ਪਿੰਡ ਅਭਿਆਣਾ ਵਿਖੇ ਸੜਕ ਹਾਦਸੇ ਨੂੰ ਲੈ ਕੇ ਲੋਕਾਂ ਨੇ ਲਗਾਇਆ ਧਰਨਾ

ਬੂੰਗਾ ਸਾਹਿਬ, 9 ਜੁਲਾਈ (ਸੁਖਚੈਨ ਸਿੰਘ ਰਾਣਾ)-ਬੀਤੀ 5 ਜੁਲਾਈ ਨੂੰ ਪਿੰਡ ਅਬਿਆਣਾ ਵਿਖੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਜਾਨ ਗਵਾਉਣ ਵਾਲੀ ਔਰਤ ਨੂੰ ਇਨਸਾਫ ਦਿਵਾਉਣ ਲਈ ਪਿਛਲੇ ਚਾਰ ਦਿਨਾਂ ਤੋਂ ਨੂਰਪੁਰ ਬੇਦੀ ਇਲਾਕੇ ਦੇ ਲੋਕ ਸੰਘਰਸ਼ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਮਿੱਥੇ ਪ੍ਰੋਗਰਾਮ ਅਨੁਸਾਰ ਦੋਸ਼ੀ ਕਾਰ ਚਾਲਕ ਦਾ ਸੁਰਾਗ ਲਗਾ ਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਉਤੇ ਅੜੇ ਇਲਾਕਾ ਵਾਸੀਆਂ ਨੇ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਉੱਤੇ ਬੂੰਗਾ ਸਾਹਿਬ ਸੜਕ ਵਿਚਕਾਰ ਜਾਮ ਲਗਾਇਆ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਮੰਗ ਕੀਤੀ ਕਿ ਜਦੋਂ ਤੱਕ ਉਕਤ ਕਾਰ ਚਾਲਕ ਦਾ ਸੁਰਾਗ ਲਗਾ ਕੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕਾ ਸੁਣੀਤਾ ਦੇਵੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਧਰਨਾ ਜਿਉਂ ਦਾ ਤਿਉਂ ਬਰਕਰਾਰ ਸੀ ਅਤੇ ਮਾਰਗ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਪੁਲਿਸ ਪ੍ਰਸ਼ਾਸਨ ਵਲੋਂ ਐਸ.ਪੀ. ਡੀ. ਰੂਪਨਗਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਮੌਕੇ ਉਤੇ ਪਹੁੰਚੇ ਹੋਏ ਸਨ।