ਦਿੱਲੀ : ਦਵਾਰਕਾ ਦੇ ਰੈਡੀਸਨ ਬਲੂ ਹੋਟਲ ਵਿਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਨਵੀਂ ਦਿੱਲੀ, 13 ਜੁਲਾਈ - ਰਾਸ਼ਟਰੀ ਰਾਜਧਾਨੀ ਦਵਾਰਕਾ ਦੇ ਰੈਡੀਸਨ ਬਲੂ ਹੋਟਲ ਵਿਚ ਅੱਜ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਦੇ ਅਨੁਸਾਰ, ਹੋਟਲ ਦੀ ਦੂਜੀ ਮੰਜ਼ਿਲ 'ਤੇ ਸੌਨਾ ਰੂਮ ਵਿਚ ਅੱਗ ਦੇਖੀ ਗਈ, ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਨਿਊਜ ਏਜੰਸੀ ਦੇ ਅਨੁਸਾਰ, ਏਡੀਓ ਰਵੀ ਨਾਥ ਨੇ ਕਿਹਾ, "ਸਾਨੂੰ ਸਵੇਰੇ 12:17 ਵਜੇ ਦੇ ਕਰੀਬ ਇਕ ਫੋਨ ਆਇਆ ਕਿ ਰੈਡੀਸਨ ਬਲੂ ਹੋਟਲ ਵਿਚ ਅੱਗ ਲੱਗ ਗਈ ਹੈ। ਜਦੋਂ ਅਸੀਂ ਇੱਥੇ ਪਹੁੰਚੇ, ਤਾਂ ਅਸੀਂ ਦੇਖਿਆ ਕਿ ਅੱਗ ਦੂਜੀ ਮੰਜ਼ਿਲ 'ਤੇ ਸਥਿਤ ਇਕ ਕਮਰੇ ਵਿਚ ਸੀ। ਅੱਗ ਹੁਣ ਬੁਝਾ ਦਿੱਤੀ ਗਈ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ,"।
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਰਾਜਧਾਨੀ ਦਿੱਲੀ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ ਪੁਰਾਣੀ ਦਿੱਲੀ ਦੇ ਸਦਰ ਬਾਜ਼ਾਰ ਇਲਾਕੇ ਤੋਂ ਇਹ ਗੱਲ ਸਾਹਮਣੇ ਆਈ ਸੀ, ਜਿੱਥੇ ਸਦਰ ਬਾਜ਼ਾਰ ਮੇਨ ਮਾਰਕੀਟ ਵਿਚ ਇਕ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਅੱਗ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਲੱਗੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਹਾਦਸੇ ਵਿਚ ਹੋਏ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਿਆ ਹੈ।