ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਲੋਕਾਂ ਵਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ’ਤੇ ਲਗਾਈ ਪੂਰਨ ਪਾਬੰਦੀ
ਜਲੰਧਰ, 9 ਮਈ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਆਮ ਲੋਕਾਂ ਵੱਲੋਂ ਚਲਾਈ ਜਾਂਦੀ ਉੱਚੀ ਆਵਾਜ਼ ਵਾਲੀ ਆਤਿਸ਼ਬਾਜ਼ੀ, ਜਿਸ ਵਿੱਚ ਪਟਾਖਾ ਬੰਬ, ਹਵਾਈ ਪਟਾਖੇ ਆਦਿ ਸ਼ਾਮਲ ਹਨ, ਦੇ ਚਲਾਉਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 9 ਮਈ 2025 ਤੋਂ ਅਗਲੇ 10 ਦਿਨਾਂ ਤੱਕ ਲਾਗੂ ਰਹਿਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ, 1968 ਅਧੀਨ ਮੌਕ ਡਰਿੱਲਾਂ ਕੀਤੀਆਂ ਜਾ ਰਹੀਆਂ ਹਨ। ਆਮ ਤੌਰ ’ਤੇ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਆਮ ਸਮਾਗਮਾਂ ਦੌਰਾਨ ਜਾਂ ਜਾਣ-ਬੁੱਝ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਆਤਿਸ਼ਬਾਜ਼ੀ, ਜਿਸ ਵਿੱਚ ਪਟਾਖਾ ਬੰਬ, ਹਵਾਈ ਪਟਾਖੇ ਆਦਿ ਸ਼ਾਮਲ ਹੁੰਦੇ ਹਨ, ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਪਟਾਖਿਆਂ ਦੇ ਸ਼ੋਰ-ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਬਣਿਆ ਰਹਿੰਦਾ ਹੈ।