JALANDHAR WEATHER

ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇ ਨਜ਼ਰ ਫਰੀਦਾਬਾਦ ਤੋਂ ਸਾਫ਼ਟਵੇਅਰ ਇੰਜੀਨੀਅਰ ਕਾਬੂ

ਅੰਮ੍ਰਿਤਸਰ, 18 ਜੁਲਾਈ (ਰੇਸ਼ਮ ਸਿੰਘ)- ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਉਪਰੰਤ ਪੁਲਿਸ ਵਲੋਂ ਫਰੀਦਾਬਾਦ ਦੇ ਇਕ ਸਾਫ਼ਟਵੇਅਰ ਇੰਜੀਨੀਅਰ ਨੂੰ ਕਾਬੂ ਕੀਤਾ ਹੈ, ਜਿਸ ਦੀ ਸ਼ਨਾਖਤ ਸ਼ੁਭਮ ਦੁਬੇ ਵਜੋਂ ਹੋਈ ਹੈ ਤੇ ਉਸ ਦੀ ਉਮਰ 24 ਸਾਲ ਹੈ। ਇਹ ਜਾਣਕਾਰੀ ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਈ.ਮੇਲ ਸਿਰਫ਼ ਹਰਿਮੰਦਰ ਸਾਹਿਬ ਨੂੰ ਹੀ ਨਹੀਂ ਸਗੋਂ ਦਿੱਲੀ ਦੇ ਸਕੂਲਾਂ, ਅਦਾਲਤਾਂ, ਮੁੱਖ ਮੰਤਰੀ, ਸੰਸਦ ਮੈਂਬਰਾਂ ਅਤੇ ਤਾਮਿਲਨਾਡੂ ਦੇ ਕਈ ਅਦਾਰਿਆਂ ਨੂੰ ਵੀ ਭੇਜੀਆਂ ਗਈਆਂ ਹਨ।

ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਜਾਂਚ ਵਿਚ ਸ਼ੱਕ ਹੈ ਕਿ ਦੋਸ਼ੀਆਂ ਨੇ ਤਾਮਿਲਨਾਡੂ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਹਰਿਮੰਦਰ ਸਾਹਿਬ ਦੇ ਨਾਮ ਦੀ ਵਰਤੋਂ ਕੀਤੀ ਹੈ। ਤਾਮਿਲਨਾਡੂ ਦੇ ਕਈ ਅਧਿਕਾਰੀ ਪੰਜਾਬ ਪੁਲਿਸ ਦੇ ਸੰਪਰਕ ਵਿਚ ਵੀ ਹਨ। ਉਨ੍ਹਾਂ ਕਿਹਾ ਕਿ ਈ.ਮੇਲ ਵਿਚ ਡੀ.ਐਮ.ਕੇ. ਅਤੇ ਦੱਖਣੀ ਰਾਜਾਂ ਦੇ ਲੋਕਾਂ ਦੇ ਨਾਮ ਵਰਤੇ ਗਏ ਹਨ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਹਿਰਾਸਤ ਵਿਚ ਲਿਆ ਗਿਆ ਸ਼ੁਭਮ ਦੂਬੇ ਖੁਦ ਇਕ 24 ਸਾਲਾ ਸਾਫਟਵੇਅਰ ਇੰਜੀਨੀਅਰ ਹੈ, ਜੋ ਕਿ ਦੋ ਕੰਪਨੀਆਂ ਵਿਚ ਕੰਮ ਕਰਨ ਤੋਂ ਬਾਅਦ ਹੁਣ ਬੇਰੁਜ਼ਗਾਰ ਹੈ। ਜੇਕਰ ਪੁੱਛਗਿੱਛ ਦੌਰਾਨ ਉਸ ਦੀ ਸ਼ਮੂਲੀਅਤ ਪਾਈ ਜਾਂਦੀ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦੇ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

ਦੱਸ ਦੇਈਏ ਕਿ ਐਸ.ਜੀ.ਪੀ.ਸੀ. ਨੂੰ 14 ਜੁਲਾਈ ਤੋਂ ਹੁਣ ਤੱਕ ਪੰਜ ਧਮਕੀ ਭਰੇ ਈਮੇਲ ਮਿਲੇ ਹਨ। ਇਨ੍ਹਾਂ ਮੇਲ ਵਿਚ, ਆਰ.ਡੀ.ਐਕਸ. ਨਾਲ ਹਰਿਮੰਦਰ ਸਾਹਿਬ ਨੂੰ ਉਡਾਉਣ ਦਾ ਜ਼ਿਕਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ