JALANDHAR WEATHER

ਨਾਭਾ ਜੇਲ੍ਹ 'ਚ ਨਜ਼ਰਬੰਦ ਬਿਕਰਮ ਸਿੰਘ ਮਜੀਠੀਆ ਨਾਲ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕੀਤੀ ਮੁਲਾਕਾਤ

ਨਾਭਾ, 17 ਜੁਲਾਈ (ਜਗਨਾਰ ਸਿੰਘ ਦੁਲੱਦੀ)-ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਜੋ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਨਜ਼ਰਬੰਦ ਹਨ, ਨੂੰ ਫਿਰ ਤੋਂ ਮਿਲਣ ਲਈ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅੱਜ ਬਾਅਦ ਦੁਪਹਿਰ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿਚ ਪਹੁੰਚੇ। ਨਾਭਾ ਜੇਲ੍ਹ 'ਚ ਨਜ਼ਰਬੰਦ ਮਜੀਠੀਆ ਨਾਲ ਵਕੀਲ ਅਰਸ਼ਦੀਪ ਸਿੰਘ ਕਲੇਰ ਵਲੋਂ ਕਰੀਬ ਅੱਧਾ ਘੰਟਾ ਮੁਲਾਕਾਤ ਕੀਤੀ ਗਈ।

ਮਜੀਠੀਆ ਨਾਲ ਮੁਲਾਕਾਤ ਕਰਨ ਉਪਰੰਤ ਜੇਲ੍ਹ ਦੇ ਬਾਹਰ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿਚ ਪੰਜਾਬ ਪ੍ਰਿਜਨ ਨਿਯਮ ਨਹੀਂ ਚੱਲ ਰਹੇ ਤੇ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਮੁਤਾਬਕ ਨਿਯਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਵੀ ਇਕ ਘੰਟਾ ਅਸੀਂ ਮਿਲ ਸਕਦੇ ਸੀ ਪਰ ਜੇਲ੍ਹ ਪ੍ਰਸ਼ਾਸਨ ਵਲੋਂ ਅੱਧੇ ਘੰਟੇ ਵਿਚ ਚਾਰ ਗੇੜੇ ਸਾਡੇ ਵਿਚਕਾਰ ਲਗਾਏ ਗਏ। ਉਨ੍ਹਾਂ ਕਿਹਾ ਕਿ ਵਾਰ-ਵਾਰ ਜੇਲ੍ਹ ਸੁਪਰਡੈਂਟ ਮੈਨੂੰ ਕਹਿੰਦੇ ਰਹੇ ਕਿ ਤੁਸੀਂ ਹੁਣ ਜਾਓ ਤੁਹਾਡਾ ਸਮਾਂ ਹੋ ਗਿਆ ਹੈ।

ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੋ ਸਰਕਾਰ ਦੇ ਵਿਧਾਇਕ ਜਾਂ ਮੰਤਰੀ ਹਨ, ਉਨ੍ਹਾਂ ਵਾਸਤੇ ਵੱਖਰੇ ਨਿਯਮ ਹਨ ਕਿਉਂਕਿ ਵਿਧਾਇਕ ਗੱਜਣ ਮਾਜਰਾ ਵਰਗੇ ਤਾਂ ਜੇਲ੍ਹ ਵਿਚ ਰਹੇ ਹੀ ਨਹੀਂ, ਉਹ ਤਾਂ ਹਸਪਤਾਲ ਵਿਚ ਰਹੇ ਹਨ ਅਤੇ ਉਥੋਂ ਹੀ ਜ਼ਮਾਨਤਾਂ ਕਰਵਾ ਕੇ ਉਹ ਚਲਦੇ ਬਣੇ। ਵਕੀਲ ਕਲੇਰ ਨੇ ਜੇਲ੍ਹ ਪ੍ਰਸ਼ਾਸਨ ਉਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੋਲ ਇਹੋ ਜਿਹਾ ਕਿਹੜਾ ਨਿਯਮ ਹੈ ਜੋ ਵਕੀਲ ਨੂੰ ਮਿਲਣ ਤੋਂ ਰੋਕ ਸਕੇ। ਉਨ੍ਹਾਂ ਵਲੋਂ ਮਾਣਯੋਗ ਅਦਾਲਤ ਤੋਂ ਮੰਗ ਕੀਤੀ ਗਈ ਕਿ ਜੋ ਜੇਲ੍ਹਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਉਸ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਜੇਲ੍ਹ ਨਿਯਮਾਂ ਦਾ ਅਸਲ ਸੱਚ ਪਤਾ ਲੱਗ ਸਕੇ ਅਤੇ ਅਸੀਂ ਇਸ ਸਬੰਧੀ ਅਦਾਲਤ ਵਿਚ ਇਹ ਸਵਾਲ ਵੀ ਉਠਾਵਾਂਗੇ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਵਿਚ ਹਨ। ਵਕੀਲ ਕਲੇਰ ਨੇ ਕਿਹਾ ਕਿ 22 ਜੁਲਾਈ ਨੂੰ ਮਾਣਯੋਗ ਕੋਰਟ ਵਿਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਸਬੰਧੀ ਬਹਿਸ ਹੋਣੀ ਹੈ, ਉਸ ਦਿਨ ਫੈਸਲਾ ਵੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਔਰੇਂਜ ਕੈਟਾਗਰੀ ਵਿਚ ਰੱਖਣਾ ਸੀ ਜੋ ਕਿ ਨਹੀਂ ਰੱਖਿਆ ਜਾ ਰਿਹਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ