ਅੱਜ ਪੰਜਾਬ ’ਚ ਹੀਟਵੇਵ ਨੂੰ ਲੈ ਕੇ ਆਰੈਂਜ ਅਲਰਟ ਜਾਰੀ

ਚੰਡੀਗੜ੍ਹ, 10 ਜੂਨ- ਅੱਜ ਪੰਜਾਬ ਵਿਚ ਹੀਟਵੇਵ ਨੂੰ ਲੈ ਕੇ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿਨ ਅਤੇ ਰਾਤ ਦੋਵਾਂ ਸਮੇਂ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਵਿਚ, ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਔਸਤਨ 1.2 ਡਿਗਰੀ ਸੈਲਸੀਅਸ ਵਧਿਆ, ਜੋ ਕਿ ਆਮ ਨਾਲੋਂ 3.8 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੇ ਅਨੁਸਾਰ ਬੀਤੇ ਦਿਨ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ਵਿਖੇ 46.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਵਿਚ 43.8 ਡਿਗਰੀ ਸੈਲਸੀਅਸ, ਬਠਿੰਡਾ ਵਿਚ 44.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 44.2 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਵਿਚ 43.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 14 ਜੂਨ ਤੋਂ ਪੰਜਾਬ ਵਿਚ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ (40-50 ਕਿਲੋਮੀਟਰ ਪ੍ਰਤੀ ਘੰਟਾ) ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਿੱਥੇ 13 ਜੂਨ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਹੀਟਵੇਵ ਦੀ ਚਿਤਾਵਨੀ ਹੈ, ਉੱਥੇ ਹੀ 14 ਜੂਨ ਤੋਂ ਬਾਅਦ ਮੌਸਮ ਵਿਚ ਬਦਲਾਅ ਦੇ ਸੰਕੇਤ ਹਨ।