ਤਾਨੀਆ ਸ਼ਰਮਾ ਦੇ ਪਿਤਾ ਡਾ. ਅਨਿਲਜੀਤ ਕੰਬੋਜ ਦੀ ਸਥਿਤੀ ਅਜੇ ਨਾਜ਼ੁਕ - ਡਾ. ਪੁਰਸ਼ੋਤਮ ਲਾਲ

ਮੋਗਾ, 7 ਜੁਲਾਈ-ਪੰਜਾਬੀ ਅਦਾਕਾਰਾ ਤਾਨੀਆ ਸ਼ਰਮਾ ਦੇ ਪਿਤਾ ਡਾ. ਅਨਿਲਜੀਤ ਕੰਬੋਜ ਦੀ ਸਥਿਤੀ 'ਤੇ ਵੱਡਾ ਅਪਡੇਟ ਆਇਆ ਹੈ ਜਿਨ੍ਹਾਂ 'ਤੇ ਉਨ੍ਹਾਂ ਦੇ ਕਲੀਨਿਕ 'ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀਆਂ ਸਨ। ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਦੇ ਕ੍ਰਿਟੀਕਲ ਕੇਅਰ ਮੈਡੀਸਨ ਦੇ ਮੁਖੀ ਡਾ. ਪੁਰਸ਼ੋਤਮ ਲਾਲ ਗੌਤਮ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਹੈ ਕਿਉਂਕਿ ਉਨ੍ਹਾਂ ਨੂੰ ਗੋਲੀਆਂ ਲੱਗੀਆਂ ਹਨ, ਖੂਨ ਕਾਫੀ ਵਹਿ ਗਿਆ ਹੈ ਅਤੇ ਬਲੱਡ ਪ੍ਰੈਸ਼ਰ ਘੱਟ ਹੀ ਰਹਿੰਦਾ ਹੈ।
ਡਾ. ਪੁਰਸ਼ੋਤਮ ਨੇ ਕਿਹਾ ਕਿ ਉਹ ਵੈਂਟੀਲੇਟਰ 'ਤੇ ਹਨ ਅਤੇ ਬਲੱਡ ਪ੍ਰੈਸ਼ਰ ਸਹੀ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਸਦੀ ਸਥਿਤੀ ਵਿਚ ਸੁਧਾਰ ਹੋਣ ਵਿਚ ਘੱਟੋ-ਘੱਟ 2 ਹਫ਼ਤੇ ਲੱਗਣਗੇ। ਸਾਰੇ ਮਾਹਿਰ ਉਸਦੀ ਸਥਿਤੀ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰ ਰਹੇ ਹਨ। ਰਾਜ ਦੇ ਸਿਹਤ ਮੰਤਰੀ ਵੀ ਸਥਿਤੀ ਬਾਰੇ ਸਾਡੇ ਨਾਲ ਨਿਯਮਿਤ ਸੰਪਰਕ ਵਿਚ ਹਨ। ਜ਼ਿਕਰਯੋਗ ਹੈ ਕਿ 4 ਜੂਨ ਨੂੰ ਮੋਗਾ ਦੇ ਕੋਟ ਈਸੇ ਖਾਂ ਵਿਚ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਹਮਲਾ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਦੋ ਅਣ-ਪਛਾਤੇ ਹਮਲਾਵਰਾਂ ਨੇ ਕਲੀਨਿਕ ਦੇ ਕੈਬਿਨ ਵਿਚ ਬੈਠੇ ਡਾਕਟਰ ਅਨਿਲ ਕੰਬੋਜ ‘ਤੇ ਫਾਇਰਿੰਗ ਕੀਤੀ ਤੇ ਫਰਾਰ ਹੋ ਗਏ। ਡਾ. ਅਨਿਲ ਕੰਬੋਜ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਆਪਣੇ ਹਰਬੰਸ ਨਰਸਿੰਗ ਹੋਮ ’ਚ ਬੈਠੇ ਸਨ। ਜ਼ਿਕਰਯੋਗ ਹੈ ਕਿ ਹਮਲਾਵਰ ਪਹਿਲਾਂ ਇਲਾਜ ਕਰਵਾਉਣ ਦੇ ਬਹਾਨੇ ਕਲੀਨਿਕ ਵਿਚ ਦਾਖਲ ਹੋਏ ਅਤੇ ਡਾਕਟਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡਾਕਟਰ ’ਤੇ ਗੋਲ਼ੀਆਂ ਚਲਾ ਦਿੱਤੀਆਂ ਸਨ।