JALANDHAR WEATHER

ਬੇਕਾਬੂ ਹੋ ਕੇ ਪਲਟੀ ਕਾਰ ’ਚ ਡੀ.ਐਸ.ਪੀ ਪਟਿਆਲਾ ਸਿਟੀ ਦੇ ਲੜਕੇ ਦੀ ਮੌਤ, ਦੋਸਤ ਗੰਭੀਰ ਜਖ਼ਮੀ

ਭਵਾਨੀਗੜ੍ਹ (ਸੰਗਰੂਰ), 13 ਜੁਲਾਈ (ਲਖਵਿੰਦਰ ਪਾਲ ਗਰਗ)- ਬੀਤੀ ਦੇਰ ਰਾਤ ਸਥਾਨਕ ਫੱਗੂਵਾਲਾ ਕੈਂਚੀਆਂ ਵਿਖੇ ਨੈਸ਼ਨਲ ਹਾਈਵੇ 'ਤੇ ਬਣੇ ਉੱਚੇ ਪੁੱਲ ’ਤੇ ਸੰਗਰੂਰ ਵਲ ਨੂੰ ਜਾ ਰਹੀ ਇਕ ਕਾਰ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ ਕਾਰ ’ਚ ਸਵਾਰ 2 ਨੌਜਵਾਨਾਂ ਵਿਚੋਂ ਇਕ ਦੀ ਮੌਤ ਹੋ ਜਾਣ ਤੇ ਦੂਜੇ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ।

ਇਸ ਘਟਨਾ ਸੰਬੰਧੀ ਸੜਕ ਸੁਰੱਖਿਆ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਫੱਗੂਵਾਲਾ ਕੈਂਚੀਆਂ ਦੇ ਪੁੱਲ ’ਤੇ ਇਕ ਕਾਰ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਹਾਦਸਾ ਹੋ ਗਿਆ ਹੈ ਤਾਂ ਜਦੋਂ ਉਹ ਆਪਣੀ ਸੜਕ ਸੁਰੱਖਿਆ ਪੁਲਿਸ ਦੀ ਟੀਮ ਨਾਲ ਮੌਕੇ 'ਤੇ ਪਹੁੰਚੇ ਤਾਂ ਇਥੇ ਇਕ ਕਾਰ ਪਲਟੀ ਹੋਈ ਸੀ, ਜਿਸ ’ਚ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ’ਚ ਮਿਲੇ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਰ ਵਿਚੋਂ ਬਾਹਰ ਕੱਢ ਕੇ, ਐਂਬੂਲੈਂਸ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਇਕ ਨੌਜਵਾਨ ਏਕਮਵੀਰ ਸਿੰਘ ਉਮਰ 22 ਸਾਲ ਪੁੱਤਰ ਸਤਨਾਮ ਸਿੰਘ ਡੀ.ਐਸ.ਪੀ ਪਟਿਆਲਾ ਸਿਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਕਾਰ ਹਾਦਸੇ ’ਚ ਗੰਭੀਰ ਜਖ਼ਮੀ ਹੋਏ ਦੂਜੇ ਨੌਜਵਾਨ ਹਰਜੋਤ ਸਿੰਘ ਉਮਰ 23 ਸਾਲ ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਅਫ਼ਸਰ ਕਾਲੋਨੀ ਪਟਿਆਲਾ ਨੂੰ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਲਈ ਰੈਫ਼ਰ ਕਰ ਦਿੱਤਾ ਗਿਆ।

ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਾਰ ਦੇ ਅਚਾਨਕ ਬੇਕਾਬੂ ਹੋਣ ਕਾਰਨ ਇਹ ਹਾਦਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਏਕਮਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਦੇ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ