ਰਾਜਵਿੰਦਰ ਸਿੰਘ ਰਾਜਾ ਲਦੇਹ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੁੜ ਪ੍ਰਧਾਨ ਬਣੇ

ਅਜਨਾਲਾ, 7 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤਹਿਤ ਅੱਜ ਜਾਰੀ ਸੂਚੀ ਅਨੁਸਾਰ ਰਾਜਵਿੰਦਰ ਸਿੰਘ ਰਾਜਾ ਲਦੇਹ ਨੂੰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਮੁੜ ਪ੍ਰਧਾਨ ਬਣਾਇਆ ਗਿਆ ਹੈ। ਆਪਣੀ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਉੱਪਰ ਵਿਸ਼ਵਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਵਜੋਂ ਜੋ ਮੁੜ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਉਹ ਪਾਰਟੀ ਨੂੰ ਜ਼ਮੀਨੀ ਪੱਧਰ ਉਤੇ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰਨਗੇI
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਪਾਰਟੀ ਦੇ 33 ਜ਼ਿਲ੍ਹਾ ਪ੍ਰਧਾਨਾਂ (ਸ਼ਹਿਰੀ ਅਤੇ ਪੇਂਡੂ ਦੋਵੇਂ) ਦੀ ਸੂਚੀ ਦਾ ਐਲਾਨ ਕੀਤਾ। ਇਸ ਲਈ ਜ਼ਿਲ੍ਹਾ ਡੈਲੀਗੇਟਾਂ ਦੀਆਂ ਸਾਰੇ ਜ਼ਿਲ੍ਹਿਆਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਦੀ ਪ੍ਰਧਾਨਗੀ ਜ਼ਿਲ੍ਹਾ ਆਬਜ਼ਰਵਰਾਂ ਨੇ ਕੀਤੀ। ਆਬਜ਼ਰਵਰਾਂ ਨੇ ਸ਼ਾਮ 6 ਵਜੇ ਤੱਕ ਪਾਰਟੀ ਮੁੱਖ ਦਫਤਰ ਨੂੰ ਆਪਣੀਆਂ ਰਿਪੋਰਟਾਂ ਸੌਂਪ ਦਿੱਤੀਆਂ।