ਚੂੰਘ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਮੈਰਿਟ 'ਚ ਬਣਾਈ ਜਗ੍ਹਾ

ਚੌਕ ਮਹਿਤਾ, 16 ਮਈ (ਧਰਮਿੰਦਰ ਸਿੰਘ ਭੰਮਰਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਘ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਵਿਚ ਜਗ੍ਹਾ ਬਣਾਈ। ਸਕੂਲ ਦੀ ਵਿਦਿਆਰਥਣ ਅਰਨੂਰਬੀਰ ਕੌਰ ਨੇ 98.30% ਨੰਬਰ ਲੈ ਕੇ ਪੰਜਾਬ ਵਿਚ 11ਵਾਂ ਰੈਂਕ ਹਾਸਿਲ ਕੀਤਾ। ਇਸ ਦੇ ਨਾਲ ਹੀ ਏਕਮਨੂਰ ਕੌਰ ਨੇ 97.38% ਨੰਬਰ ਲੈ ਕੇ ਪੰਜਾਬ ਵਿਚ 17ਵਾਂ ਰੈਂਕ ਅਤੇ ਅਨੁਸ਼ਾ ਜੈਨ ਨੇ 96.61% ਨੰਬਰ ਲੈ ਕੇ ਪੰਜਾਬ ਵਿਚੋਂ 22ਵਾਂ ਸਥਾਨ ਹਾਸਿਲ ਕੀਤਾ। ਸਕੂਲ ਦੇ ਚੇਅਰਮੈਨ ਰਘਬੀਰ ਸਿੰਘ ਸੋਹਲ ਅਤੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ ਨੇ ਇਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਪ੍ਰਿੰਸੀਪਲ ਮੰਤੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਹੋਰ ਅੱਗੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਮੈਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਕੌਰ ਸੋਹਲ, ਉਪਿੰਦਰਜੀਤ ਕੌਰ, ਗੁਰਕੀਰਤ ਸਿੰਘ ਸੋਹਲ, ਜਤਿੰਦਰ ਸਿੰਘ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਿਰ ਸਨ।