ਨਵੀਂ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨਾਂਅ ਬਦਲੇ ਜਾਣਗੇ

ਨਵੀਂ ਦਿੱਲੀ, 6 ਜੁਲਾਈ - ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨਾਂਅਬਦਲਣ ਦੀ ਮੰਗ ਕੀਤੀ ਹੈ। ਇਸ ਲਈ ਉਨ੍ਹਾਂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਬਦਲ ਕੇ 'ਅਟਲ ਬਿਹਾਰੀ ਵਾਜਪਾਈ ਰੇਲਵੇ ਸਟੇਸ਼ਨ' ਰੱਖਿਆ ਜਾਣਾ ਚਾਹੀਦਾ ਹੈ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ 'ਮਹਾਰਾਜਾ ਅਗਰਸੇਨ ਰੇਲਵੇ ਸਟੇਸ਼ਨ' ਰੱਖਿਆ ਜਾਣਾ ਚਾਹੀਦਾ ਹੈ।
ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨਾ ਸਿਰਫ਼ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਨ, ਸਗੋਂ ਇਕ ਮਹਾਨ ਨੇਤਾ ਅਤੇ ਦੂਰਦਰਸ਼ੀ ਸ਼ਖਸੀਅਤ ਵੀ ਸਨ। ਇਸ ਦੇ ਨਾਲ ਹੀ, ਮਹਾਰਾਜਾ ਅਗਰਸੇਨ ਨੂੰ ਵਪਾਰਕ ਭਾਈਚਾਰੇ ਅਤੇ ਸਮਾਜ ਸੇਵਾ ਵਿਚ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਇਸ ਲਈ, ਪੁਰਾਣੀ ਦਿੱਲੀ ਸਟੇਸ਼ਨ ਨੂੰ ਉਨ੍ਹਾਂ ਦੇ ਨਾਂਅ ਨਾਲ ਜੋੜਨਾ ਇਕ ਇਤਿਹਾਸਕ ਅਤੇ ਸਤਿਕਾਰਯੋਗ ਕਦਮ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਮਹਾਰਾਜਾ ਅਗਰਸੇਨ ਸਮਾਜਿਕ ਨਿਆਂ, ਆਰਥਿਕ ਦੂਰਦਰਸ਼ੀ ਅਤੇ ਭਾਈਚਾਰਕ ਭਲਾਈ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦਾ ਨਾਂਅ ਦਿੱਲੀ ਦੇ ਆਰਥਿਕ ਅਤੇ ਸੱਭਿਆਚਾਰਕ ਦ੍ਰਿਸ਼ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਰਿਹਾ ਹੈ। ਇਹ ਪ੍ਰਸਤਾਵ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਪ੍ਰਵੀਨ ਖੰਡੇਲਵਾਲ ਦਿੱਲੀ ਦੇ ਚਾਂਦਨੀ ਚੌਕ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਇਹ ਸੀਟ ਜਿੱਤੀ ਸੀ।