ਡੇਂਗੂ ਤੇ ਮਲੇਰੀਆ ਤੋਂ ਜਾਗਰੂਕ ਕਰਨ ਵਾਲੇ ਸਿਹਤ ਕਰਮਚਾਰੀ ਨੂੰ ਹੀ ਡੇਂਗੂ ਨੇ ਡੰਗਿਆ

ਜਗਰਾਉਂ , 14 ਜੁਲਾਈ ( ਕੁਲਦੀਪ ਸਿੰਘ ਲੋਹਟ )-ਮਲੇਰੀਆ ਅਤੇ ਡੇਂਗੂ ਆਦਿ ਬਿਮਾਰੀਆਂ ਤੋਂ ਬਚਣ ਲਈ ਪਿੰਡ-ਪਿੰਡ ਜਾ ਕੇ ਜਾਗਰੂਕਤਾ ਕੈਂਪ ਲਗਾਉਣ ਵਾਲੀ ਟੀਮ ਵਿਚੋਂ ਪਿੰਡ ਡੱਲਾ ਦਾ ਰਹਿਣ ਵਾਲਾ ਸੁਖਦੇਵ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ ਹੀ ਡੇਂਗੂ ਦਾ ਮਰੀਜ਼ ਨਿਕਲਿਆ। ਉਸ ਦੀ ਡੇਂਗੂ ਰਿਪੋਰਟ ਪਾਜੀਟਿਵ ਆਉਣ ’ਤੇ ਸਿਹਤ ਵਿਭਾਗ ਵਲੋਂ ਚੌਕਸੀ ਦਿਖਾਉਂਦੇ ਹੋਏ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਆਹਲੂਵਾਲੀਆ ਅਤੇ ਐਸ.ਐਮ. ਇੰਚਾਰਜ ਸੀ. ਐੱਚ. ਸੀ. ਡਾਕਟਰ ਵਰੁਨ ਸੱਗੜ ਹਠੂਰ ਦੀ ਅਗਵਾਈ ਵਿਚ ਪਿੰਡ ਡੱਲਾ ਵਿਖੇ ਲੁਧਿਆਣਾ ਤੋਂ ਐਪੀਡੀਮੋਲੋਜਿਸਟ ਡਾਕਟਰ ਸੀਤਲ ਨੌਰੰਗ ਆਪਣੀ ਪੂਰੀ ਟੀਮ ਸਮੇਤ ਪਿੰਡ ਡੱਲਾ ਵਿਖੇ ਪਹੁੰਚੇ।
ਸੀ. ਐੱਚ. ਸੀ. ਹਠੂਰ ਤੋਂ ਬੀ. ਈ. ਈ. ਕੁਲਜੀਤ ਸਿੰਘ, ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ ਚਚਰਾੜੀ, ਕੁਲਵਿੰਦਰ ਸਿੰਘ ਮਲਕ, ਗੁਰਬਖਸ਼ ਸਿੰਘ ਲੁਧਿਆਣਾ, ਹੈਲਥ ਇੰਸਪੈਕਟਰ ਪ੍ਰੇਮ ਸਿੰਘ, ਸਹਾਇਕ ਮਲੇਰੀਆ ਅਫ਼ਸਰ ਲੁਧਿਆਣਾ ਬਲਵਿੰਦਰਪਾਲ ਸਿੰਘ ਦੀ ਟੀਮ ਡੇਂਗੂ ਤੋਂ ਪੀੜਤ ਮਰੀਜ਼ ਦੇ ਘਰ ਪਹੁੰਚੀ ਅਤੇ ਸਮੁੱਚੀ ਟੀਮ ਵਲੋਂ ਆਸ-ਪਾਸ ਦੇ ਘਰਾਂ ਦਾ ਸਰਵੇ ਕੀਤਾ ਗਿਆ। ਨਾਲ ਹੀ ਸਰਵੇ ਕੀਤੇ ਘਰਾਂ ਨੂੰ ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣ, ਆਪਣੇ ਘਰਾਂ ਵਿਚ ਕੂਲਰਾਂ, ਫਰਿੱਜਾਂ, ਟਾਇਰਾਂ, ਗਮਲਿਆਂ ਤੇ ਟੁੱਟੇ ਡਰੰਮਾਂ ਆਦਿ ਨੂੰ ਹਫ਼ਤੇ ਵਿਚ ਇਕ ਦਿਨ ਸਾਫ਼ ਅਤੇ ਸੁੱਕਾ ਰੱਖਿਆ ਜਾਵੇ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਪੂਰਾ ਢਕਿਆ ਹੋਵੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦਾ ਪ੍ਰਯੋਗ ਕਰੋ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਤੇਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਪਿੰਡ ਦੇ ਸਰਪੰਚ ਗੋਪਾਲ ਸਿੰਘ ਪਾਲੀ ਨੇ ਕਿਹਾ ਕਿ ਉਹ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਕਰਨਗੇ ਤੇ ਪਿੰਡ ਜਲਦ ਡੇਂਗੂ ਮੁਕਤ ਹੋ ਜਾਵੇਗਾ।