ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਗੜਗੱਜ ਵਲੋਂ ਸ਼ਰਧਾ ਦੇ ਫੁੱਲ ਭੇਟ

ਕਰਨਾਲ , 25 ਜੂਨ (ਗੁਰਮੀਤ ਸਿੰਘ ਸੱਗੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਰੀ ਕੀਤੇ ਬਿਆਨ ਵਿਚ ਮਹਾਨ ਸਿੱਖ ਜਰਨੈਲ ਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਸਿੱਖ ਯੋਧੇ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲ ਹਕੂਮਤ ਦਾ ਰਾਜ ਪੰਜਾਬ ਵਿਚੋਂ ਜੜ੍ਹਾਂ ਤੋਂ ਪੁੱਟਿਆ ਸੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਕੁਝ ਅਜਿਹੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਪਛਾਣ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਨੂੰ ਵੀਰ ਬੰਦਾ ਬੈਰਾਗੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਹਰਿਆਣਾ ਸਰਕਾਰ ਵਲੋਂ ਅੱਜ ਅਖ਼ਬਾਰਾਂ ਵਿਚ ਜਾਰੀ ਕੀਤੇ ਗਏ ਇਸ਼ਤਿਹਾਰਾਂ ਉੱਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਸਬੰਧੀ ਇਸ਼ਤਿਹਾਰਾਂ ਵਿਚ ਉਨ੍ਹਾਂ ਦਾ ਨਾਂਅ ਵੀਰ ਬੰਦਾ ਬੈਰਾਗੀ ਵਜੋਂ ਪ੍ਰਚਾਰ ਕੇ ਸਿੱਖ ਇਤਿਹਾਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਇਤਿਹਾਸ ਅਤੇ ਮਹਾਨ ਸਿੱਖ ਜਰਨੈਲ ਤੇ ਸ਼ਹੀਦ ਦਾ ਵੱਡਾ ਅਪਮਾਨ ਹੈ, ਜਿਸ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਨ ਦੇ ਨਾਲ-ਨਾਲ ਹਰਿਆਣਾ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਜਿਹੜੀ ਇਹ ਪਿਰਤ ਚਲਾਉਣ ਦੀ ਕੋਸ਼ਿਸ਼ ਸਰਕਾਰਾਂ ਵਲੋਂ ਕੀਤੀ ਜਾ ਰਹੀ ਹੈ, ਇਸ ਸਬੰਧੀ ਸਰਕਾਰ ਦੇ ਨਾਲ ਤਾਲਮੇਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੇ ਸ਼ਖ਼ਸੀਅਤ ਬਾਰੇ ਉਨ੍ਹਾਂ ਨੂੰ ਪੱਕੇ ਤੌਰ ’ਤੇ ਸਮਝਾਇਆ ਤੇ ਸਹੀ ਤੱਥਾਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਮਹਾਨ ਜਰਨੈਲ ਹੈ ਤੇ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲਾ ਪਹਿਲਾ ਸਿੱਖ ਬਾਦਸ਼ਾਹ ਹੈ ਤੇ ਮਹਾਨ ਸ਼ਹੀਦ ਹੈ ਅਤੇ ਇਨ੍ਹਾਂ ਦੇ ਨਾਂਅ ਨੂੰ ਵਿਗਾੜਨ ਦਾ ਹੱਕ ਕਿਸੇ ਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਨਾਂਅ ਸਿੱਖ ਤਵਾਰੀਖ ਦੇ ਵਿਚ ਦਰਜ ਹੈ, ਉਹੀ ਸਭ ਨੂੰ ਮੰਨਣਾ ਤੇ ਪ੍ਰਚਾਰਨਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਸਬੰਧੀ ਹਰਿਆਣਾ ਸਰਕਾਰ ਦੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸੱਭਿਆਚਾਰ ਵਿਭਾਗ ਵਲੋਂ ਜਾਰੀ ਕੀਤੇ ਇਸ਼ਤਿਹਾਰ ਤੇ ਸੋਸ਼ਲ ਮੀਡੀਆ ਪੋਸਟਾਂ ਦਾ ਮਾਮਲਾ ਧਿਆਨ ਵਿਚ ਆਉਂਦੇ ਹੀ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀਆਂ ਵਲੋਂ ਸਬੰਧਤ ਵਿਭਾਗ ਨਾਲ ਰਾਬਤਾ ਕਰਕੇ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਗਿਆ ਹੈ। ਇਸ ਉਪਰੰਤ ਹਰਿਆਣਾ ਲੋਕ ਸੰਪਰਕ ਵਿਭਾਗ ਨੇ ਭਾਵੇਂ ਕਿ ਆਪਣੇ ਸੋਸ਼ਲ ਮੀਡੀਆ ਮੰਚਾਂ ਤੋਂ ਵੀਰ ਬੰਦਾ ਬੈਰਾਗੀ ਵਾਲੀ ਪੋਸਟ ਨੂੰ ਹਟਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਹੀ ਨਾਮ ਲਿਖ ਕੇ ਪੋਸਟ ਅਪਲੋਡ ਕਰ ਦਿੱਤੀ ਹੈ ਪਰ ਅਖ਼ਬਾਰਾਂ ਵਿਚ ਇਤਰਾਜ਼ਯੋਗ ਇਸ਼ਤਿਹਾਰ ਛਪ ਚੁੱਕੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਉਹ ਹਰਿਆਣਾ ਲੋਕ ਸੰਪਰਕ ਵਿਭਾਗ ਨਾਲ ਰਾਬਤਾ ਕਰਕੇ ਇਹ ਯਕੀਨੀ ਬਣਾਏ ਕਿ ਸਰਕਾਰ ਵਲੋਂ ਅਗਾਂਹ ਤੋਂ ਇਹ ਗਲਤੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਸਾਥੀ ਸਿੱਖ ਯੋਧਿਆਂ ਬਾਬਾ ਬਿਨੋਦ ਸਿੰਘ, ਬਾਬਾ ਬਾਜ ਸਿੰਘ, ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ, ਬਾਬਾ ਫ਼ਤਿਹ ਸਿੰਘ ਦੀ ਅਗਵਾਈ ਵਿਚ ਖ਼ਾਲਸਾ ਫ਼ੌਜ ਨੇ ਚੱਪੜਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਨ ਦੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ, ਸਰਹਿੰਦ ਨੂੰ ਫ਼ਤਿਹ ਕੀਤਾ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦਾ ਨਾਮ ਸ੍ਰੀ ਫ਼ਤਿਹਗੜ੍ਹ ਸਾਹਿਬ ਰੱਖਿਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕੀਤਾ ਅਤੇ ਉਨ੍ਹਾਂ ਬਾਅਦ ਵਿਚ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਲੰਮਾ ਸਮਾਂ ਹਿੰਦੁਸਤਾਨ ਦੀ ਤਤਕਾਲੀ ਹਕੂਮਤ ਨਾਲ ਜੰਗ ਕੀਤੀ ਜਿਨ੍ਹਾਂ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰਕੇ ਤਸੀਹੇ ਦੇ ਕੇ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ।