ਮੌਤ ਤੋਂ 20 ਦਿਨਾਂ ਬਾਅਦ ਦੁਬਈ ਤੋਂ ਅੰਮਿ੍ਤਸਰ ਹਵਾਈ ਅੱਡਾ ਪਹੁੰਚੀ ਸਤਨਾਮ ਸਿੰਘ ਦੀ ਮ੍ਰਿਤਕ ਦੇਹ

ਰਾਜਾਸਾਂਸੀ (ਅੰਮ੍ਰਿਤਸਰ), 13 ਜੁਲਾਈ (ਹਰਦੀਪ ਸਿੰਘ ਖੀਵਾ) - ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਸਹਿਯੋਗ ਸਦਕਾ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਨਾਲ ਸੰਬੰਧਿਤ 51 ਸਾਲਾ ਵਿਅਕਤੀ ਸਤਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੀ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਸਤਨਾਮ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਲਗਭਗ ਪਿਛਲੇ 11 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਦੱਸਣ ਮੁਤਾਬਿਕ ਬੀਤੀ 22 ਜੂਨ ਨੂੰ ਕੰਮ ਦੌਰਾਨ ਸਤਨਾਮ ਸਿੰਘ ਪੌੜੀ ਤੋਂ ਹੇਠਾਂ ਡਿੱਗ ਪਿਆ ਅਤੇ ਕੁਝ ਸਮੇਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਮੰਦਭਾਗੀ ਘਟਨਾ ਉਪਰੰਤ ਪੀੜ੍ਹਤ ਪਰਿਵਾਰ ਨੇ ਟਰੱਸਟ ਦੇ ਸਿਹਤ ਸੇਵਾਵਾਂ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ ਰਾਹੀਂ ਸੰਪਰਕ ਕਰਕੇ ਸਤਨਾਮ ਦਾ ਮਿਤ੍ਰਕ ਸਰੀਰ ਭਾਰਤ ਭੇਜਣ ਲਈ ਕਿਹਾ ਸੀ, ਜਿਸ ਤੇ ਉਨ੍ਹਾਂ ਆਪਣੀ ਟੀਮ ਰਾਹੀਂ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ 'ਚ ਮਦਦ ਕਰ ਕੇ ਜਿੱਥੇ ਸਤਨਾਮ ਦਾ ਮਿਤ੍ਰਕ ਸਰੀਰ ਭਾਰਤ ਭੇਜਿਆ ਉੱਥੇ ਹੀ ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਦੇਹ ਪੀੜ੍ਹਤ ਪਰਿਵਾਰ ਦੀ ਹਾਜ਼ਰੀ 'ਚ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ ਵਲੋਂ ਪ੍ਰਾਪਤ ਕਰਕੇ ਟਰੱਸਟ ਦੀ ਹੀ 'ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਤੱਕ ਪੁੱਜਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਤਨਾਮ ਦੀ ਮ੍ਰਿਤਕ ਦੇਹ ਭੇਜਣ 'ਤੇ ਆਇਆ ਖ਼ਰਚ ਉਸ ਦੀ ਕੰਮ ਵਾਲੀ ਕੰਪਨੀ ਵਲੋਂ ਕੀਤਾ ਗਿਆ ਹੈ, ਜਦੋਂ ਕਿ ਟਰੱਸਟ ਵਲੋਂ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਅਨੁਸਾਰ ਸਤਨਾਮ ਦੀ ਪਤਨੀ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।
ਇਸ ਦੌਰਾਨ ਹਵਾਈ ਅੱਡੇ ਤੇ ਮੌਜ਼ੂਦ ਸਤਨਾਮ ਦੇ ਬਜ਼ੁਰਗ ਪਿਤਾ ਅਮਰਜੀਤ ਸਿੰਘ,ਪਤਨੀ ਰਾਜਦੀਪ ਕੌਰ, ਮਾਸੜ ਮਨਜੀਤ ਸਿੰਘ, ਭਾਣਜੇ ਸਿਮਰਜੀਤ ਸਿੰਘ ਤੇ ਭਾਣਜੀ ਸਪਿੰਦਰ ਕੌਰ ਆਦਿ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਔਖੀ ਘੜੀ ਵੇਲੇ ਵੱਡੀ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।