JALANDHAR WEATHER

ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਸਥਿਤ ਰਿਹਾਇਸ਼ ’ਤੇ ਜਾਂਚ ਲਈ ਲਿਆਂਦਾ

ਮਜੀਠਾ, 1 ਜੁਲਾਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਜੀਠਾ ਸਥਿਤ ਰਿਹਾਇਸ਼ ਦੇ ਬਾਹਰ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੀ ਭਾਰੀ ਤਾਇਨਾਤੀ ਨੇ ਸਥਾਨਕ ਮਾਹੌਲ ਨੂੰ ਤਣਾਅਪੂਰਨ ਬਣਾ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਵਲੋਂ 540 ਕਰੋੜ ਰੁਪਏ ਦੇ ਕਥਿਤ ਮਾਮਲੇ ਵਿਚ ਮਜੀਠੀਆ ਨੂੰ ਸੱਤ ਦਿਨ ਦੀ ਰਿਮਾਂਡ 'ਤੇ ਲਿਆ ਗਿਆ ਸੀ, ਜਿਸ ਦੇ ਚਲਦਿਆਂ ਵਿਜੀਲੈਂਸ ਨੇ ਮਜੀਠੀਆ ਨੂੰ ਅੱਜ ਉਨ੍ਹਾਂ ਦੀ ਮਜੀਠਾ ਸਥਿਤ ਰਿਹਾਇਸ਼ੀ ਦਫਤਰ ਦੀ ਜਾਂਚ ਲਈ ਲਿਆਂਦਾ, ਜਿਥੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵਿਜੀਲੈਂਸ ਦੀ ਟੀਮ ਨੇ ਮਜੀਠੀਆ ਵਲੋਂ ਜਾਇਦਾਦ ਅਤੇ ਦਫਤਰ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਸਬੂਤਾਂ ਦੀ ਪੜਤਾਲ ਕੀਤੀ ਗਈ। ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਇਹ ਪੜਤਾਲ ਕਰੀਬ ਡੇਢ ਘੰਟਾ ਚੱਲੀ, ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਮੀਡੀਆ ਕਰਮੀਆਂ ਨੂੰ ਵੀ ਇਸ ਸਾਰੇ ਮਾਮਲੇ ਤੋਂ ਦੂਰ ਰੱਖਿਆ। ਇਥੋਂ ਤੱਕ ਕਿ ਮਜੀਠੀਆ ਦੀ ਧਰਮ ਪਤਨੀ ਹਲਕਾ ਵਿਧਾਇਕਾ ਗਨੀਵ ਕੌਰ ਮਜੀਠੀਆ ਨੂੰ ਵੀ ਇਸ ਰਿਹਾਇਸ਼ੀ ਦਫਤਰ ਦੇ ਨੇੜੇ ਤੱਕ ਵੀ ਨਹੀਂ ਜਾਣ ਦਿੱਤਾ ਗਿਆ। ਮਜੀਠੀਆ ਦੀ ਪਤਨੀ ਬੀਬਾ ਗਨੀਵ ਕੌਰ ਮਜੀਠੀਆ ਵੀ ਵੱਡੀ ਗਿਣਤੀ ਵਿਚ ਆਪਣੇ ਸਮਰਥੱਕਾਂ ਸਮੇਤ ਮਜੀਠਾ ਦਫਤਰ ਪਹੁੰਚੇ ਸਨ, ਜਿਨ੍ਹਾਂ ਨੂੰ ਬੈਰੀਕੇਡ ਲਗਾ ਕੇ ਦਫਤਰ ਤੋਂ 100 ਗੱਜ ਦੀ ਦੂਰੀ ਤੱਕ ਹੀ ਰੋਕੀ ਰੱਖਿਆ। ਬੀਬਾ ਗਨੀਵ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਾਂਚ ਸਿਆਸੀ ਬਦਲਾਖੋਰੀ ਤਹਿਤ ਕੀਤੀ ਜਾ ਰਹੀ ਹੈ ਅਤੇ ਸਰਕਾਰ ਅਕਾਲੀ ਦਲ ਅਤੇ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਵਿਜੀਲੈਂਸ ਵਿਭਾਗ ਦਾ ਹੈ ਤੇ ਉਹ ਸਿਰਫ ਅਮਨ-ਕਨੂੰਨ ਦੀ ਸਥਿਤੀ ਨੂੰ ਬਹਾਲ ਰੱਖ ਰਹੇ ਹਨ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਵਿਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਥੋਂ ਤੱਕ ਕਿ ਮਜੀਠੀਆ ਦੇ ਰਿਹਾਇਸ਼ੀ ਦਫਤਰ ਨੂੰ ਜਾਣ ਵਾਲੇ ਸਾਰੇ ਰਸਤੇ 12 ਵਜੇ ਤੋਂ 5 ਵਜੇ ਤੱਕ ਕਰੀਬ 6 ਘੰਟੇ ਮੁਕੰਮਲ ਤੌਰ ਉਤੇ ਬੰਦ ਕੀਤੇ ਗਏ ਸਨ, ਜਿਸ ਨਾਲ ਆਮ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਤੇ ਮਜੀਠੀਆ ਦੇ ਸਮਰਥੱਕਾਂ ਵਲੋਂ ਸੋਸ਼ਲ ਮੀਡੀਆ 'ਤੇ ਵੀ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਜਾ ਰਹੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ