JALANDHAR WEATHER

ਖੰਨਾ ਵਿਚ ਤਿੰਨ ਨਾਬਾਲਗ ਕੁੜੀਆਂ ਰਹੱਸਮਈ ਢੰਗ ਨਾਲ ਲਾਪਤਾ

ਖੰਨਾ, (ਲੁਧਿਆਣਾ), 28 ਮਈ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਗਲਵੱਡੀ ਇਲਾਕੇ ਦੀ ਆਹਲੂਵਾਲੀਆ ਕਲੋਨੀ ਤੋਂ ਤਿੰਨ ਨਾਬਾਲਗ ਕੁੜੀਆਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ ਹਨ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਇਹ ਕੁੜੀਆਂ 25 ਮਈ ਦੀ ਦੁਪਹਿਰ ਨੂੰ ਆਪਣੇ ਘਰਾਂ ਤੋਂ ਅਚਾਨਕ ਗਾਇਬ ਹੋ ਗਈਆਂ ਸਨ ਅਤੇ 3 ਦਿਨ ਬੀਤਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਸਮੇਂ ਉਹ ਕੰਮ ’ਤੇ ਗਈਆਂ ਸਨ ਅਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਈਆਂ ਤਾਂ ਇਲਾਕੇ ਦੀਆਂ ਤਿੰਨੋਂ ਕੁੜੀਆਂ ਘਰੋਂ ਗਾਇਬ ਸਨ। ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਜਦੋਂ ਕੁੜੀਆਂ ਨਹੀਂ ਮਿਲੀਆਂ ਤਾਂ ਪਰਿਵਾਰ ਨੇ ਤੁਰੰਤ ਸਿਟੀ ਪੁਲਿਸ ਸਟੇਸ਼ਨ-2 ਵਿਖੇ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਸ.ਐਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਵਿਸ਼ੇਸ਼ ਟੀਮਾਂ ਬਣਾਈਆਂ ਹਨ ਅਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਸਿਟੀ ਪੁਲਿਸ ਸਟੇਸ਼ਨ-2, ਸੀ.ਆਈ.ਏ. ਸਟਾਫ, ਵਿਸ਼ੇਸ਼ ਸ਼ਾਖਾ ਅਤੇ ਤਕਨੀਕੀ ਸੈੱਲ ਦੀਆਂ ਟੀਮਾਂ ਨੂੰ ਜਾਂਚ ਲਈ ਤਾਇਨਾਤ ਕੀਤਾ ਗਿਆ ਹੈ। ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਅਣ-ਪਛਾਤੇ ਲੋਕਾਂ ਵਿਰੁੱਧ ਕੁੜੀਆਂ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਲਾਕੇ ਦੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ, ਨਾਲ ਹੀ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਫੁਟੇਜ ਵੀ ਸਕੈਨ ਕੀਤੀ ਜਾ ਰਹੀ ਹੈ। ਹਾਲਾਂਕਿ, ਕੁੜੀਆਂ ਕੋਲ ਕੋਈ ਮੋਬਾਈਲ ਫੋਨ ਨਹੀਂ ਹੈ, ਜਿਸ ਕਾਰਨ ਲੋਕੇਸ਼ਨ ਦਾ ਪਤਾ ਲਗਾਉਣ ਵਿਚ ਮੁਸ਼ਕਿਲ ਆ ਰਹੀ ਹੈ। ਡੀ.ਐਸ.ਪੀ. ਭਾਟੀ ਨੇ ਕਿਹਾ ਕਿ ਪਰਿਵਾਰ ਮੂਲ ਰੂਪ ਵਿਚ ਦੂਜੇ ਰਾਜਾਂ ਦਾ ਹੈ ਅਤੇ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਂਦਾ ਹੈ। ਇਸ ਵੇਲੇ, ਹਰ ਸ਼ੱਕੀ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਕੁੜੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਢੰਗ ਨਾਲ ਬਰਾਮਦ ਕੀਤਾ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ