ਅੰਮ੍ਰਿਤਸਰ 'ਚ ਭੀਖ ਮੰਗਣ ਵਾਲਿਆਂ ਖਿਲਾਫ ਸਰਕਾਰ ਦੀ ਸਖ਼ਤ ਕਾਰਵਾਈ

ਅੰਮ੍ਰਿਤਸਰ, 17 ਜੁਲਾਈ-ਇਥੇ ਭੀਖ ਮੰਗਣ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਹੁਣ ਸਖ਼ਤ ਰੁਖ ਅਖਤਿਆਰ ਕਰ ਰਹੀ ਹੈ। ਅੱਜ ਗੋਲਡਨ ਗੇਟ 'ਤੇ ਡੀ.ਸੀ. ਅੰਮ੍ਰਿਤਸਰ ਦੇ ਹੁਕਮਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਭੀਖ ਮੰਗਣ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਹਰਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕਈ ਔਰਤਾਂ ਦਿਨ ਦੀ ਸ਼ੁਰੂਆਤ 'ਚ ਛੋਟੇ ਬੱਚਿਆਂ ਨੂੰ ਆਟੋ ਰਾਹੀਂ ਲਿਆਂਦੀਆਂ ਹਨ ਅਤੇ ਉਨ੍ਹਾਂ ਰਾਹੀਂ ਭੀਖ ਮੰਗਵਾਈ ਜਾਂਦੀ ਸੀ। ਇਸ ਗੈਰ-ਕਾਨੂੰਨੀ ਕੰਮ ਨੂੰ ਰੋਕਣ ਲਈ ਉਨ੍ਹਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ। ਕਾਰਵਾਈ ਦੌਰਾਨ ਇਕ ਔਰਤ ਅਤੇ ਦੋ ਬੱਚਿਆਂ ਨੂੰ ਕਾਬੂ ਕੀਤਾ ਗਿਆ।
ਜ਼ਿਲ੍ਹਾ ਬਾਲ ਸਿੱਖਿਆ ਅਫਸਰ ਤਰਨਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਰੈਸਕਿਊ ਕਰਕੇ ਉਨ੍ਹਾਂ ਦੀ ਵੈਕਸੀਨੇਸ਼ਨ ਅਤੇ ਜਾਂਚ ਕੀਤੀ ਗਈ। ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ। ਇਸ ਕਾਰਵਾਈ ਹੇਠ ਕਈ ਭੀਖ ਮੰਗਣ ਵਾਲਿਆਂ ਦੇ ਡੀ.ਐਨ.ਏ. ਟੈਸਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ਕਾਰਡ ਦੇ ਆਧਾਰ 'ਤੇ ਉਨ੍ਹਾਂ ਦੀ ਪਛਾਣ ਕਰਕੇ ਜਿਥੋਂ ਦੇ ਰਹਿਣ ਵਾਲੇ ਹਨ, ਉਥੇ ਭੇਜਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।