ਬ੍ਰਹਮਾ ਕੁਮਾਰੀਜ਼ ਅੰਮ੍ਰਿਤਸਰ ਵਲੋਂ ਅਟਾਰੀ-ਵਾਘਾ ਬਾਰਡਰ 'ਤੇ ਨਸ਼ਾ-ਮੁਕਤੀ ਪ੍ਰੋਗਰਾਮ ਕਰਵਾਇਆ

ਅਟਾਰੀ, 1 ਜੁਲਾਈ (ਗੁਰਦੀਪ ਸਿੰਘ ਅਟਾਰੀ)-ਬ੍ਰਹਮਾ ਕੁਮਾਰੀਜ਼ ਅੰਮ੍ਰਿਤਸਰ ਵਲੋਂ ਅਟਾਰੀ-ਵਾਘਾ ਬਾਰਡਰ 'ਤੇ ਇਕ ਵਿਸ਼ਾਲ ਨਸ਼ਾ-ਮੁਕਤੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਅਤੇ ਇਕ ਸਿਹਤਮੰਦ, ਅਧਿਆਤਮਿਕ ਅਤੇ ਨਸ਼ਾ-ਮੁਕਤ ਸਮਾਜ ਦੀ ਸਥਾਪਨਾ ਕਰਨਾ ਸੀ। ਇਸ ਮੌਕੇ ਨਸ਼ਾ-ਮੁਕਤੀ 'ਤੇ ਆਧਾਰਿਤ ਇਕ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤਾ। ਇਸ ਆਯੋਜਨ ਵਿਚ ਬਾਰਡਰ 'ਤੇ ਲਗਭਗ 20,000 ਲੋਕ ਮੌਜੂਦ ਸਨ ਅਤੇ ਬ੍ਰਹਮਾ ਕੁਮਾਰੀਜ਼ ਸੰਸਥਾ ਵਲੋਂ ਅੰਮ੍ਰਿਤਸਰ ਤੋਂ ਲਗਭਗ 200 ਬ੍ਰਹਮਾ ਕੁਮਾਰ ਅਤੇ ਬ੍ਰਹਮਾ ਕੁਮਾਰੀਆਂ ਨੇ ਭਾਗ ਲਿਆ। ਇਸ ਮਹਾਨ ਸਮਾਗਮ ਨੇ ਸਭ ਨੂੰ ਨਸ਼ਾ-ਮੁਕਤ ਜੀਵਨ ਅਤੇ ਰਾਸ਼ਟਰ ਸੇਵਾ ਦੇ ਸੰਕਲਪ ਨਾਲ ਭਰਪੂਰ ਕਰ ਦਿੱਤਾ। ਭਾਰਤ ਮਾਤਾ ਦੀ ਭੂਮਿਕਾ ਨਿਭਾਅ ਰਹੀ ਬ੍ਰਹਮਾ ਕੁਮਾਰੀ ਸਪਨਾ ਨੇ ਹਾਜ਼ਰ ਸਭ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਅਪੀਲ ਕੀਤੀ।