ਪਾਕਿ ਰਸਤੇ ਅਫਗਾਨਿਸਤਾਨ ਤੋਂ ਪਹਿਲਾ ਟਰੱਕ ਡਰਾਈ ਫਰੂਟ ਲੈ ਕੇ ਟੀ.ਐਮ.ਪੀ. 564 ਪੁੱਜਾ ਭਾਰਤ

ਅਟਾਰੀ (ਅੰਮ੍ਰਿਤਸਰ), 16 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਰਸਤੇ ਅਫਗਾਨਿਸਤਾਨ ਤੋਂ ਭਾਰਤ ਵਿਖੇ ਡਰਾਈ ਫਰੂਟ ਲੈ ਕੇ ਟੀ.ਐਮ.ਪੀ. 564 ਨੰਬਰ ਵਾਲਾ ਟਰੱਕ ਇੰਟੀਗਰੇਟਡ ਚੈੱਕ ਪੋਸਟ ਅਟਾਰੀ ਵਿਖੇ ਪਹੁੰਚਾ। ਪਾਕਿਸਤਾਨ ਦੇਸ਼ ਦੀ ਵਾਹਗਾ ਸਰਹੱਦ ਤੋਂ ਭਾਰਤ ਦੀ ਸਰਹੱਦ ਆਉਣ ਮੌਕੇ ਬੀ.ਐਸ.ਐਫ. ਵਲੋਂ ਜਾਂਚ ਕਰਨ ਤੋਂ ਬਾਅਦ ਹੀ ਟਰੱਕਾਂ ਨੂੰ ਭਾਰਤ ਅੰਦਰ ਦਾਖਲ ਹੋਣ ਦਿੱਤਾ ਗਿਆ। ਪਹਿਲਗਾਮ ਹਮਲੇ ਤੋਂ ਬਾਅਦ ਰੁਕਿਆ ਵਪਾਰ ਪਹਿਲੇ ਦਿਨ ਚੱਲਣ ਕਾਰਨ ਬੀ.ਐਸ.ਐਫ. ਦੇ ਉੱਚ ਅਧਿਕਾਰੀ, ਕਸਟਮ ਅਫਸਰ ਅਤੇ ਇਮੀਗਰੇਸ਼ਨ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ਉਤੇ ਪਹੁੰਚੇ ਜਿਨ੍ਹਾਂ ਨੇ ਪਾਕਿਸਤਾਨ ਰਸਤੇ ਆਏ ਅਫਗਾਨਿਸਤਾਨੀ ਟਰੱਕ ਅਤੇ ਡਰਾਈ ਫਰੂਟ ਦੀ ਬਾਰੀਕੀ ਨਾਲ ਜਾਂਚ ਕੀਤੀ। ਟਰੱਕ ਹੋਰ ਵੀ ਭਾਰਤ ਪਹੁੰਚਣੇ ਸਨ ਪਰ ਕਾਗਜ਼ੀ ਕਾਰਵਾਈ ਬਾਰੀਕੀ ਨਾਲ ਕੀਤੀ ਗਈ, ਜਿਸ ਕਾਰਨ ਬਾਕੀ ਟਰੱਕ ਸਵੇਰੇ ਸ਼ਨਿਚਰਵਾਰ ਨੂੰ ਭਾਰਤ ਅੰਦਰ ਦਾਖਲ ਹੋਣਗੇ।