ਗੁਰਦੁਆਰਾ ਬੇਬੇ ਨਾਨਕੀ ਵਿਖੇ ਨਿਸ਼ਾਨ ਸਾਹਿਬ ਦਾ ਚੋਲ੍ਹਾ ਬਦਲਦੇ ਸਮੇਂ 60 ਫੁੱਟ ਦੀ ਉਚਾਈ ’ਤੇ ਫਸਿਆ ਸੇਵਾਦਾਰ-ਫਾਇਰ ਬਿ੍ਗੇਡ ਨੇ ਸੁਰੱਖਿਅਤ ਉਤਾਰਿਆ
ਤਲਵੰਡੀ ਚੌਧਰੀਆਂ, 20 ਅਕਤੂਬਰ (ਪਰਸਨ ਲਾਲ ਭੋਲਾ)-ਸਥਾਨਕ ਗੁਰਦੁਆਰਾ ਬੇਬੇ ਨਾਨਕੀ ਸ੍ਰੀ ਖੂਹ ਸਾਹਿਬ ਵਿਖੇ 80 ਫੁੱਟ ਉੱਚੇ ਨਿਸ਼ਾਨ ਸਾਹਿਬ ਦਾ ਚੋਲ੍ਹਾ ਬਦਲਣ ਦੀ ਸੇਵਾ ਕਰਦੇ ਸਮੇਂ ਇੱਕ ਸੇਵਾਦਾਰ 60 ਫੁੱਟ ਦੀ ਉਚਾਈ ’ਤੇ ਫਸ ਗਿਆ | ਪ੍ਰਬੰਧਕਾਂ ਅਤੇ ਸੰਗਤ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਕੋਈ ਹੱਲ ਨਾ ਨਿਕਲਿਆ, ਤਾਂ ਪ੍ਰਸ਼ਾਸਨ ਦੀ ਮਦਦ ਨਾਲ ਫਾਇਰ ਬਿ੍ਗੇਡ ਮੰਗਵਾ ਕੇ ਉਸ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ | ਇਸ ਘਟਨਾ ਕਾਰਨ ਕੁੱਝ ਸਮੇਂ ਲਈ ਲੋਕਾਂ ਅਤੇ ਪ੍ਰਬੰਧਕਾਂ ਵਿਚ ਭਾਰੀ ਸਹਿਮ ਅਤੇ ਹਾਹਾਕਾਰ ਦਾ ਮਾਹੌਲ ਬਣਿਆ ਰਿਹਾ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਂਕਾਰ ਸਿੰਘ ਜੋਸਨ ਨੇ ਦੱਸਿਆ ਕਿ ਬੀਤੇ ਦਿਨੀਂ ਆਈ ਤੇਜ਼ ਹਨੇਰੀ ਕਾਰਨ ਨਿਸ਼ਾਨ ਸਾਹਿਬ ਦਾ ਚੋਲ੍ਹਾ ਖ਼ਰਾਬ ਹੋ ਗਿਆ ਸੀ | ਇਸ ਨੂੰ ਠੀਕ ਕਰਨ ਲਈ ਸੇਵਾਦਾਰ ਬਲਵਿੰਦਰ ਸਿੰਘ ਬਾਠ ਕਰੇਨ ਨੁਮਾ ਝੂਲੇ ਰਾਹੀਂ ਉੱਪਰ ਚੜ੍ਹਿਆ ਸੀ | ਨਿਸ਼ਾਨ ਸਾਹਿਬ ਨੂੰ ਠੀਕ ਕਰਨ ਉਪਰੰਤ ਜਦੋਂ ਉਹ ਵਾਪਸ ਹੇਠਾਂ ਆ ਰਿਹਾ ਸੀ, ਤਾਂ ਅਚਾਨਕ ਰੀਲ ਦੀ ਤਾਰ ਅੜ ਗਈ, ਜਿਸ ਕਾਰਨ ਬਲਵਿੰਦਰ ਸਿੰਘ ਕਰੀਬ 60 ਫੁੱਟ ਦੀ ਉਚਾਈ ’ਤੇ ਹੀ ਫਸ ਗਿਆ | ਸੇਵਾਦਾਰ ਨੂੰ ਬਚਾਉਣ ਲਈ ਮੌਕੇ ’ਤੇ ਮੌਜੂਦ ਲੋਕਾਂ ਅਤੇ ਪ੍ਰਬੰਧਕਾਂ ਵੱਲੋਂ ਆਪਣੇ ਪੱਧਰ ’ਤੇ ਕਾਫ਼ੀ ਯਤਨ ਕੀਤੇ ਗਏ, ਪਰ ਸਭ ਅਸਫਲ ਰਹੇ | ਕੋਈ ਹੱਲ ਨਾ ਨਿਕਲਦਾ ਦੇਖ ਕੇ ਪ੍ਰਬੰਧਕਾਂ ਨੇ ਤੁਰੰਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ | ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦਿਆਂ ਤੁਰੰਤ ਫਾਇਰ ਬਿ੍ਗੇਡ ਦੀ ਗੱਡੀ ਮੌਕੇ ’ਤੇ ਮੰਗਵਾਈ ਗਈ, ਜਿਸ ਦੀ ਮਦਦ ਨਾਲ ਬਲਵਿੰਦਰ ਸਿੰਘ ਨੂੰ ਬੜੀ ਮਸ਼ੱਕਤ ਤੋਂ ਬਾਅਦ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਟੱਲ ਗਿਆ | ਪ੍ਰਸ਼ਾਸਨ ਦੀ ਇਸ ਫ਼ੌਰੀ ਕਾਰਵਾਈ ਅਤੇ ਮਦਦ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਂਕਾਰ ਸਿੰਘ ਜੋਸਨ ਅਤੇ ਸਮੂਹ ਸੰਗਤ ਵੱਲੋਂ ਸਿਵਲ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਫਾਇਰ ਬਿ੍ਗੇਡ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ |