ਅੱਜ ਅਹੁਦੇ ਦੀ ਸਹੁੰ ਚੁੱਕਣਗੇ ਹਰਿਆਣਾ ਦੇ ਨਵੇਂ ਰਾਜਪਾਲ ਅਸੀਮ ਘੋਸ਼

ਚੰਡੀਗੜ੍ਹ, 21 ਜੁਲਾਈ- ਹਰਿਆਣਾ ਦੇ ਨਾਮਜ਼ਦ ਰਾਜਪਾਲ ਅਸੀਮ ਘੋਸ਼ (81) ਅੱਜ ਰਾਜ ਭਵਨ ਵਿਖੇ ਆਯੋਜਿਤ ਇਕ ਸਮਾਰੋਹ ਵਿਚ ਅਹੁਦੇ ਦੀ ਸਹੁੰ ਚੁੱਕਣਗੇ। ਉਹ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਬਿਆਨ ਦੇ ਅਨੁਸਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸ਼ੀਲ ਨਾਗੂ ਨਵੇਂ ਰਾਜਪਾਲ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਹ ਨਿਯੁਕਤੀ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।
ਨਿਯੁਕਤੀ ਤੋਂ ਬਾਅਦ, ਅਸੀਮ ਘੋਸ਼ ਨੇ ਕਿਹਾ ਸੀ ਕਿ ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਅਤੇ ਮੈਂ ਪੂਰੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਹਰਿਆਣਾ ਦੇ ਲੋਕਾਂ ਦੀ ਸੇਵਾ ਲਈ ਪੂਰੀ ਲਗਨ ਨਾਲ ਕੰਮ ਕਰਾਂਗਾ।
ਲਗਭਗ ਦੋ ਦਹਾਕਿਆਂ ਤੱਕ ਸਰਗਰਮ ਰਾਜਨੀਤੀ ਤੋਂ ਦੂਰ ਰਹਿਣ ਤੋਂ ਬਾਅਦ, ਪੱਛਮੀ ਬੰਗਾਲ ਦੇ ਤਜ਼ਰਬੇਕਾਰ ਭਾਜਪਾ ਨੇਤਾ ਅਸੀਮ ਘੋਸ਼ ਨੂੰ ਹਾਲ ਹੀ ਵਿਚ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਹਰਿਆਣਾ ਦੇ ਨਵੇਂ ਰਾਜਪਾਲ ਅਸੀਮ ਘੋਸ਼ ਸ਼ਨੀਵਾਰ ਨੂੰ ਚੰਡੀਗੜ੍ਹ ਰਾਜ ਭਵਨ ਪਹੁੰਚੇ। ਮੁੱਖ ਮੰਤਰੀ ਨਾਇਬ ਸੈਣੀ, ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਉਨ੍ਹਾਂ ਦਾ ਚੰਡੀਗੜ੍ਹ ਪਹੁੰਚਣ ’ਤੇ ਸਵਾਗਤ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮਹਾਨ ਲੋਕਾਂ ਲਈ ਕੰਮ ਕਰਨਾ ਮੇਰੀ ਪਹਿਲੀ ਤਰਜੀਹ ਹੋਵੇਗੀ। ਮੈਂ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਾਂਗਾ, ਤਾਂ ਜੋ ਆਮ ਲੋਕਾਂ ਨੂੰ ਲਾਭ ਮਿਲ ਸਕੇ। ਵਿਰੋਧੀ ਧਿਰ ਦੇ ਸੁਝਾਵਾਂ ਨੂੰ ਸੁਣਨਾ ਵੀ ਮੇਰੀ ਜ਼ਿੰਮੇਵਾਰੀ ਹੈ।