ਪਾਕਿਸਤਾਨ ਵਲੋਂ ਆਇਆ ਡ੍ਰੋਨ, ਪਿੰਡ ਦੇ ਲੋਕ ਸਹਿਮੇ

ਗੁਰੂਹਰਸਹਾਏ, 13 ਮਈ (ਕਪਿਲ ਕੰਧਾਰੀ)-ਭਾਰਤ-ਪਾਕਿਸਤਾਨ ਦਰਮਿਆਨ ਹੋਏ ਸੀਜ਼ਫਾਇਰ ਤੋਂ ਬਾਅਦ ਵੀ ਪਾਕਿਸਤਾਨ ਆਪਣੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਪਾਕਿਸਤਾਨ ਵਲੋਂ ਲਗਾਤਾਰ ਭਾਰਤ ਵੱਲ ਡ੍ਰੋਨ ਭੇਜੇ ਜਾ ਰਹੇ ਹਨ। ਤਾਜ਼ਾ ਮਾਮਲਾ ਅੱਜ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਸਵਾਇਆ ਰਾਏ ਵਿਖੇ ਦੇਖਣ ਨੂੰ ਮਿਲਿਆ ਜਿਥੇ ਕਿ ਪਾਕਿਸਤਾਨ ਦੀ ਤਰਫੋਂ ਡ੍ਰੋਨ ਦਾਖਲ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੱਜ ਸਵਾਇਆ ਰਾਏ ਵਿਖੇ ਦੁਪਹਿਰ ਸਮੇਂ ਇਕ ਡ੍ਰੋਨ ਦਾਖਲ ਹੋਇਆ, ਜਿਸ ਦਾ ਪਤਾ ਚਲਦਿਆਂ ਹੀ ਫੌਜ ਦੇ ਜਵਾਨਾਂ ਵਲੋਂ ਲਗਾਤਾਰ ਡ੍ਰੋਨ ਉਤੇ ਕਈ ਫਾਇਰ ਕੀਤੇ ਪਰ ਉਸਦੇ ਬਾਵਜੂਦ ਡ੍ਰੋਨ ਨਸ਼ਟ ਨਹੀਂ ਹੋਇਆ ਅਤੇ ਉਹ ਪਾਕਿਸਤਾਨ ਵੱਲ ਵਾਪਿਸ ਚਲਾ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕਦਮ ਸਹਿਮ ਗਏ ਅਤੇ ਕਈ ਲੋਕ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਵੀਡਿਓ ਵੀ ਬਣਾਉਣ ਲੱਗ ਪਏ।