JALANDHAR WEATHER

ਭਾਰਤੀ ਫ਼ੌਜ ਦੇ ਸਨਮਾਨ 'ਚ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਕੱਢੀ ਵਿਸ਼ਾਲ ਤਿਰੰਗਾ ਯਾਤਰਾ

ਕਪੂਰਥਲਾ, 16 ਮਈ (ਅਮਰਜੀਤ ਕੋਮਲ)-ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦਹਿਸ਼ਤਗਰਦਾਂ ਦੇ ਸਫਾਏ ਲਈ ਕੀਤੇ ਗਏ ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ਉਤੇ ਫ਼ੌਜ ਦੇ ਸਨਮਾਨ ਵਿਚ ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਵਲੋਂ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਵਪਾਰਕ ਅਦਾਰੇ, ਨੌਜਵਾਨ ਸਭਾਵਾਂ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਸਨਾਤਨ ਧਰਮ ਸਭਾ ਤੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਅੰਮ੍ਰਿਤਸਰ ਰੋਡ, ਸਤਨਰਾਇਣ ਮੰਦਿਰ, ਸ਼ਹੀਦ ਭਗਤ ਸਿੰਘ ਚੌਕ, ਸਦਰ ਬਾਜ਼ਾਰ, ਜਲੋਖਾਨਾ ਚੌਕ ਹੁੰਦੀ ਹੋਈ ਮੁੜ ਸ੍ਰੀ ਸਨਾਤਨ ਧਰਮ ਸਭਾ ਪਹੁੰਚ ਕੇ ਸਮਾਪਤ ਹੋਈ। ਯਾਤਰਾ ਵਿਚ ਸ਼ਾਮਿਲ ਲੋਕਾਂ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਹੱਥਾਂ ਵਿਚ ਤਿਰੰਗੇ ਝੰਡੇ ਲਹਿਰਾਉਂਦਿਆਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਯਾਤਰਾ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਯਾਤਰਾ ਦੌਰਾਨ ਅੰਮ੍ਰਿਤਸਰ ਰੋਡ 'ਤੇ ਰਾਸ਼ਟਰੀ ਗੀਤ ਗਾਇਆ ਤੇ ਆਪ੍ਰੇਸ਼ਨ ਸੰਧੂਰ ਵਿਚ ਸ਼ਹੀਦ ਹੋਏ ਦੋ ਸੈਨਿਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਤਿਰੰਗਾ ਯਾਤਰਾ ਦੀ ਰਵਾਨਗੀ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਨੇ ਭਾਰਤੀ ਫ਼ੌਜ ਵਲੋਂ ਆਪ੍ਰੇਸ਼ਨ ਸੰਧੂਰ ਦੌਰਾਨ ਫ਼ੌਜ ਵਲੋਂ ਦਿਖਾਈ ਗਈ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਅੱਤਵਾਦ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ