸਰ, ਗੁਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਗੁਰੂ ਨਾਨਕਪੁਰਾ ਥਾਣਾ ਇਸਲਾਮਾਬਾਦ, ਲਵਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਤੇਹਰਾ ਕਲਾ ਤੇ ਯੁਵਰਾਜਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ |