ਤ੍ਰਿਨੀਦਾਦ ਅਤੇ ਟੋਬੈਗੋ ਪੁੱਜੇ ਪ੍ਰਧਾਨ ਮੰਤਰੀ ਮੋਦੀ, ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

.jpeg)
.jpeg)
.jpeg)

ਪੋਰਟ ਆਫ਼ ਸਪੇਨ, 4 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਤ੍ਰਿਨੀਦਾਦ ਅਤੇ ਟੋਬੈਗੋ ਦੀ ਰਾਜਧਾਨੀ ਪੋਰਟ ਆਫ਼ ਸਪੇਨ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਅਤੇ ਉਨ੍ਹਾਂ ਦੇ 38 ਮੰਤਰੀਆਂ ਅਤੇ ਚਾਰ ਸੰਸਦ ਮੈਂਬਰਾਂ ਨੇ ਹਵਾਈ ਅੱਡੇ ’ਤੇ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਤ੍ਰਿਨੀਦਾਦ ਅਤੇ ਟੋਬੈਗੋ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੇ ਪੁਰਖਿਆਂ ਨੇ ਜੋ ਮੁਸ਼ਕਿਲਾਂ ਝੇਲੀਆਂ, ਉਹ ਸਭ ਤੋਂ ਮਜ਼ਬੂਤ ਇਰਾਦਿਆਂ ਨੂੰ ਵੀ ਤੋੜ ਸਕਦੀਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦੀ ਯਾਤਰਾ ਨੂੰ ਹਿੰਮਤ ਦੀ ਉਦਾਹਰਣ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਉਹ (ਭਾਰਤੀ ਪ੍ਰਵਾਸੀ) ਗੰਗਾ ਅਤੇ ਯਮੁਨਾ ਨੂੰ ਪਿੱਛੇ ਛੱਡ ਗਏ, ਪਰ ਆਪਣੇ ਦਿਲਾਂ ਵਿਚ ਰਾਮਾਇਣ ਨੂੰ ਆਪਣੇ ਨਾਲ ਲੈ ਕੇ ਆਏ ਹਨ। ਉਨ੍ਹਾਂ ਦੇ ਯੋਗਦਾਨ ਨੇ ਇਸ ਦੇਸ਼ ਨੂੰ ਸੱਭਿਆਚਾਰਕ, ਆਰਥਿਕ ਅਤੇ ਅਧਿਆਤਮਿਕ ਤੌਰ ’ਤੇ ਅਮੀਰ ਬਣਾਇਆ ਹੈ। ਉਨ੍ਹਾਂ ਨੇ ਆਪਣੀ ਮਿੱਟੀ ਛੱਡ ਦਿੱਤੀ, ਪਰ ਆਪਣੇ ਸੰਸਕਾਰ ਨਹੀਂ ਛੱਡੇ। ਉਹ ਸਿਰਫ਼ ਪ੍ਰਵਾਸੀ ਨਹੀਂ ਸਨ, ਸਗੋਂ ਇਕ ਸੱਭਿਅਤਾ ਦੇ ਦੂਤ ਸਨ। ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤੀ ਮੂਲ ਦੇ ਲੋਕਾਂ ਦੀ ਛੇਵੀਂ ਪੀੜ੍ਹੀ ਨੂੰ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਵੀ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ 25 ਸਾਲ ਪਹਿਲਾਂ ਇੱਥੇ ਆਇਆ ਸੀ। ਉਦੋਂ ਤੋਂ, ਸਾਡੀ ਦੋਸਤੀ ਹੋਰ ਵੀ ਮਜ਼ਬੂਤ ਹੋਈ ਹੈ। ਬਨਾਰਸ, ਪਟਨਾ, ਕੋਲਕਾਤਾ ਅਤੇ ਦਿੱਲੀ ਭਾਰਤ ਦੇ ਸ਼ਹਿਰ ਹਨ, ਪਰ ਇੱਥੇ ਵੀ ਇਨ੍ਹਾਂ ਦੇ ਨਾਂਅ ਵਾਲੀਆਂ ਸੜਕਾਂ ਹਨ। ਨਵਰਾਤਰੀ, ਮਹਾਸ਼ਿਵਰਾਤਰੀ ਅਤੇ ਜਨਮ ਅਸ਼ਟਮੀ ਇੱਥੇ ਖੁਸ਼ੀ, ਉਤਸ਼ਾਹ ਅਤੇ ਮਾਣ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇੱਥੇ ਬਹੁਤ ਸਾਰੇ ਜਾਣੇ-ਪਛਾਣੇ ਚਿਹਰਿਆਂ ਦਾ ਨਿੱਘ ਅਤੇ ਨੌਜਵਾਨ ਪੀੜ੍ਹੀ ਦੀਆਂ ਅੱਖਾਂ ਵਿਚ ਉਤਸੁਕਤਾ ਦੇਖਦਾ ਹਾਂ, ਜੋ ਇਕੱਠੇ ਸਿੱਖਣ ਅਤੇ ਵਧਣ ਲਈ ਉਤਸ਼ਾਹਿਤ ਹਨ। ਸਾਡਾ ਰਿਸ਼ਤਾ ਭੂਗੋਲਿਕ ਸੀਮਾਵਾਂ ਤੋਂ ਪਰ੍ਹੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਰਾਮ ਵਿੱਚ ਭਾਰਤੀ ਭਾਈਚਾਰੇ ਦੀ ਡੂੰਘੀ ਆਸਥਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਭਗਵਾਨ ਸ੍ਰੀ ਰਾਮ ਵਿਚ ਤੁਹਾਡੀ ਡੂੰਘੀ ਆਸਥਾ ਨੂੰ ਜਾਣਦਾ ਹਾਂ। ਇੱਥੇ ਰਾਮਲੀਲਾ ਸੱਚਮੁੱਚ ਵਿਲੱਖਣ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰਿਆਂ ਨੇ 500 ਸਾਲਾਂ ਬਾਅਦ ਰਾਮਲਲਾ ਦੀ ਅਯੁੱਧਿਆ ਵਾਪਸੀ ਦਾ ਸਵਾਗਤ ਕੀਤਾ ਹੋਵੇਗਾ। ਤੁਸੀਂ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਪਵਿੱਤਰ ਪਾਣੀ ਅਤੇ ਪੱਥਰ ਭੇਜਿਆ ਸੀ। ਮੈਂ ਵੀ ਉਸੇ ਸ਼ਰਧਾ ਨਾਲ ਕੁਝ ਲਿਆਇਆ ਹਾਂ। ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਮੈਂ ਰਾਮ ਮੰਦਰ ਦੀ ਪ੍ਰਤੀਕ੍ਰਿਤੀ ਅਤੇ ਪਵਿੱਤਰ ਸਰਯੂ ਨਦੀ ਦਾ ਪਾਣੀ ਲਿਆਇਆ ਹਾਂ। ਇਸ ਸਾਲ ਦੇ ਮਹਾਂਕੁੰਭ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਆਪਣੇ ਨਾਲ ਮਹਾਂਕੁੰਭ ਦਾ ਪਵਿੱਤਰ ਜਲ ਲਿਆਇਆ ਹਾਂ। ਮੈਂ ਕਮਲਾ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਗਮ ਅਤੇ ਸਰਯੂ ਨਦੀ ਦਾ ਪਵਿੱਤਰ ਜਲ ਇੱਥੇ ਗੰਗਾ ਧਾਰਾ ਵਿਚ ਚੜ੍ਹਾਉਣ। ਭਾਰਤੀ ਪ੍ਰਵਾਸੀ ਸਾਡਾ ਮਾਣ ਹਨ। ਤੁਹਾਡੇ ਵਿਚੋਂ ਹਰ ਕੋਈ ਭਾਰਤ ਦੀਆਂ ਕਦਰਾਂ-ਕੀਮਤਾਂ ਅਤੇ ਵਿਰਾਸਤ ਦਾ ਰਾਜਦੂਤ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਿਰਫ਼ ਖੂਨ ਜਾਂ ਉਪਨਾਮ ਨਾਲ ਨਹੀਂ, ਸਗੋਂ ਆਪਣੇਪਣ ਦੀ ਭਾਵਨਾ ਨਾਲ ਜੁੜੇ ਹੋਏ ਹਾਂ। ਭਾਰਤ ਤੁਹਾਨੂੰ ਦੇਖਦਾ ਹੈ ਅਤੇ ਤੁਹਾਡਾ ਸਵਾਗਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਮਲਾ ਜੀ ਦੇ ਪੁਰਖੇ ਬਿਹਾਰ ਦੇ ਬਕਸਰ ਤੋਂ ਸਨ। ਉਹ ਉੱਥੇ ਵੀ ਗਏ ਹਨ। ਲੋਕ ਉਨ੍ਹਾਂ ਨੂੰ ਬਿਹਾਰ ਦੀ ਧੀ ਮੰਨਦੇ ਹਨ। ਉਨ੍ਹਾਂ ਬਿਹਾਰ ਦੀ ਵਿਰਾਸਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਿਹਾਰ ਦੀ ਵਿਰਾਸਤ ਭਾਰਤ ਅਤੇ ਦੁਨੀਆ ਦਾ ਮਾਣ ਹੈ। ਬਿਹਾਰ ਨੇ ਸਦੀਆਂ ਤੋਂ ਕਈ ਖੇਤਰਾਂ ਵਿਚ ਦੁਨੀਆ ਨੂੰ ਰਸਤਾ ਦਿਖਾਇਆ ਹੈ।