21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਲਿਟਲ ਏਂਜਲਸ ਕੋ ਐਡ ਸਕੂਲ ਦੀ ਵਿਦਿਆਰਥਣ ਸਰਗੁਣ ਕੌਰ ਨੇ ਕੌਮੀ ਅਥਲੈਟਿਕਸ ਮੀਟ ’ਚ ਸੋਨ ਤਗਮਾ ਜਿੱਤਿਆ

ਕਪੂਰਥਲਾ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਂਜਲਸ ਕੋ ਐਡ ਸਕੂਲ ਕਪੂਰਥਲਾ ਦੀ ਹੋਣਹਾਰ ਵਿਦਿਆਰਥਣ ਸਰਗੁਣ ਕੌਰ ਨੇ ਸੀ. ਬੀ.

ਅਜੀਤ ਡੈਸਕ 21-10-2026
ਕਪੂਰਥਲਾ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਂਜਲਸ ਕੋ ਐਡ ਸਕੂਲ ਕਪੂਰਥਲਾ ਦੀ ਹੋਣਹਾਰ ਵਿਦਿਆਰਥਣ ਸਰਗੁਣ ਕੌਰ ਨੇ ਸੀ.ਬੀ.ਐਸ.ਈ. ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਰਵਾਈ ਗਈ ਕੌਮੀ ਐਥਲੈਟਿਕਸ ਮੀਟ 2026 ਵਿਚ 14 ਉਮਰ ਵਰਗ ਵਿਚ ਸ਼ਾਟਪੁੱਟ ਦੇ ਮੁਕਾਬਲੇ ਵਿਚ ਸੋਨ ਤਗਮਾ ਤੇ ਡਿਸਕਸ ਥਰੋਅ ਦੇ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਦੇਸ਼ ਭਰ ਵਿਚ ਨਾਂਅ ਰੌਸ਼ਨ ਕੀਤਾ | ਕੌਮੀ ਅਥਲੈਟਿਕਸ ਮੀਟ ਵਿਚ ਸਰਗੁਣ ਕੌਰ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਚੋਣ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵਲੋਂ ਰਤਨਾਗਿਰੀ (ਮਹਾਰਾਸ਼ਟਰ) ਵਿਚ ਕਰਵਾਈ ਜਾਣ ਵਾਲੀ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ | ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-14 ਉਮਰ ਵਰਗ ਵਿਚ ਸਕੂਲ ਦੇ ਵਿਦਿਆਰਥੀ ਰੁਦਰ ਸਿੰਘ ਨੇਗੀ ਨੇ 100 ਮੀਟਰ ਦੌੜ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਇੱਥੇ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਸਰਗੁਣ ਕੌਰ ਲੁਧਿਆਣਾ ਵਿਚ ਹੋਈ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਐਥਲੈਟਿਕ ਮੀਟ ਵਿਚ ਸ਼ਾਟਪੁੱਟ ਦੇ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ ਤੇ ਉਨ੍ਹਾਂ ਇਨ੍ਹਾਂ ਖੇਡਾਂ ਵਿਚ ਹੀ ਡਿਸਕਸ ਥਰੋਅ ਦੇ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ | ਕੌਮੀ ਅਥਲੈਟਿਕ ਮੀਟ ਦੀ ਸਮਾਪਤੀ ਤੋਂ ਬਾਅਦ ਸਰਗੁਣ ਕੌਰ ਤੇ ਉਨ੍ਹਾਂ ਦੀ ਕੋਚ ਰਜਨੀ ਦੇ ਕਪੂਰਥਲਾ ਪੁੱਜਣ ‘ਤੇ ਸਕੂਲ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦਾ ਗਰਮ-ਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ‘ਤੇ ਢੋਲ ਦੀ ਤਾਲ ‘ਤੇ ਭੰਗੜਾ ਪਾ ਕੇ ਖ਼ੁਸ਼ੀ ਮਨਾਈ ਗਈ | ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ, ਡੀਨ ਐਡਮਨਿਸਟਰੇਸ਼ਨ ਪ੍ਰੀਤ ਖਿੰਡਾ ਤੇ ਉਪ ਪਿ੍ੰਸੀਪਲ ਬਬੀਤਾ ਨੇ ਸਰਗੁਣ ਕੌਰ ਤੇ ਉਨ੍ਹਾਂ ਦੀ ਕੋਚ ਰਜਨੀ ਦੇਵੀ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੀ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਰਗੁਣ ਕੌਰ ਦੀ ਇਹ ਪ੍ਰਾਪਤੀ ਨਿਰੰਤਰ ਮਿਹਨਤ, ਅਨੁਸ਼ਾਸਨ ਤੇ ਕੋਚ ਰਜਨੀ ਦੇਵੀ ਦੀ ਅਗਵਾਈ ਸਦਕਾ ਸੰਭਵ ਹੋਈ ਹੈ | ਸਕੂਲ ਦੀ ਚੇਅਰਪਰਸਨ ਨੇ ਸਰਗੁਣ ਕੌਰ ਦੇ ਮਾਪਿਆਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਸਦੀ ਇਹ ਸਫ਼ਲਤਾ ਹੋਰਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ |
ਪਿਛਲੀ ਖ਼ਬਰ ਦਾਣਾ ਮੰਡੀ ਫੱਤੂਢੀਂਗਾ ਵਿਖੇ ਮਾਰਕਫੈੱਡ ਖ਼ਰੀਦ ਏਜੰਸੀ ਨੇ ਝੋਨੇ ਦੀ ਖ਼ਰੀਦ ਕੀਤੀ ਬੰਦ ਅਗਲੀ ਖ਼ਬਰ ਬਾਬਾ ਨਾਮਦੇਵ ਕਾਲੋਨੀ ਵਿਖੇ 25ਵਾਂ ਜਾਗਰਣ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।