ਡਰੇਨ ਵਿਚੋਂ ਅਣ-ਪਛਾਤੀ ਔਰਤ ਦੀ ਮਿਲੀ ਲਾਸ਼

ਮਮਦੋਟ, (ਫਿਰੋਜ਼ਪੁਰ), 21 ਜੁਲਾਈ (ਸੁਖਦੇਵ ਸਿੰਘ ਸੰਗਮ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਨੇੜਿਓਂ ਲੰਘਦੀ ਫਿੱਡਾ ਡਰੇਨ ਵਿਚੋਂ ਅੱਜ ਸਵੇਰੇ ਇਕ ਅਣ-ਪਛਾਤੀ ਔਰਤ ਦੀ ਲਾਸ਼ ਮਿਲਣ ਦੀ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਛੇ ਵਜੇ ਖੇਤਾਂ ਨੂੰ ਗੇੜਾ ਮਾਰਨ ਗਏ ਕਿਸਾਨਾਂ ਨੇ ਉਕਤ ਡਰੇਨ ਵਿਚ ਕਿਨਾਰੇ ਦੇ ਨਾਲ ਪਾਣੀ ਅਤੇ ਚਿੱਕੜ ਵਿਚ ਫਸੀ ਇਕ ਲਾਸ਼ ਵੇਖੀ, ਇਹ ਖ਼ਬਰ ਜਿਵੇਂ ਹੀ ਪਿੰਡ ਪੁੱਜੀ, ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ, ਜਿਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੇ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਮਿਲ ਕੇ ਲਾਸ਼ ਨੂੰ ਡਰੇਨ ’ਚੋਂ ਬਾਹਰ ਕੱਢਿਆ।
ਲੋਕਾਂ ਨੇ ਖਦਸ਼ਾ ਜਤਾਇਆ ਕਿ ਕਿਸੇ ਗੈਰ ਸਮਾਜੀ ਲੋਕਾਂ ਵਲੋਂ ਇਸ ਔਰਤ ਦਾ ਕਤਲ ਕਰਕੇ ਲਾਸ਼ ਨੂੰ ਡਰੇਨ ਵਿਚ ਸੁੱਟਿਆ ਗਿਆ ਜਾਪਦਾ ਹੈ, ਕਿਉਂਕਿ ਉਕਤ ਔਰਤ ਦੇ ਗਲੇ ’ਤੇ ਕੱਟ ਦਾ ਨਿਸ਼ਾਨ ਹੈ। ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਲੋਕਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਹੋ ਸਕਦਾ ਹੈ ਕਿ ਉਕਤ ਔਰਤ ਇਸ ਇਲਾਕੇ ਦੀ ਹੀ ਹੋਵੇ ਤੇ ਜਾਂ ਫਿਰ ਇਸ ਨੂੰ ਮਾਰ ਕੇ ਇਸ ਥਾਂ ’ਤੇ ਹੀ ਡਰੇਨ ਵਿਚ ਸੁੱਟਿਆ ਗਿਆ ਹੋਵੇ ਕਿਉਂਕਿ ਡਰੇਨ ਦੀਆਂ ਲਗਭਗ ਸਾਰੀਆਂ ਪੁਲਾਂ ਕਲਾਲ ਬੂਟੀ ਨਾਲ ਭਰੀਆਂ ਪਈਆਂ ਹਨ ਤੇ ਅਜਿਹੇ ਵਿਚ ਲਾਸ਼ ਦਾ ਪਿੱਛੋਂ ਰੁੜ ਕੇ ਆਉਣਾ ਨਾ-ਮੁਮਕਿਨ ਲੱਗਦਾ ਹੈ।