ਅਸਮਾਨ 'ਚ ਜਹਾਜ਼ ਤੋਂ ਨਿਕਲੇ ਅੱਗ ਦੇ ਗੋਲਿਆਂ ਨਾਲ ਲੋਕ ਡਰੇ

ਮਾਛੀਵਾੜਾ ਸਾਹਿਬ, 9 ਮਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬੇਟ ਖੇਤਰ ਅਧੀਨ ਆਉਂਦੇ ਪਿੰਡ ਅਕਾਲਗੜ੍ਹ, ਛੌਡ਼ੀਆਂ, ਕਾਉਂਕੇ, ਬੁਰਜ ਪਵਾਤ ਆਦਿ ਪਿੰਡਾਂ ਦੇ ਲੋਕ ਉਸ ਸਮੇਂ ਡਰ ਗਏ ਜਦੋਂ 1.10 ਵਜੇ ਦੇ ਕਰੀਬ ਅਸਮਾਨ ਵਿਚ ਜਹਾਜ਼ ਵਲੋਂ ਅੱਗ ਦੇ ਗੋਲੇ ਛੱਡੇ ਗਏ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਗਈ। ਇਸ ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਮੌਕੇ ’ਤੇ ਥਾਣਾ ਮੁਖੀ ਮਾਛੀਵਾਡ਼ਾ ਇੰਸਪੈਕਟਰ ਹਰਵਿੰਦਰ ਸਿੰਘ ਆਪਣੀ ਟੀਮ ਸਮੇਤ ਪੁੱਜ ਗਏ ਜਿਨ੍ਹਾਂ ਪਿੰਡਾਂ ਦਾ ਦੌਰਾ ਕੀਤਾ। ਕੁਝ ਹੀ ਸਮੇਂ ਬਾਅਦ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਅਤੇ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਵੀ ਘਟਨਾ ਸਥਾਨ ’ਤੇ ਜਾਇਜ਼ਾ ਲੈਣ ਪੁੱਜ ਗਏ। ਜਹਾਜ਼ ਵਲੋਂ ਗੋਲੇ ਸੁੱਟਣ ਤੋਂ ਬਾਅਦ ਆਲੇ ਦੁਆਲੇ ਖੇਤਾਂ ਵਿਚ ਵੀ ਇਸ ਸਬੰਧੀ ਸਰਚ ਅਭਿਆਨ ਚਲਾਇਆ ਗਿਆ ਕਿ ਕਿਧਰੇ ਕੋਈ ਬੰਬ ਜਾਂ ਮਿਜਾਇਲ ਵਰਗਾ ਧਾਤੂ ਤਾਂ ਨਹੀਂ ਗਿਰਿਆ। ਐੱਸ.ਐੱਸ.ਪੀ. ਖੰਨਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਕਾਉਂਕੇ ਨੇਡ਼੍ਹੇ ਅਸਮਾਨ ਵਿਚ ਘੁੰਮਦੇ ਜਹਾਜ਼ ਵਲੋਂ ਗੋਲੇ ਸੁੱਟੇ ਗਏ ਤਾਂ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ ਏਅਰ ਫੋਰਸ ਨਾਲ ਰਾਬਤਾ ਕਾਇਮ ਕਰ ਇਸ ਸਬੰਧੀ ਪੁਸ਼ਟੀ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸਮਾਨ ਵਿਚ ਜੋ ਜਹਾਜ਼ ਵਲੋਂ ਗੋਲੇ ਛੱਡੇ ਗਏ ਹਨ ਉਹ ਕੇਵਲ ਫੌਜ ਦਾ ਅਭਿਆਸ ਹੈ ਜਿਸ ਨਾਲ ਕਿਸੇ ਦਾ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ ਅਤੇ ਨਾ ਹੀ ਅਜਿਹੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਕਰਨ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਵੇ। ਐੱਸ.ਐੱਸ.ਪੀ. ਨੇ ਕਿਹਾ ਕਿ ਜੰਗ ਦੇ ਮਾਹੌਲ ਦੌਰਾਨ ਕੋਈ ਵਿਅਕਤੀ ਅਜਿਹੀ ਵੀਡੀਓ ਵਾਈਰਲ ਨਾ ਕਰੇ ਜਿਸ ਨਾਲ ਲੋਕਾਂ ਵਿਚ ਡਰ ਬੈਠੇ।