ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਇਕ ਗ੍ਰਿਫਤਾਰ

ਬੇਗੋਵਾਲ, 23 ਜੂਨ (ਸੁਖਜਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਤੇ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਉਤੇ ਬੇਗੋਵਾਲ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ 10 ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈl ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਉਤੇ ਲੱਗੇ ਭਾਰੀ ਜੋੜ ਮੇਲੇ ਦੌਰਾਨ ਕੁਝ ਮੋਟਰਸਾਈਕਲ ਚੋਰੀ ਹੋਏ ਸਨ, ਇਸ ਤੋਂ ਇਲਾਵਾ ਬੇਗੋਵਾਲ ਦੇ ਏਰੀਏ ਤੋਂ ਮੋਟਰਸਾਈਕਲ ਵੀ ਚੋਰੀ ਹੋਏ ਸਨ, ਜਿਸ ਉਤੇ ਬੇਗੋਵਾਲ ਥਾਣਾ ਮੁਖੀ ਹਰਜਿੰਦਰ ਸਿੰਘ ਤੇ ਏ. ਐਸ. ਆਈ. ਅਰਵਿੰਦਰਜੀਤ ਸਿੰਘ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ਉਤੇ ਕਥਿਤ ਦੋਸ਼ੀ ਗੁਰਸੇਵਕ ਸਿੰਘ ਉਰਫ ਕਰਨ ਪੁੱਤਰ ਸੰਤੋਖ ਸਿੰਘ ਵਾਸੀ ਭਰਥ ਥਾਣਾ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਨੂੰ ਸ਼ਨਾਖਤ ਕਰਕੇ ਉਸ ਨੂੰ ਮੁਖਬਰ ਦੀ ਇਤਲਾਹ ਉਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ, ਦੀ ਨਿਸ਼ਾਨਦੇਹੀ ਉਤੇ ਉਸ ਪਾਸੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 9 ਹੋਰ ਮੋਟਰਸਾਈਕਲ ਬਰਾਮਦ ਕਰਕੇ ਦੋਸ਼ੀ ਗੁਰਸੇਵਕ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਪੇਸ਼ ਕੀਤਾ ਗਿਆ, ਜਿਸ ਦਾ ਰਿਮਾਂਡ ਹਾਸਲ ਕਰਨ ਉਪਰੰਤ ਉਸ ਤੋਂ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਵਾਰਦਾਤਾਂ ਸਾਹਮਣੇ ਆ ਸਕਣl