ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਕੇਸ ਦਾ ਫ਼ੈਸਲਾ ਪਿੰਡ ਦੇ ਹੱਕ 'ਚ ਹੋਇਆ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਬਹੁਚਰਚਿਤ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਾਲੇ ਕੇਸ 'ਚ ਅੱਜ ਅਦਾਲਤ ਵਲੋਂ ਪਿੰਡ ਦੇ ਹੱਕ 'ਚ ਫ਼ੈਸਲਾ ਸੁਣਾਇਆ ਗਿਆ। ਇਥੇ ਜ਼ਿਕਰਯੋਗ ਹੈ ਕਿ ਸਾਲ 2018 ਤੋਂ ਪਿੰਡ ਸੂਸਾਂ ਦੇ ਵਾਸੀ ਨਰਿੰਦਰ ਪਾਲ, ਅਰਵਿੰਦਰ ਸਿੰਘ ਇੰਦੀ ਵਲੋਂ ਅਦਾਲਤ 'ਚ ਦਮਦਮੀ ਟਕਸਾਲ (ਭਿੰਡਰਾਂਵਾਲੇ) ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਡੇਰਾ ਖਾਲੀ ਕਰਵਾਉਣ ਲਈ ਕੇਸ ਕੀਤਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਇਹ ਕੇਸ ਸੁਪਰੀਮ ਕੋਰਟ ਨੇ ਵਾਪਸ ਲੋਅਰ ਕੋਰਟ ਹੁਸ਼ਿਆਰਪੁਰ ਨੂੰ ਭੇਜ ਦਿੱਤਾ ਸੀ ਅਤੇ ਇਸ ਕੇਸ ਦਾ ਫ਼ੈਸਲਾ ਕਰਨ ਲਈ 6 ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਅੱਜ ਮਹਿਕ ਸੱਭਰਵਾਲ ਏ.ਸੀ.ਜੇ. (ਸੀਨੀ: ਡਵੀਜ਼ਨ) ਦੀ ਅਦਾਲਤ ਨੇ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਕਬਜ਼ੇ ਸਬੰਧੀ ਪਿੰਡ ਵਾਸੀਆਂ ਦੇ ਹੱਕ 'ਚ ਫ਼ੈਸਲਾ ਸੁਣਾਇਆ। ਉਕਤ ਫ਼ੈਸਲੇ ਨੂੰ ਲੈ ਕੇ ਪਿਛਲੇ ਕਰੀਬ 3 ਦਿਨਾਂ ਤੋਂ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਿਖੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।