ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ

ਜਲੰਧਰ, 24 ਜੂਨ- ਨਗਰ ਨਿਗਮ ਅਤੇ ਪੁਲਿਸ ਅਧਿਕਾਰੀ ਕਾਰਵਾਈ ਕਰਨ ਲਈ ਜਲੰਧਰ ਦੇ ਉਪਕਾਰ ਨਗਰ ਵਿਚ ਇਕ ਨਸ਼ਾ ਤਸਕਰ ਦੇ ਘਰ ਪਹੁੰਚੇ। ਜਿਸ ਨਸ਼ਾ ਤਸਕਰ ਦੇ ਘਰ ਇਹ ਕਾਰਵਾਈ ਕੀਤੀ ਗਈ ਉਸ ਦੀ ਪਛਾਣ ਉਪਕਾਰ ਨਗਰ ਦੇ ਰਹਿਣ ਵਾਲੇ ਕੁਲਵੰਤ ਸਹੋਤਾ ਵਜੋਂ ਹੋਈ ਹੈ। ਕੁਲਵੰਤ ਸਹੋਤਾ ਵਿਰੁੱਧ ਨਸ਼ਾ ਤਸਕਰੀ ਦੇ ਚਾਰ ਮਾਮਲੇ ਦਰਜ ਹਨ। ਉਹ ਹੁਣੇ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਸੈਂਟਰਲ ਅਮਨਦੀਪ ਸਿੰਘ ਨੇ ਕਿਹਾ ਕਿ ਨਗਰ ਨਿਗਮ ਨੂੰ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕਰਨੀ ਪਈ, ਜਿਸ ਲਈ ਉਨ੍ਹਾਂ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ। ਜਿੱਥੇ ਉਨ੍ਹਾਂ ਵਲੋਂ ਲਗਭਗ 50 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਲਾਕੇ ਨੂੰ ਸੀਲ ਕਰਕੇ ਕੀਤੀ ਗਈ ਹੈ। ਨਗਰ ਨਿਗਮ ਦੇ ਏ.ਟੀ.ਪੀ. ਹਰਵਿੰਦਰ ਸਿੰਘ ਨੇ ਕਿਹਾ ਕਿ ਇਹ ਘਰ ਸਰਕਾਰੀ ਸੜਕ ’ਤੇ ਗੈਰ-ਕਾਨੂੰਨੀ ਤੌਰ ’ਤੇ ਬਣਾਇਆ ਗਿਆ ਸੀ। ਇਸ ਨੂੰ ਪਹਿਲਾਂ ਦੋ ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਕੁਲਵੰਤ ਨੇ ਨੋਟਿਸ ਦਾ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਇਸ ਤੋਂ ਬਾਅਦ, ਡਿਊਟੀ ਮੈਜਿਸਟ੍ਰੇਟ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ ਹੈ।